ਜਲੰਧਰ/ਚੰਡੀਗੜ੍ਹ, 29 ਅਪ੍ਰੈਲ- ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਇਤਿਹਾਸਕ ਸ਼ਹਿਰ ਅਤੇ ਦੁਨੀਆਂ ਭਰ ਵਿਚ ‘ਵਿਭਿੰਨਤਾ ਵਿਚ ਏਕਤਾ’ ਵਜੋਂ ਜਾਣੇ ਜਾਂਦੇ ਸ੍ਰੀ ਆਨੰਦਪੁਰ ਸਾਹਿਬ ਦੀ ਅਮੀਰ ਵਿਰਾਸਤ ਨੂੰ ਦਰਸਾਉਣ ਲਈ 17 ਜੂਨ ਤੋਂ 19 ਜੂਨ, 2015 ਤੱਕ ਸ੍ਰੀ ਆਨੰਦਪੁਰ ਸਾਹਿਬ ਦੇ 350ਵੇਂ ਸਥਾਪਨਾ ਦਿਵਸ ਨੂੰ ਇੱਕ ਮੈਗਾ ਸਮਾਰੋਹ ਵਜੋਂ ਮਨਾਉਣ ਦਾ ਐਲਾਨ ਕੀਤਾ ਹੈ। ਅੱਜ ਇਥੇ ਪੰਜਾਬ ਭਵਨ ਵਿਖੇ ਇਸ ਯਾਦਗਾਰੀ ਸਮਾਰੋਹ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਸੱਦੀ ਇੱਕ ਉਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਸ. ਬਾਦਲ ਨੇ ਇਸ ਸਮਾਰੋਹ ਮੌਕੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਤੋਂ ਇਲਾਵਾ ਸਮੁੱਚੀ ਕੇਂਦਰੀ ਕੈਬਨਿਟ ਅਤੇ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਅਤੇ ਸਮਾਜ ਦੇ ਵੱਖ-ਵੱਖ ਵਰਗਾਂ ਦੀਆਂ ਉਘੀਆਂ ਸਖ਼ਸ਼ੀਅਤਾਂ ਨੂੰ ਇਸ ਸਮਾਰੋਹ ਵਿਚ ਸ਼ਾਮਲ ਹੋਣ ਦਾ ਸੱਦਾ ਦੇਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਸ਼੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਪ੍ਰੋ:
ਪ੍ਰੇਮ ਸਿੰਘ ਚੰਦੂਮਾਜਰਾ, ਕੈਬਨਿਟ ਮੰਤਰੀਆਂ ਸ਼੍ਰੀ ਮਦਨ ਮੋਹਨ ਮਿੱਤਲ ਅਤੇ ਸ਼੍ਰੀ ਸੋਹਣ ਸਿੰਘ ਠੰਡਲ, ਪ੍ਰਮੁੱਖ ਸਕੱਤਰ ਸਭਿਆਚਾਰ ਮਾਮਲੇ ਤੇ ਸੈਰ ਸਪਾਟਾ ਸ਼੍ਰੀਮਤੀ ਅੰਜਲੀ ਭਾਵੜਾ ’ਤੇ ਅਧਾਰਤ ਇਕ ਕਮੇਟੀ ਦਾ ਗਠਨ ਵੀ ਕੀਤਾ ਹੈ ਜੋ ਕਿ ¦ਗਰ, ਰਿਹਾਇਸ਼ ਅਤੇ ਹੋਰ ਪ੍ਰਬੰਧਾਂ ਨੂੰ ਅੰਤਿਮ ਰੂਪ ਦੇਵੇਗੀ। ਮੁੱਖ ਮੰਤਰੀ ਨੇ ਪ੍ਰਮੁੱਖ ਸਕੱਤਰ ਸਭਿਆਚਾਰ ਮਾਮਲੇ ਤੇ ਸੈਰ ਸਪਾਟਾ ਸ਼੍ਰੀਮਤੀ ਅੰਜਲੀ ਭਾਵੜਾ ਨੂੰ ਕਿਹਾ ਹੈ ਕਿ ਉਹ ਉਘੀ ਧਾਰਮਿਕ ਸਖ਼ਸ਼ੀਅਤ ਸ਼੍ਰੀ ਸ਼੍ਰੀ ਰਵੀਸੰਕਰ, ਦਵਾਰਿਕਾ ਪੀਠ ਦੇ ਸੰਕਰਾਚਾਰਿਆ ਤੋਂ ਇਲਾਵਾ ਇਸਾਈ ਅਤੇ ਮੁਸਲਮ ਭਾਈਚਾਰੇ ਨਾਲ ਸਬੰਧਤ ਉਘੀਆਂ ਸਖ਼ਸ਼ੀਅਤਾਂ ਨੂੰ ਇਸ ਸਮਾਰੋਹ ਵਿਚ ਸ਼ਾਮਲ ਹੋਣ ਦਾ ਸੱਦਾ ਪੱਤਰ ਭੇਜਣ ਲਈ ਆਖਿਆ ਹੈ ਤਾਂ ਜੋ ‘ਵਿਭਿੰਨਤਾ ਵਿਚ ਏਕਤਾ’ ਦੇ ਸੰਦੇਸ਼ ਨੂੰ ਸਹੀ ਮਾਇਨਿਆਂ ਵਿਚ ਉਭਾਰਿਆ ਜਾ ਸਕੇ ਜੋ ਕਿ ਪਵਿੱਤਰ ਸ਼ਹਿਰ ਸ਼੍ਰੀ ਆਨੰਦਪੁਰ ਸਾਹਿਬ ਦੇ ਦਰਸ਼ਨ ਦਾ ਕੇਂਦਰੀ ਬਿੰਦੂ ਹੈ।
ਸਮਾਰੋਹ ਆਯੋਜਿਤ ਕਮੇਟੀ ਦੀ ਬੇਨਤੀ ਉਤੇ ਮੁੱਖ ਮੰਤਰੀ ਨੇ ਤਖ਼ਤ ਸ਼੍ਰੀ ਹਜੂਰ ਸਾਹਿਬ, ਨੰਦੇੜ, ਤਖ਼ਤ ਸ਼੍ਰੀ ਦਮਦਮਾ ਸਾਹਿਬ (ਤਲਵੰਡੀ ਸਾਬੋ) ਬਠਿੰਡਾ ਅਤੇ ਸ੍ਰੀ ਹਰਮੰਦਿਰ ਸਾਹਿਬ, ਅੰਮ੍ਰਿਤਸਰ ਅਤੇ ਦਿੱਲੀ ਤੋਂ ਸ਼੍ਰੀ ਆਨੰਦਪੁਰ ਸਾਹਿਬ ਲਈ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਲਈ ਕੇਂਦਰੀ ਰੇਲਵੇ ਮੰਤਰੀ ਨਾਲ ਮੀਟਿੰਗ ਕਰਨ ’ਤੇ ਸਹਿਮਤੀ ਜਤਾਈ ਤਾਂ ਜੋ ਇਸ ਇਤਿਹਾਸਕ ਸਮਾਰੋਹ ਵਿਚ ਲੱਖਾਂ ਸ਼ਰਧਾਲੂਆਂ ਦੇ ਸ਼ਾਮਲ ਹੋਣ ਨੂੰ ਯਕੀਨੀ ਬਣਾਇਆ ਜਾ ਸਕੇ। ਇਸੇ ਤਰ੍ਹਾਂ ਹੀ ਉਹ ਛੇਤੀ ਹੀ ਕੇਂਦਰੀ ਸੂਚਨਾ ਅਤੇ ਪ੍ਰਸਾਰਨ ਮੰਤਰੀ ਨੂੰ ਵੀ ਮਿਲਣਗੇ ਅਤੇ ਉਨ੍ਹਾਂ ਨੂੰ ਖਾਲਸਾ ਪੰਥ ਦੀ ਜਨਮ ਭੂਮੀ ਦੀ ਅਮੀਰ ਵਿਰਾਸਤ ਸਬੰਧੀ ਦਸਤਾਵੇਜੀ ਫਿਲਮ ਤਿਆਰ ਕਰਵਾਉਣ ਲਈ ਨਿੱਜੀ ਦਖਲ ਦੇਣ ਦੀ ਮੰਗ ਕਰਨਗੇ। ਉਹ ਭਾਰਤ ਸਰਕਾਰ ਦੇ ਸਭਿਆਚਾਰ ਅਤੇ ਸੈਰ ਸਪਾਟਾ ਮੰਤਰੀ ਨੂੰ ਵੀ ਲਾਈਟ ਅਤੇ ਸਾਊਂਡ ਅਤੇ ਲੇਜ਼ਰ ਸ਼ੋਅ ਪ੍ਰੋਗਰਾਮ ਕਰਵਾਉਣ ਲਈ ਮਿਲਣਗੇ।
ਮੁੱਖ ਮੰਤਰੀ ਨੇ ਬੁੰਗਾ ਸਾਹਿਬ, ਨੂਰਪੁਰ ਬੇਦੀ, ਕਾਹਲਵਾਂ ਮੋੜ, ਗੜ੍ਹਸੰਕਰ ਅਤੇ ਨੰਗਲ ਤੋਂ ਆਨੰਦਪੁਰ ਸਾਹਿਬ ਤੱਕ ਆਉਂਦੀਆਂ ਸੜਕਾਂ ਦੀ ਮੁਰੰਮਤ ਕਰਵਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ ਅਤੇ ਉਨ੍ਹਾਂ ਨੇ ਚੀਫ ਇੰਜੀਨੀਅਰ ਪੀ.ਡਬਲਯੂ.ਡੀ (ਬੀ ਐਂਡ ਆਰ) ਨੂੰ ਇਹ ਕੰਮ ਇੱਕ ਪੰਦਰਵਾੜੇ ਦੌਰਾਨ ਮੁਕੰਮਲ ਕਰਨ ਲਈ ਨਿਰਦੇਸ਼ ਦਿੱਤੇ ਹਨ।
ਇਸ ਮੌਕੇ ਹਾਜ਼ਰ ਹੋਰਨਾਂ ਵਿਚ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸ਼੍ਰੀ ਕਮਲ ਸ਼ਰਮਾ, ਮੈਂਬਰ ਰਾਜ ਸਭਾ ਸ. ਬਲਵਿੰਦਰ ਸਿੰਘ ਭੂੰਦੜ, ਲੋਕ ਸਭਾ ਮੈਂਬਰ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ, ਅਕਾਲੀ ਦਲ ਦੀ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਜਗੀਰ ਕੌਰ, ਸਾਬਕਾ ਸੰਸਦ ਮੈਂਬਰ ਸ. ਤਰਲੋਚਨ ਸਿੰਘ, ਕੈਬਨਿਟ ਮੰਤਰੀ ਸ਼੍ਰੀ ਮਦਨ ਮੋਹਨ ਮਿੱਤਲ, ਡਾ. ਦਲਜੀਤ ਸਿੰਘ ਚੀਮਾ ਅਤੇ ਸ਼੍ਰੀ ਸੋਹਣ ਸਿੰਘ ਠੰਡਲ, ਸੰਤ ਸਮਾਜ ਦੇ ਮੁਖੀ ਬਾਬਾ ਹਰਨਾਮ ਸਿੰਘ ਧੂੰਮਾ, ਪ੍ਰਮੁੱਖ ਸਕੱਤਰ ਸਭਿਆਚਾਰ ਮਾਮਲੇ ਤੇ ਸੈਰ ਸਪਾਟਾ ਸ਼੍ਰੀਮਤੀ ਅੰਜਲੀ ਭਾਵੜਾ, ਡਾਇਰੈਕਟਰ ਸਭਿਆਚਾਰ ਮਾਮਲੇ ਸ਼੍ਰੀ ਨਵਜੋਤ ਪਾਲ ਸਿੰਘ ਰੰਧਾਵਾ ਅਤੇ ਡਾਇਰੈਕਟਰ ਸਥਾਨਕ ਸਰਕਾਰ ਸ਼੍ਰੀ ਪ੍ਰਿਅੰਕ ਭਾਰਤੀ ਸ਼ਾਮਲ ਸਨ।