April 27, 2026 9:32 pm

ਪਾਕਿਸਤਾਨੀ ਤਾਲਿਬਾਨਾਂ ਨੇ ਹੈਲੀਕਾਪਟਰ ਡੇਗਿਆ: ਦੋ ਦੇਸ਼ਾਂ ਦੇ ਰਾਜਦੂਤਾਂ ਸਣੇ 7 ਹਲਾਕ

ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਸਨ ਨਿਸ਼ਾਨੇ ’ਤੇ
ਇਸਲਾਮਾਬਾਦ, 8 ਮਈ (ਪੀ. ਟੀ. ਲਾਇਵ)- ਪਾਕਿਸਤਾਨ ’ਚ ਸ਼ੁੱਕਰਵਾਰ ਨੂੰ ਇੱਕ ਹੈਲੀਕਾਪਟਰ ਦੇ ਦੁਰਘਟਨਾਗ੍ਰਸਤ ਹੋ ਜਾਣ ਦੇ ਕਾਰਨ ਉਸ ’ਚ ਸਵਾਰ ਫਿਲੀਪੀਨ ਤੇ ਨਾਰਵੇ ਦੇ ਰਾਜਦੂਤਾਂ ਸਮੇਤ 7 ਵਿਅਕਤੀਆਂ ਦੀ ਮੌਤ ਹੋ ਗਈ।ਪਾਕਿਸਤਾਨ ਤਹਿਰੀਕ-ਏ-ਤਾਲਿਬਾਨ (ਟੀਟੀਪੀ) ਦਾ ਦਾਅਵਾ ਹੈ ਕਿ ਉਸਨੇ ਹੈਲੀਕਾਪਟਰ ਨੂੰ ਮਾਰ ਗਿਰਾਇਆ ਹੈ। ਜਦੋਂ ਕਿ ਪਾਕਿਸਤਾਨੀ ਫ਼ੌਜ ਦਾ ਕਹਿਣਾ ਹੈ ਕਿ ਤਕਨੀਕੀ ਖ਼ਰਾਬੀ ਦੇ ਕਾਰਨ ਹੈਲੀਕਾਪਟਰ ਦੁਰਘਟਨਾ ਦਾ ਸ਼ਿਕਾਰ ਹੋ ਗਿਆ।ਇਸ ਘਟਨਾ ਤੋਂ ਬਾਅਦ ਪ੍ਰਧਾਨ ਮੰਤਰੀ ਨਵਾਜ ਸ਼ਰੀਫ਼ ਦਾ ਗਿਲਗਿਤ-ਬਾਲਟਿਸਤਾਨ ਦਾ ਦੌਰਾ ਟਾਲ ਦਿੱਤਾ ਗਿਆ ਹੈ। ਤਹਿਰੀਕ-ਏ-ਤਾਲਿਬਾਨ ਨੇ ਹੈਲੀਕਾਪਟਰ ਨੂੰ ਡੇਗਣ ਦੀ ਜ਼ਿੰਮੇਵਾਰੀ ਲਈ ਹੈ, ਨਾਲ ਹੀ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਨਿਸ਼ਾਨੇ ’ਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਸਨ।ਫ਼ੌਜ ਨੇ ਦੱਸਿਆ ਕਿ ਹਾਦਸਾ ਪਾਕਿਸਤਾਨ ਦੇ ਉੱਤਰ ’ਚ ਗਿਲਗਿਤ-ਬਾਲਟਿਸਤਾਨ ਖੇਤਰ ’ਚ ਹੋਇਆ ਤੇ

ਜਹਾਜ਼ ’ਚ 11 ਵਿਦੇਸ਼ੀ ਨਾਗਰਿਕ ਸਵਾਰ ਸਨ।ਮਰਨ ਵਾਲਿਆਂ ’ਚ ਨਾਰਵੇ ਦੇ ਰਾਜਦੂਤ ਲੀਫ ਐੱਚ. ਲਾਰਸਨ, ਫਿਲੀਪੀਨ ਦੇ ਰਾਜਦੂਤ ਡੋਮਿਗੋ ਡੀ. ਲੂਸੇਨਾਰਯੋ ਦੇ ਇਲਾਵਾ ਮਲੇਸ਼ੀਆ ਤੇ ਇੰਡੋਨੇਸ਼ੀਆ ਦੇ ਰਾਜਦੂਤਾਂ ਦੀਆਂ ਪਤਨੀਆਂ ਤੇ ਹੈਲੀਕਾਪਟਰ ਦੇ ਦੋ ਪਾਇਲਟ ਅਤੇ ਇੱਕ ਕਰਿਊ ਮੈਂਬਰ ਸ਼ਾਮਿਲ ਸਨ। ਤਹਿਰੀਕ-ਏ-ਤਾਲਿਬਾਨ ਦੇ ਬੁਲਾਰਾ ਮੁਹੰਮਦ ਖੋਰਾਸਾਨੀ ਦੇ ਅਨੁਸਾਰ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਮਾਰਨ ਦੀ ਸਾਜ਼ਿਸ਼ ਰਚੀ ਗਈ ਸੀ। ਪ੍ਰਧਾਨ ਮੰਤਰੀ ਦੂਸਰੇ ਜਹਾਜ਼ ਵਿੱਚ ਸਵਾਰ ਸਨ, ਇਸ ਲਈ ਉਨ੍ਹਾਂ ਨੂੰ ਕੋਈ ਨੁਕਸਾਨ ਨਹੀਂ ਪੁੱਜਾ। ਖੋਰਾਸਾਨੀ ਨੇ ਦੱਸਿਆ ਕਿ ਟੀਟੀਪੀ ਹੈਲੀਕਾਪਟਰ ਨੂੰ ਨਿਸ਼ਾਨਾ ਬਣਾਉਣ ਵਾਲੇ ਸ਼ੋਲਡਰ ਲਾਂਚ ਮਿਜ਼ਾਇਲ (ਸੈਮ ਪ੍ਰਣਾਲੀ) ਦੀਆਂ ਤਸਵੀਰਾਂ ਜਲਦ ਜਾਰੀ ਕਰੇਗਾ।
ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਮਕਬੂਜ਼ਾ ਕਸ਼ਮੀਰ ਵਿੱਚ ਦੋ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਲਈ ਵਖਰੇ ਜਹਾਜ਼ ਵਿੱਚ ਜਾ ਰਹੇ ਸਨ। ਹਾਦਸੇ ਦੇ ਬਾਅਦ ਉਹ ਵਾਪਿਸ ਇਸਲਾਮਾਬਾਦ ਮੁੜ ਗਏ।
ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਨੇ ਇਸ ਦੁਰਘਟਨਾ ਉੱਪਰ ਗਹਿਰਾ ਦੁੱਖ ਪ੍ਰਗਟ ਕੀਤਾ ਹੈ। ਦੁਰਘਟਨਾਗ੍ਰਸਤ ਹੈਲੀਕਾਪਟਰ ਵਿੱਚ ਇੰਡੋਨੇਸ਼ੀਆ, ਲਿਬਨਾਨ, ਮਲੇਸ਼ੀਆ, ਨੀਦਰਲੈਂਡਜ਼, ਰੋਮਾਨੀਆ, ਦੱਖਣੀ ਅਫਰੀਕਾ ਅਤੇ ਪੋਲੈਂਡ ਦੇ ਰਾਜਦੂਤਾਂ ਨੇ ਵੀ ਜਾਣਾ ਸੀ।

Send this to a friend