ਸ਼ਹਿਰਾਂ ਨੂੰ ਅਤਿ ਆਧੁਨਿਕ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ 6 ਨੁਕਾਤੀ ਪ੍ਰੋਗਰਾਮ ਉਲੀਕਿਆ
ਜਲੰਧਰ/ਚੰਡੀਗੜ੍ਹ, 8 ਮਈ- ਸ਼ਹਿਰਾਂ ਦੇ ਵਸਨੀਕਾਂ ਨੂੰ ਅਤਿ ਆਧੁਨਿਕ ਸੁਵਿਧਾਵਾਂ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਪੰਜਾਬ ਸਰਕਾਰ ਨੇ ਇਕ ਅਹਿਮ ਕਦਮ ਚੁੱਕਦੇ ਹੋਏ ਸੂਬੇ ਦੇ 165 ਸ਼ਹਿਰਾਂ ਵਿਚ 5000 ਕਰੋੜ ਰੁਪਏ ਖਰਚ ਕੇ ਪਾਣੀ ਦੀ ਸਪਲਾਈ, ਸੀਵਰੇਜ, ਸੀਵੇਜ ਟਰੀਟਮੈਂਟ ਪਲਾਂਟ (ਐਸ.ਟੀ.ਪੀਜ਼), ਸਟਰੀਟ ਲਾਈਟਾਂ, ਸੜਕਾਂ ਅਤੇ ਪਾਰਕਾਂ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਸਕੀਮ ਉਲੀਕੀ ਹੈ। ਇਸ ਸਕੀਮ ਤਹਿਤ ਸੂਬੇ ਦੇ 165 ਸ਼ਹਿਰਾਂ ਵਿੱਚ ਇਹ ਸੁਵਿਧਾਵਾਂ ਸਾਲ 2016 ਦੇ ਅੰਤ ਤੱਕ ਮੁਹੱਈਆ ਕਰਵਾ ਦਿੱਤੀਆਂ ਜਾਣਗੀਆਂ। ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ਼੍ਰੀ ਅਨਿਲ ਜੋਸ਼ੀ ਦੀ ਅਗਵਾਈ ਹੇਠ ਉਲੀਕੇ ਗਈ ਇਸ ਸਕੀਮ ਦਾ ਮੁੱਖ ਮਨੋਰਥ ਸ਼ਹਿਰਾਂ ਵਿੱਚ ਵਸਣ ਵਾਲੀ ਆਬਾਦੀ ਨੂੰ ਵਿਸ਼ਵ ਪੱਧਰ ਦੀਆਂ ਸੁਵਿਧਾਵਾਂ ਮੁਹੱਈਆ ਕਰਵਾਉਣਾ ਹੈ। ਇਸ ਸਕੀਮ ਦਾ
ਮਨੋਰਥ ਜਿੱਥੇ ਇਕ ਪਾਸੇ ਲੋਕਾਂ ਨੂੰ ਫਾਇਦਾ ਦੇਣਾ ਹੈ, ਉਥੇ ਦੂਜੇ ਪਾਸੇ ਪੰਜਾਬ ਦੇ ਸਰਬਪੱਖੀ ਵਿਕਾਸ ਨੂੰ ਹੋਰ ਗਤੀ ਦੇਣਾ ਵੀ ਹੈ। ਇਸ ਸਕੀਮ ਲਈ ਛੇ ਸੂਤਰੀ ਪ੍ਰੋਗਰਾਮ ਨੂੰ ਮਿੱਥਦੇ ਹੋਏ ਸੂਬਾ ਸਰਕਾਰ ਨੇ ਇਨ੍ਹਾਂ 165 ਸ਼ਹਿਰਾਂ ਵਿੱਚ ਪਾਣੀ, ਸੀਵਰੇਜ, ਐਸ.ਟੀ.ਪੀਜ਼, ਸਟਰੀਟ ਲਾਈਟਾਂ, ਸੜਕਾਂ ਅਤੇ ਪਾਰਕਾਂ ਦੀ ਸੁਵਿਧਾ ਮੁਹੱਈਆ ਕਰਵਾਉਣ ਨੂੰ ਖਾਸ ਤਵੱਜੋਂ ਦਿੱਤੀ ਹੈ। ਇਸ ਟੀਚੇ ਨੂੰ ਹਾਸਲ ਕਰਨ ਲਈ ਸੂਬਾ ਸਰਕਾਰ ਨੇ ਯਤਨ ਆਰੰਭ ਦਿੱਤੇ ਹਨ ਅਤੇ 46 ਸ਼ਹਿਰਾਂ ਵਿਚ ਪਾਣੀ, ਸੀਵਰੇਜ ਅਤੇ ਐਸ.ਟੀ.ਪੀ. ਸਥਾਪਤ ਕਰ ਦਿੱਤੇ ਗਏ ਹਨ ਜਦਕਿ ਸਟਰੀਟ ਲਾਈਟਾਂ, ਸੜਕਾਂ ਅਤੇ ਪਾਰਕਾਂ ਦੇ ਨਿਰਮਾਣ ਦਾ ਕੰਮ ਛੇਤੀ ਹੀ ਮੁਕੰਮਲ ਕਰ ਲਿਆ ਜਾਵੇਗਾ। ਇਸੇ ਤਰ੍ਹਾਂ 90 ਹੋਰ ਸ਼ਹਿਰਾਂ ਵਿੱਚ ਪਾਣੀ, ਸੀਵਰੇਜ ਅਤੇ ਐਸ.ਟੀ.ਪੀ. ਦੀ ਸੁਵਿਧਾ ਦਸੰਬਰ, 2015 ਤੱਕ ਮੁਹੱਈਆ ਕਰਵਾ ਦਿੱਤੀ ਜਾਵੇਗੀ ਜਿਸ ਉਪਰੰਤ ਸਟਰੀਟ ਲਾਈਟਾਂ, ਸੜਕਾਂ ਅਤੇ ਪਾਰਕਾਂ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਇਸੇ ਤਰ੍ਹਾਂ ਬਾਕੀ ਰਹਿੰਦੇ 29 ਸ਼ਹਿਰਾਂ ਵਿੱਚ ਪਾਣੀ, ਸੀਵਰੇਜ, ਐਸ.ਟੀ.ਪੀਜ਼, ਸਟਰੀਟ ਲਾਈਟਾਂ, ਸੜਕਾਂ ਅਤੇ ਪਾਰਕਾਂ ਦੀ ਸਹੂਲਤ ਸਾਲ 2016 ਤੱਕ ਮੁਹੱਈਆ ਕਰਵਾ ਦਿੱਤੀ ਜਾਵੇਗੀ। ਇਸ ਸਾਰੀ ਸਕੀਮ ਦੇ ਉਪਰ ਤਕਰੀਬਨ 5000 ਕਰੋੜ ਰੁਪਏ ਦੀ ਲਾਗਤ ਆਉਣ ਦੀ ਉਮੀਦ ਹੈ।
ਸੂਬਾ ਦੇ ਸ਼ਹਿਰੀਆਂ ਨੂੰ ਅਤਿ ਆਧੁਨਿਕ ਸੁਵਿਧਾਵਾਂ ਮੁਹੱਈਆ ਕਰਵਾਉਣ ਦੀ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਮੁੜ ਦੁਹਰਾਉਂਦਿਆਂ ਸਥਾਨਕ ਸਰਕਾਰ ਵਿਭਾਗ ਦੇ ਸਕੱਤਰ ਸ਼੍ਰੀ ਅਸ਼ੋਕ ਗੁਪਤਾ ਨੇ ਕਿਹਾ ਕਿ ਇਸ ਟੀਚੇ ਨੂੰ ਹਾਸਲ ਕਰਨ ਲਈ ਭਰਪੂਰ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ ਸ਼ਹਿਰਾਂ ਨੂੰ ਇਕ ਨਵੀਂ ਦਿੱਖ ਦੇਣ ਲਈ ਇਸ ਅਹਿਮ ਪ੍ਰਾਜੈਕਟ ਲਈ ਫੰਡਾਂ ਦੀ ਕੋਈ ਘਾਟ ਨਹੀਂ ਹੈ ਅਤੇ ਇਹ ਕੰਮ ਮਿੱਥੇ ਸਮੇਂ ਵਿੱਚ ਮੁਕੰਮਲ ਕਰ ਲਏ ਜਾਣਗੇ। ਉਨ੍ਹਾਂ ਕਿਹਾ ਕਿ ਇਸ ਦੇ ਨਾਲ-ਨਾਲ ਸੂਬਾ ਸਰਕਾਰ ਇਸ ਕੰਮ ਦੀ ਗੁਣਵੱਤਾ ਵੱਲ ਵੀ ਖਾਸ ਤਵੱਜੋਂ ਦੇਵੇਗੀ ਤਾਂ ਜੋ ਲੋਕਾਂ ਨੂੰ ਇਸ ਦਾ ਲਾਭ ਮਿਲ ਸਕੇ।