ਚੰਡੀਗੜ੍ਹ, 14 ਮਈ (ਪੀ. ਟੀ.)- ਸਵੱਛ ਭਾਰਤ ਮਿਸ਼ਨ ਨੂੰ ਹੇਠਲੇ ਪੱਧਰ ’ਤੇ ਸਫਲਤਾਪੂਰਵਕ ਲਾਗੂ ਕਰਨ ਅਤੇ ਲੋਕਾਂ ਨੂੰ ਜਾਗਰੂਕ ਕਰਨ ਦੇ ਉਦੇਸ਼ ਤਹਿਤ ਸਟੇਟ ਅੰਬੈਸਡਰ ਬਣਾਉਣ ਲਈ ਪੰਜਾਬ ਸਰਕਾਰ ਨੇ ਕੇਂਦਰ ਨੂੰ 9 ਪ੍ਰਸਿੱਧ ਹਸਤੀਆਂ ਦੇ ਨਾਂ ਭੇਜੇ ਹਨ। ਇਹ ਜਾਣਕਾਰੀ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਦਿੱਤੀ।ਸ੍ਰੀ ਜੋਸ਼ੀ ਨੇ ਦੱਸਿਆ ਕਿ ਭਾਰਤ ਸਰਕਾਰ ਨੇ ਪੰਜਾਬ ਦੇ ਸਟੇਟ ਅੰਬੈਸਡਰ ਲਗਾਉਣ ਲਈ 9 ਪ੍ਰਸਿੱਧ ਹਸਤੀਆਂ ਦੇ ਨਾਂ ਮੰਗੇ ਸਨ ਜਿਸ ਤਹਿਤ ਵਿਭਾਗ ਨੇ ਸਮਾਜ ਸੇਵਾ, ਖੇਡਾਂ, ਕਲਾ ਖੇਤਰ ਦੀਆਂ 9 ਪ੍ਰਸਿੱਧ ਹਸਤੀਆਂ ਦੇ ਨਾਂ ਕੇਂਦਰੀ ਸ਼ਹਿਰੀ ਤੇ ਵਿਕਾਸ ਮੰਤਰਾਲੇ ਨੂੰ ਭੇਜੇ ਹਨ। ਉਨ੍ਹਾਂ ਪ੍ਰਸਿੱਧ ਹਸਤੀਆਂ ਦੇ ਨਾਵਾਂ ਦਾ ਖੁਲਾਸਾ ਕਰਦਿਆਂ ਦੱਸਿਆ ਕਿ ਉਡਣਾ ਸਿੱਖ ਵਜੋਂ ਜਾਣੇ ਜਾਂਦੇ ਦੇਸ਼ ਦੇ ਮਹਾਨ ਅਥਲੀਟ ਮਿਲਖਾ ਸਿੰਘ, ਪ੍ਰਸਿੱਧ ਕ੍ਰਿਕਟਰ ਨਵਜੋਤ ਸਿੰਘ ਸਿੱਧੂ, ਹਰਭਜਨ ਸਿੰਘ ਤੇ ਯੁਵਰਾਜ ਸਿੰਘ, ਵਾਤਾਵਰਣ ਪ੍ਰੇਮੀ ਬਾਬਾ
ਬਲਬੀਰ ਸਿੰਘ ਸੀਚੇਵਾਲ, ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੰਸਥਾ ਦੀ ਪ੍ਰਧਾਨ ਬੀਬੀ ਇੰਦਰਜੀਤ ਕੌਰ, ਹਾਕੀ ਓਲੰਪੀਅਨ ਪਰਗਟ ਸਿੰਘ, ਪ੍ਰਸਿੱਧ ਗਾਇਕ ਤੇ ਅਦਾਕਾਰ ਗੁਰਦਾਸ ਮਾਨ ਅਤੇ ਮਸ਼ਹੂਰ ਟੀ.ਵੀ.ਆਰਟਿਸਟ ਅਤੇ ਕਾਮੇਡੀਅਨ ਕਪਿਲ ਸ਼ਰਮਾ ਦੀ ਚੋਣ ਕੀਤੀ ਗਈ ਹੈ। ਸ੍ਰੀ ਜੋਸ਼ੀ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਸੁਪਨਮਈ ਪ੍ਰਾਜੈਕਟ ‘ਸਵੱਛ ਭਾਰਤ ਮਿਸ਼ਨ’ ਦਾ ਮਕਸਦ ਦੇਸ਼ ਨੂੰ ਸਾਫ ਸੁਥਰਾ ਬਣਾਉਣਾ ਹੈ ਜਿਸ ਤਹਿਤ ਲੋਕਾਂ ਦੇ ਨਾਇਕਾਂ ਨੂੰ ਅੰਬੈਸਡਰ ਬਣਾ ਕੇ ਇਸ ਮੁਹਿੰਮ ਦਾ ਪ੍ਰਚਾਰ ਕੀਤਾ ਜਾਵੇਗਾ। ਇਸ ਮਕਸਦ ਲਈ ਭਾਰਤ ਸਰਕਾਰ ਨੇ ਪੰਜਾਬ ਤੋਂ 9 ਪ੍ਰਸਿੱਧ ਹਸਤੀਆਂ ਦੇ ਨਾਂ ਮੰਗੇ ਸਨ ਅਤੇ ਵਿਭਾਗ ਨੇ ਇਨ੍ਹਾਂ ਦੀ ਚੋਣ ਕਰ ਕੇ ਭਾਰਤ ਸਰਕਾਰ ਨੂੰ ਨਾਂ ਭੇਜ ਦਿੱਤੇ ਹਨ।