April 30, 2026 12:17 am

ਕਰਜ਼ੇ ’ਚ ਡੁੱਬੇ ਇੱਕ ਹੋਰ ਕਿਸਾਨ ਨੇ ਕੀਤੀ ਆਤਮਹੱਤਿਆ

ਬਠਿੰਡਾ, 18 ਮਈ (ਇੰਦਰਜੀਤ ਨਥਾਣਾ)- ਪੰਜਾਬ ਅੰਦਰ ਕਿਰਸਾਨੀ ਧੰਦੇ ਨਾਲ ਜੁੜੇ ਕਿਸਾਨਾਂ ਦੀ ਕਰਜ਼ ਦੇ ਬੋਝ ਥੱਲੇ ਦੱਬ ਕੇ ਆਤਮਹੱਤਿਆ ਕਰਨ ਦਾ ਸਿਲਸਿਲਾ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ ਹੈ। ਇਸੇ ਤਹਿਤ ਥਾਣਾ ਨੇਹੀਆਂ ਵਾਲਾ ਜ਼ਿਲ੍ਹਾ ਬਠਿੰਡਾ ਅਧੀਨ ਪੈਂਦੇ ਪਿੰਡ ਜੰਡਵਾਲਾ ਦੇ ਇੱਕ ਕਿਸਾਨ ਨੇ ਜ਼ਹਿਰੀਲੀ ਵਸਤੂ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਏ ਐਸ ਆਈ ਜਸਕਰਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁਖਪ੍ਰੀਤ ਸਿੰਘ ਉਰਫ ਰਿੰਕੀ (ਉਮਰ 38 ਸਾਲ) ਪੁੱਤਰ ਕਾਕਾ ਸਿੰਘ ਵਾਸੀ ਜੰਡਵਾਲਾ ਜੋ ਕਿ 15 ਮਈ ਤੋਂ ਲਾਪਤਾ ਸੀ ਜਿਸ ਦੀ ਲਾਸ਼ ਰੋਮਾਣਾ ਪੈਲਿਸ ਗੋਨਿਆਣਾ ਦੇ ਪਿਛਲੇ ਪਾਸੇ ਨਾਲੇ ਕੋਲੋਂ ਬਰਾਮਦ ਹੋਈ ਹੈ। ਲਾਸ਼ ਦੀ ਹਾਲਤ ਦੇਖ ਕੇ ਅਤੇ ਕੋਲ ਮਿਲੀਆਂ ਸਲਫ਼ਾਸ ਦੀਆਂ ਗੋਲੀਆਂ ਤੋਂ ਪਤਾ ਲੱਗਦਾ ਹੈ ਕਿ ਮ੍ਰਿਤਕ ਦੀ ਮੌਤ ਸਲਫ਼ਾਸ ਦੀਆਂ ਗੋਲੀਆਂ ਖਾਣ ਨਾਲ ਹੋਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਮ੍ਰਿਤਕ ਕੋਲ ਕੋਈ ਚਾਰ ਕੁ ਕਿੱਲੇ ਜ਼ਮੀਨ ਸੀ

ਤੇ ਉਸ ਦੇ ਸਿਰ ਕਾਫ਼ੀ ਕਰਜ਼ਾ ਵੀ ਸੀ। ਕਰਜ਼ਾ ਨਾ ਚੁਕਾਉਣ ਦੀ ਸੂਰਤ ਵਿੱਚ ਉਹ ਕਾਫ਼ੀ ਪ੍ਰੇਸ਼ਾਨ ਰਹਿਣ ਲੱਗ ਪਿਆ ਸੀ। ਜਿਸ ਕਰਕੇ ਉਸ ਨੇ ਇਹ ਕਦਮ ਚੁੱਕ ਲਿਆ ਹੈ। ਮ੍ਰਿਤਕ ਆਪਣੇ ਪਿਛੇ ਆਪਣੀ ਪਤਨੀ, ਇੱਕ ਲੜਕਾ (18 ਸਾਲ) ਤੇ ਇੱਕ ਲੜਕੀ (16 ਸਾਲ) ਨੂੰ ਛੱਡ ਗਿਆ ਹੈ। ਪੁਲਿਸ ਨੇ ਲਾਸ਼ ਦਾ ਪੋਸਟਮਾਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ। ਸਾਰਾ ਇਲਾਕਾ ਇਸ ਘਟਨਾ ਨੂੰ ਲੈ ਕੇ ਸੋਗ ਵਿੱਚ ਹੈ।

Send this to a friend