ਅੰਮ੍ਰਿਤਸਰ 29 ਅਪ੍ਰੈਲ (ਸੁਖਬੀਰ ਸਿੰਘ)- ਲੋਕ ਸਭਾ ’ਚ ਕਾਂਗਰਸ ਧਿਰ ਦੇ ਡਿਪਟੀ ਲੀਡਰ ਤੇ ਸਥਾਨਕ ਮੈਂਬਰ ਲੋਕ ਸਭਾ ਕੈਪਟਨ ਅਮਰਿੰਦਰ ਸਿੰਘ ਨੇ ਇਕ ਵਾਰ ਫਿਰ ਤੋਂ ਦੁਹਰਾਇਆ ਹੈ ਕਿ ਉਨ੍ਹਾਂ ਨੇ ਕਦੇ ਵੀ ਰਾਹੁਲ ਗਾਂਧੀ ਦੀ ਕਾਂਗਰਸ ਪ੍ਰਧਾਨ ਵਜੋਂ ਨਿਯੁਕਤੀ ਕੀਤੇ ਜਾਣ ਦਾ ਵਿਰੋਧ ਨਹੀਂ ਕੀਤਾ ਹੈ ਤੇ ਉਹ ਪਾਰਟੀ ਅਤੇ ਦੇਸ਼ ਲਈ ਉਨ੍ਹਾਂ ਨੂੰ ਇਕ ਵਧੀਆ ਤੇ ਤੇਜ਼ਤਰਾਰ ਨੇਤਾ ਸਮਝਦੇ ਹਨ। ਉਨ੍ਹਾਂ ਨੇ ਕਿਸਾਨਾਂ ਦੇ ਨੁਕਸਾਨ ਦਾ ਜਾਇਜ਼ਾ ਲੈਣ ਲਈ ਰਾਹੁਲ ਦੀ ਪੰਜਾਬ ਫੇਰੀ ਦਾ ਸਵਾਗਤ ਕੀਤਾ ਹੈ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਨੇ ਸਿਰਫ ਇਹੋ ਕਿਹਾ ਸੀ ਕਿ ਅੱਜ ਦੇਸ਼ ’ਚ ਚੱਲ ਰਹੀ ਵਿਅਕਤੀਵਾਦੀ ਸਿਆਸਤ ਦੇ ਮਾਮਲੇ ’ਚ ਸੋਨੀਆ ਗਾਂਧੀ ਵਧੀਆ ਕੰਮ ਕਰ ਰਹੀ ਹਨ। ਇਸ ਲੜੀ ਹੇਠ ਉਨ੍ਹਾਂ ਨੇ ਨਾ ਹੀ ਕਦੇ ਟੈਲੀਵਿਜਨ ਜਾਂ ਨਾ ਹੀ ਪ੍ਰਿੰਟ ਮੀਡੀਆ ’ਚ ਕਦੇ ਰਾਹੁਲ ਗਾਂਧੀ ਦੀ ਕਾਂਗਰਸ ਪ੍ਰਧਾਨ ਵਜੋਂ ਨਿਯੁਕਤੀ ਦਾ ਵਿਰੋਧ ਕੀਤਾ
ਹੈ। ਰਾਹੁਲ ਇਕ ਸਰਗਰਮ ਨੌਜਵਾਨ ਆਗੂ ਹਨ, ਜਿਨ੍ਹਾਂ ਕੋਲ ਦੇਸ਼ ਦੇ ਪਾਰਟੀ ਲਈ ਨਜ਼ਰੀਆ ਹੈ। ਰਾਹੁਲ ਗਾਂਧੀ ਨੇ ਨਾ ਸਿਰਫ ਬਾਹਰ, ਬਲਕਿ ਪਾਰਲੀਮੈਂਟ ’ਚ ਵੀ ਕਿਸਾਨਾਂ ਦੇ ਮੁੱਦਿਆਂ ਨੂੰ ਚੁੱਕਿਆ ਹੈ। ਉਨ੍ਹਾਂ ਨੇ ਰਾਹੁਲ ਗਾਂਧੀ ਦੀ ਪੰਜਾਬ ਫੇਰੀ ਦਾ ਸਵਾਗਤ ਕੀਤਾ ਤੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਬੀਤੇ ਦਿਨ ਪਟਿਆਲਾ ਤੇ ਖੰਨਾ ਦੀਆਂ ਅਨਾਜ ਮੰਡੀਆਂ ਦਾ ਦੌਰਾ ਕਰਨ ਤੋਂ ਬਾਅਦ ਇਕ ਸੰਦੇਸ਼ ਰਾਹੁਲ ਨੂੰ ਭੇਜਿਆ ਸੀ ਕਿ ਪੰਜਾਬ ਦੀਆਂ ਅਨਾਜ ਮੰਡੀਆਂ ਮਾੜੇ ਹਾਲਾਤਾਂ ’ਚ ਹਨ ਤੇ ਉਨ੍ਹਾਂ ਨੂੰ ਇਥੇ ਆਉਣਾ ਚਾਹੀਦਾ ਹੈ। ਰਾਹੁਲ ਨੇ ਤੁਰੰਤ ਉਨ੍ਹਾਂ ਦੇ ਸੰਦੇਸ਼ ਨੂੰ ਸਵੀਕਾਰ ਕੀਤਾ ਤੇ ਤੁਰੰਤ ਪੰਜਾਬ ਦੀਆਂ ਅਨਾਜ ਮੰਡੀਆਂ ਦਾ ਦੌਰਾ ਕਰਨ ਦਾ ਫੈਸਲਾ ਲਿਆ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਪ੍ਰਦਰਸ਼ਨਕਾਰੀ ਕਿਸਾਨਾਂ ਨਾਲ ਪੂਰੀ ਹਮਦਰਦੀ ਹੈ ਤੇ ਉਨ੍ਹਾਂ ਨੂੰ ਪ੍ਰਦਰਸ਼ਨ ਕਰਨ ਲਈ ਮਜ਼ਬੂਰ ਕੀਤਾ ਗਿਆ ਹੈ। ਇਸ ਦੌਰਾਨ ਕਿਸਾਨਾਂ ਵੱਲੋਂ ਰੇਲ ਤੇ ਬੱਸ ਟ੍ਰੈਫਿਕ ਨੂੰ ਰੋਕਦਿਆਂ ਲਗਾਏ ਧਰਨੇ ਸਬੰਧੀ ਸਵਾਲ ਦੇ ਜਵਾਬ ’ਚ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਹੀ ਸਰਕਾਰ ਨੂੰ ਚੇਤਾਵਨੀ ਦਿੱਤੀ ਸੀ ਕਿ ਹਾਲਾਤ ਕੰਟਰੋਲ ਤੋਂ ਬਾਹਰ ਨਿਕਲ ਸਕਦੇ ਹਨ ਅਤੇ ਇਸ ਨਾਲ ਕਾਨੂੰਨ ਤੇ ਵਿਵਸਥਾ ਦੀ ਸਮੱਸਿਆ ਪੈਦਾ ਹੋ ਸਕਦੀਆਂ ਹਨ ਅਤੇ ਇਸ ਲਈ ਸੂਬਾ ਤੇ ਕੇਂਦਰ ਸਰਕਾਰਾਂ ਜ਼ਿੰਮੇਵਾਰ ਹੋਣਗੀਆਂ। ਕੈਪਟਨ ਅਮਰਿੰਦਰ ਡੀ.ਏ.ਵੀ ਕਾਲਜ਼ ਦੀ ਕਨਵੋਕੇਸ਼ਨ ’ਚ ਸ਼ਾਮਿਲ ਵੀ ਹੋਏ। ਉਨ੍ਹਾਂ ਨੇ ਇਕ ਸਦੀ ਤੋਂ ਵੱਧ ਤੋਂ ਦੇਸ਼ ਭਰ ’ਚ ਸੇਵਾਵਾਂ ਦੇ ਰਹੀਆਂ ਡੀ.ਏ.ਵੀ ਸੰਸਥਾਵਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਡੀ.ਏ.ਵੀ ਨੇ ਸਿੱਖਿਆ ਦੇ ਖੇਤਰ ’ਚ ਵਢਮੁੱਲਾ ਯੋਗਦਾਨ ਪਾਇਆ ਹੈ। ਇਹ ਲੜੀ ਚੱਲਦੀ ਰਹਿਣੀ ਚਾਹੀਦੀ ਹੈ ਅਤੇ ਉਮੀਦ ਪ੍ਰਗਟਾਉਂਦੀ ਹਨ ਕਿ ਸਰਕਾਰ ਵੱਲੋਂ ਬਣਦੀ ਸਹਾਇਤਾ ਦਿੱਤੀ ਜਾਵੇਗੀ। ਸਾਬਕਾ ਮੁੱਖ ਮੰਤਰੀ ਨੇ ਸਰਕਾਰ ਵੱਲੋਂ ਪ੍ਰਾਈਵੇਟ ਮਾਨਤਾ ਪ੍ਰਾਪਤ ਸੰਸਥਾਵਾਂ ਨੂੰ ਦਿੱਤੀ ਜਾਂਦੀ ਗ੍ਰਾਂਟ ਨਾ ਮਿੱਲਣ ’ਤੇ ਚਿੰਤਾ ਪ੍ਰਗਟਾਈ। ਉਨ੍ਹਾਂ ਨੇ ਕਿਹਾ ਕਿ ਉਹ ਸਮੱਸਿਆ ਤੋਂ ਜਾਣੂ ਹਨ ਅਤੇ ਉਮੀਦ ਕਰਦੇ ਹਨ ਕਿ ਸਰਕਾਰ ਸਿੱਖਿਆ ਨੂੰ ਪ੍ਰਮੁੱਖਤਾ ਸਮਝੇਗੀ।
ਸਾਡੀ ਸਿੱਖਿਆ ਪ੍ਰਣਾਲੀ ’ਚ ਪ੍ਰਾਈਵੇਟ ਸੰਸਥਾਵਾਂ ਦਾ ਮਹੱਤਵਪੂਰਨ ਰੋਲ ਹੈ ਤੇ ਇਹ ਇਸਦਾ ਜ਼ਰੂਰੀ ਹਿੱਸਾ ਹਨ, ਇਨ੍ਹਾਂ ਨੂੰ ਵਿੱਤੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਣੀ ਚਾਹੀਦੀ। ਬਾਅਦ ’ਚ ਕੈਪਟਨ ਅਮਰਿੰਦਰ ਨੇ ਰਾਜਾ ਸਾਂਸੀ ਦੀ ਅਨਾਜ ਮੰਡੀ ਦਾ ਦੌਰਾ ਕੀਤਾ ਅਤੇ ਇਥੇ ਕਿਸਾਨਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਫਸਲਾਂ ਦੀ ਸਰਕਾਰੀ ਖ੍ਰੀਦ ’ਚ ਦੇਰੀ ਹੋਣ ਕਾਰਨ ਕਿਸਾਨਾਂ ਦੀਆਂ ਚਿੰਤਾਵਾਂ ਦਾ ਸਾਂਝਾ ਕੀਤਾ। ਉਨ੍ਹਾਂ ਨੇ ਹੈਰਾਨੀ ਪ੍ਰਗਟਾਈ ਕਿ ਕਿਉਂ ਸਰਕਾਰ ਕੇਂਦਰ ਤੋਂ ਕੈਸ਼ ਕ੍ਰੇਡਿਟ ਮਿਲਣ ਦੇ ਬਾਵਜੂਦ ਕਿਸਾਨਾਂ ਨੂੰ ਅਦਾਇਗੀਆਂ ਨਹੀਂ ਦੇ ਰਹੀ। ਇਸ ਤੋਂ ਪਹਿਲਾਂ ਦਿਨ ਵੇਲੇ ਪੰਜਾਬ ਵਪਾਰ ਮੰਡਲ ਦਾ ਇਕ ਵਫਦ ਉਸਦੇ ਪ੍ਰਧਾਨ ਅੰਮ੍ਰਿਤ ਲਾਲ ਜੈਨ ਦੀ ਅਗਵਾਈ ’ਚ ਉਨ੍ਹਾਂ ਨੂੰ ਸਥਾਨਕ ਵਿਧਾਇਕ ਓ.ਪੀ. ਸੋਨੀ ਦੇ ਨਿਵਾਸ ਵਿਖੇ ਮਿਲਿਆ। ਵਫਦ ਨੇ ਪ੍ਰਸਤਾਵਿਤ ਜੀ.ਐਸ.ਟੀ ’ਚ ਕੁਝ ਵਿਵਾਦਿਤ ਮੁੱਦਿਆਂ ’ਤੇ ਸਪੱਸ਼ਟੀਕਰਨ ਦੀ ਮੰਗ ਕਰਦਿਆਂ ਡਰ ਪ੍ਰਗਟਾਇਆ ਕਿ ਇਸ ਨਾਲ ਵਪਾਰੀਆਂ ’ਤੇ ਵਾਧੂ ਦਾ ਵਿੱਤੀ ਤੇ ਟੈਕਸ ਸਬੰਧੀ ਬੋਝ ਪੈ ਸਕਦਾ ਹੈ। ਵਫਦ ਦੇ ਮੈਂਬਰਾਂ ਨੇ ਉਨ੍ਹਾਂ ਨੂੰ ਇਹ ਮੁੱਦਾ ਸਬੰਧਤ ਮੰਚ ’ਤੇ ਚੁੱਕਣ ਦੀ ਅਪੀਲ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਓ.ਪੀ ਸੋਨੀ, ਸੁੱਖ ਸਰਕਾਰੀਆ, ਡਾ. ਰਾਜ ਕੁਮਾਰ ਵੇਰਕਾ, ਜੁਗਲ ਕਿਸ਼ੋਰ ਸ਼ਰਮਾ, ਹਰਜਿੰਦਰ ਠੇਕੇਦਾਰ, ਸੁਨੀਲ ਦੱਤੀ, ਹਰਪ੍ਰਤਾਪ ਸਿੰਘ ਅਜਨਾਲਾ, ਗੁਰਜੀਤ ਓਜਲਾ, ਹਰਮਿੰਦਰ ਸਿੰਘ ਗਿੱਲ, ਦਿਨੇਸ਼ ਬੱਸੀ, ਅਰੂਨ ਜੋਸ਼ੀ, ਭੁਪਿੰਦਰ ਰੰਧਾਵਾ ਵੀ ਮੌਜ਼ੂਦ ਰਹੇ।