April 28, 2026 7:15 pm

ਇਰਾਕ ’ਚ ਬੰਦੀ ਬਣਾਏ 39 ਭਾਰਤੀਆਂ ਨੂੰ ਆਈਐਸ ਨੇ ਗੋਲੀਆਂ ਮਾਰ ਕੇ ਕੀਤਾ ਕਤਲ

ਸੁਸ਼ਮਾ ਸਵਰਾਜ ਤੇ ਮੋਦੀ ਸਰਕਾਰ ਕਰ ਰਹੇ ਹਨ ਦੇਸ਼ ਨੂੰ ਗੁੰਮਰਾਹ : ਭਗਵੰਤ ਮਾਨ
ਚੰਡੀਗੜ੍ਹ, 14 ਮਈ (ਪੀ. ਟੀ. ਲਾਇਵ)- ਪਿਛਲੇ ਸਾਲ ਇਰਾਕ ’ਚ ਬੰਦੀ ਬਣਾਏ 39 ਭਾਰਤੀਆਂ ’ਚੋਂ ਕੋਈ ਵੀ ਜ਼ਿੰਦਾ ਨਹੀਂ ਬਚਿਆ ਹੈ ਤੇ ਸਭ ਨੂੰ ਆਈਐਸਆਈਐਸ ਅੱਤਵਾਦੀਆਂ ਨੇ ਗੋਲੀਆਂ ਮਾਰ ਕੇ ਠੀਕ ਉਸੇ ਤਰ੍ਹਾਂ ਕਤਲ ਕਰ ਦਿਤਾ  ਹੈ, ਜਿਸ ਤਰ੍ਹਾਂ ਉਨ੍ਹਾਂ ਵੱਲੋਂ ਇਰਾਕੀ ਫੌਜੀਆਂ, ਪੁਲਸ ਮੁਲਾਜ਼ਮਾਂ ਤੇ ਹੋਰਨਾਂ ਨੂੰ ਕਤਲ ਕੀਤਾ ਜਾਂਦਾ ਹੈ।ਇਹ ਦਾਅਵਾ ਖੁਦ ਇਸ ਦਰਦਨਾਕ ਘਟਨਾ ’ਚੋਂ ਖੁਸ਼ਕਿਸਮਤੀ ਨਾਲ ਬਚਕੇ ਆਏ ਕਾਲਾ ਅਫਗਾਨਾ ਪਿੰਡ ਦੇ ਨੌਜਵਾਨ ਹਰਜੀਤ ਮਸੀਹ ਨੇ ਕੀਤਾ ਹੈ, ਜਿਸ ਨੂੰ ਆਮ ਆਦਮੀ ਪਾਰਟੀ ਦੇ ਐਮ ਪੀ ਭਗਵੰਤ ਮਾਨ ਵੱਲੋਂ ਆਪਣੀ ਮੋਹਾਲੀ ਵਿਚਲੀ ਰਿਹਾਇਸ਼ ਵਿਖੇ ਮੀਡੀਆ ਸਾਹਮਣੇ ਪੇਸ਼ ਕੀਤਾ ਗਿਆ।

ਹਰਜੀਤ ਨੇ ਦੱਸਿਆ ਕਿ ਆਈ ਐਸ ਆਈ ਐਸ ਅੱਤਵਾਦੀਆਂ ਨੇ ਉਨ੍ਹਾਂ ਨੂੰ 11 ਜੂਨ ਨੂੰ ਅਗਵਾ ਕਰਨ ਤੋਂ ਬਾਅਦ 15 ਜੂਨ ਨੂੰ ਹੀ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ। ਹਰਜੀਤ ਨੇ ਘਟਨਾ ਬਾਰੇ ਵਿਸਥਾਰ ’ਚ ਦੱਸਦਿਆਂ ਦੱਸਿਆ ਕਿ ਉਸ ਸਮੇਤ 40 ਭਾਰਤੀਆਂ (ਜਿਨ੍ਹਾਂ ’ਚ ਲਗਭਗ 31 ਪੰਜਾਬੀ ਸਨ) ਅਤੇ 50 ਬੰਗਲਾਦੇਸ਼ੀਆਂ ਨੂੰ 11 ਜੂਨ ਨੂੰ ਆਈ ਐਸ ਆਈ ਐਸ ਅੱਤਵਾਦੀ ਆਪਣੇ ਨਾਲ ਲੈ ਗਏ ਤੇ ਫੇਰ ਅੱਤਵਾਦੀਆਂ ਨੇ ਬੰਗਲਾਦੇਸ਼ੀਆਂ ਤੇ ਭਾਰਤੀਆਂ ਨੂੰ ਵੱਖ-ਵੱਖ ਹੋਣ ਲਈ ਕਿਹਾ। ਇਸ ਉਪਰੰਤ ਉਹ 40 ਭਾਰਤੀਆਂ ਨੂੰ ਇਕ ਬੰਦ ਗੱਡੀ ’ਚ ਇਕ ਪਹਾੜੀ ’ਤੇ ਲੈ ਗਏ। ਇਸ ਉਪਰੰਤ ਉਨ੍ਹਾਂ ਨੇ ਸਾਨੂੰ ਬਿਠਾ ਲਿਆ ਤੇ ਪਿਛਿਓਂ ਗੋਲੀਆਂ ਮਾਰਨੀਆਂ ਸ਼ੁਰੂ ਕਰ ਦਿਤੀਆਂ ਅਤੇ 2-3 ਮਿੰਟ ਤੱਕ ਗੋਲੀਆਂ ਚਲਾਉਂਦੇ ਰਹੇ।ਹਰਜੀਤ ਮਸੀਹ ਨੇ ਦਾਅਵਾ ਕੀਤਾ ਕਿ ਖੁਸ਼ਕਿਸਮਤੀ ਨਾਲ ਇਸ ਗੋਲੀਬਾਰੀ ’ਚ ਉਹ ਬਚ ਗਿਆ ਕਿਉਂਕਿ ਗੋਲੀ ਉਸ ਦੀ ਲੱਤ ’ਤੇ ਲੱਗੀ ਤੇ ਉਹ ਉਸੇ ਤਰ੍ਹਾਂ ਅੱਗੇ ਡਿਗ ਪਿਆ ਤੇ ਮੁੜਕੇ ਨਾ ਉਠਿਆ।ਇਸ ਉਪਰੰਤ ਤਕਰੀਬਨ 15 ਮਿੰਟ ਬਾਅਦ ਅੱਤਵਾਦੀਆਂ ਦੇ ਉਥੋਂ ਚਲੇ ਜਾਣ ਬਾਅਦ ਉਸ ਨੇ ਦੇਖਿਆ ਕਿ ਉਸ ਦੇ ਸਾਰੇ ਦੋਸਤ ਉਥੇ ਮਰੇ ਪਏ ਸਨ।ਉਸ ਨੇ ਉਨ੍ਹਾਂ ਨੂੰ ਆਵਾਜ਼ ਵੀ ਲਗਾਈ ਪਰ ਇਨ੍ਹਾਂ 39 ਭਾਰਤੀਆਂ ’ਚੋਂ ਕੋਈ ਨਾ ਉਠਿਆ ਤਾਂ ਉਹ ਉਥੋਂ ਤੁਰ ਪਿਆ।
ਇਸ ਬਾਅਦ ਮਸੀਹ ਕਾਫੀ ਤੁਰ ਕੇ ਸੜਕ ’ਤੇ ਪੁੱਜਾ ਜਿਥੋਂ ਉਸ ਨੇ ਇਕ ਟੈਕਸੀ ’ਚ ਲਿਫਟ ਲਈ ਜਿਸ ਨੇ ਉਸ ਨੂੰ ਇਕ ਹੋਰ ਟੈਕਸੀ ਰੋਕ ਕੇ ਉਸ ਦੇ ਹਵਾਲੇ ਕਰ ਦਿੱਤਾ।ਮਸੀਹ ਅਨੁਸਾਰ ਉਹ ਸ਼ਖਸ ਹਥਿਆਰਾਂ ਨਾਲ ਲੈਸ ਸੀ ਤੇ ਉਹ ਫਿਰ ਉਸ ਨੂੰ ਆਈ ਐਸ ਆਈ ਐਸ ਦੇ ਅੱਡੇ ਲੈ ਗਿਆ।ਜਦ ਅੱਤਵਾਦੀਆਂ ਨੇ ਉਸ ਦੀ ਪਛਾਣ ਪੁੱਛੀ ਤਾਂ ਉਸ ਨੇ ਇਸ ਵਾਰ ਆਪਣੀ ਪਛਾਣ ਬੰਗਲਾਦੇਸ਼ੀ ਦੱਸੀ ਤੇ ਖੁਦ ਦਾ ਨਾਂਅ ਅਲੀ ਦੱਸਿਆ।ਇਸ ਪਿਛੋਂ ਉਨ੍ਹਾਂ ਨੇ ਮਸੀਹ ਨੂੰ ਵਾਪਿਸ ਉਸ ਦੀ ਕੰਪਨੀ ਵਿੱਚ ਛੱਡ ਦਿੱਤਾ, ਜਿੱਥੋਂ ਉਹ ਵਾਪਿਸ ਆਇਆ।
ਮਸੀਹ ਨੇ ਦੱਸਿਆ ਕਿ ਉਹ ਪਿਛਲੇ 8 ਮਹੀਨੇ ਤੋਂ ਭਾਰਤ ਵਿੱਚ ਹੈ ਜਿਸ ਦੌਰਾਨ ਉਸ ਨੂੰ ਵਿਦੇਸ਼ ਮੰਤਰਾਲਾ ਵੱਲੋਂ ਗੁੜਗਾਉਂ ’ਚ 6 ਮਹੀਨੇ ਤੇ 2 ਮਹੀਨੇ ਬੰਗਲੌਰ ’ਚ ਰੱਖਿਆ ਗਿਆ ਤੇ ਇਹ ਕਹਿ ਕੇ ਵਾਪਿਸ ਨਹੀਂ ਆਉਣ ਦਿੱਤਾ ਕਿ ਉਸ ਨੂੰ ਬਾਕੀ 39 ਬੰਦੀਆਂ ਦੇ ਪਰਿਵਾਰਾਂ ਵਾਲਿਆਂ ਤੋਂ ਖਤਰਾ ਹੈ।ਇਸ ਦੌਰਾਨ ਉਸ ਨੂੰ ਵੇਦ ਨਾਂਅ ਦੇ ਇਕ ਸ਼ਖਸ ਵੱਲੋਂ ਨੌਕਰੀ ਦਾ ਝਾਂਸਾ ਵੀ ਦਿਤਾ ਗਿਆ।
ਇਸ ਦੌਰਾਨ ਭਗਵੰਤ ਮਾਨ ਨੇ ਕੇਂਦਰ ਸਰਕਾਰ ’ਤੇ ਹਮਲਾ ਬੋਲਦਿਆਂ ਕਿਹਾ ਕਿ ਮੈਨੂੰ ਸਮਝ ਨਹੀਂ ਆਉਂਦੀ ਕਿ ਮੋਦੀ ਸਰਕਾਰ ਤੇ ਇਨ੍ਹਾਂ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਕਿਉਂ ਝੂਠ ਬੋਲ ਰਹੇ ਹਨ।39 ਬੰਦੀਆਂ ਦੇ ਪਰਿਵਾਰ ਦਿੱਲੀ ਧਰਨੇ ’ਤੇ ਬੈਠੇ ਹਨ ਅਤੇ ਇਹ ਅਜੇ ਵੀ ਦਾਅਵਾ ਕਰ ਰਹੇ ਹਨ ਕਿ ਉਹ ਜ਼ਿੰਦਾ ਹਨ ਜਦਕਿ ਉਹ ਮਰ ਚੁੱਕੇ ਹਨ।ਮਾਨ ਨੇ ਮੋਦੀ ’ਤੇ ਵੀ ਨਿਸ਼ਾਨਾ ਸੇਧਦਿਆਂ ਕਿਹਾ ਕਿ ਉਹ ਇਰਾਕ ਬਾਰੇ ਵੀ ਆਪਣੇ ‘ਮਨ ਕੀ ਬਾਤ’ ਕਰਨ।ਉਨ੍ਹਾਂ ਕਿਹਾ ਕਿ ਉਹ ਇਹ ਮੁੱਦਾ ਪਾਰਲੀਮੈਂਟ ’ਚ ਵੀ ਉਠਾ ਚੁੱਕੇ ਹਨ ਪਰ ਉਥੇ ਵੀ ਸੁਸ਼ਮਾ ਦਾ ਇਹੀ ਕਹਿਣਾ ਸੀ ਕਿ ਉਹ ਜ਼ਿੰਦਾ ਹਨ। ਭਗਵੰਤ ਮਾਨ ਨੇ ਸਵਾਲ ਕੀਤਾ ਕਿ ਜੇਕਰ ਉਹ ਪੰਜਾਬੀ ਜ਼ਿੰਦਾ ਹਨ ਤਾਂ ਉਨ੍ਹਾਂ ’ਚੋਂ ਕਿਸੇ ਇੱਕ ਦੀ ਉਨ੍ਹਾਂ ਦੇ ਘਰ ਵਾਲਿਆਂ ਨਾਲ ਹੀ ਗੱਲ ਕਰਾ ਦੇਣ।
ਇਸ ਦੌਰਾਨ ਅੱਜ ਫੇਰ ਸੁਸ਼ਮਾ ਸਵਰਾਜ ਨੇ ਦਾਅਵਾ ਕੀਤਾ ਕਿ ਇਰਾਕ ’ਚ ਬੰਦੀ ਪੰਜਾਬੀ ਜ਼ਿੰਦਾ ਹਨ।ਉਨ੍ਹਾਂ ਕਿਹਾ ਕਿ ਉਨ੍ਹਾਂ ਨੁੰ ਇਹ ਸੂਚਨਾ 9 ਸੂਤਰਾਂ ਤੋਂ ਮਿਲ ਰਹੀ ਹੈ ਜਿਨ੍ਹਾਂ ’ਚੋਂ ਇੱਕ ਹਰਜੀਤ ਮਸੀਹ ਹੀ ਕਹਿ ਰਿਹਾ ਹੈ ਕਿ ਉਹ ਮਰ ਗਏ ਹਨ ਜਦਕਿ ਬਾਕੀ 8 ਅਜੇ ਵੀ ਇਹ ਕਹਿ ਰਹੇ ਹਨ ਕਿ ਉਹ ਜ਼ਿੰਦਾ ਹਨ।

Send this to a friend