ਜੰਡਿਆਲਾ ਗੁਰੂ, 29 ਅਪ੍ਰੈਲ (ਵਰੁਨ ਸੋਨੀ)- ਜੰਡਿਆਲਾ ਤਰਨ ਤਾਰਨ ਬਾਈਪਾਸ ਨੇੜੇ ਇੱਕ ਟਰਾਲੇ ਨੇ ਮੋਟਰਸਾਈਕਲ ਸਵਾਰ ਜੋੜੇ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਔਰਤ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਆਦਮੀ ਇੱਕ ਪਾਸੇ ਡਿੱਗ ਜਾਣ ਕਾਰਨ ਵਾਲ ਵਾਲ ਬਚ ਗਿਆ। ਪਰ ਇਸ ਤੋਂ ਵੀ ਵੱਡਾ ਕੁਦਰਤ ਦਾ ਕ੍ਰਿਸ਼ਮਾ ਇਹ ਹੋਇਆ ਕਿ ਜਦ ਉਸ ਔਰਤ ਦੀ ਮੌਤ ਹੋਈ ਉਸੇ ਵਕਤ ਉਸ ਦੇ ਪੇਟ ਵਿੱਚੋ ਬੱਚੇ ਨੇ ਜਨਮ ਲਿਆ ਜਿਸ ਨੂੰ ਲੋਕਾਂ ਵੱਲੋਂ ਉਸੇ ਵਕਤ ਹਸਪਤਾਲ ਪਹੁੰਚਾਇਆ ਗਿਆ। ਜਾਣਕਾਰੀ ਅਨੁਸਾਰ ਤਰਨ ਤਾਰਨ ਵਾਲੇ ਪਾਸੇ ਤੋਂ ਜੰਡਿਆਲਾ ਗੁਰੂ ਵੱਲ ਇੱਕ ਮੋਟਰਸਾਈਕਲ ਨੰ:ਪੀ ਬੀ 18-3531 ’ਤੇ ਸਵਾਰ ਮਨਜਿੰਦਰ ਸਿੰਘ ਅਤੇ ਉਸ ਦੀ ਗਰਭਵਤੀ ਪਤਨੀ ਲਛਮੀ ਵਾਸੀ ਬੰਡਾਲਾ ਆ ਰਹੇ ਸਨ ਕਿ ਜੰਡਿਆਲਾ ਬਾਈਪਾਸ ਲਾਗੇ ਆ ਕੇ ਉਨ੍ਹਾਂ ਨੂੰ ਪਿੱਛੋਂ ਆਉਂਦੇ ਇੱਕ ਟਰਾਲੇ ਨੰ: ਆਰ ਜੇ 07 ਜੀ ਸੀ 9271 ਨੇ ਟੱਕਰ ਮਾਰ
ਦਿੱਤੀ ਜਿਸ ਨਾਲ ਮਨਜਿੰਦਰ ਸਿੰਘ ਤਾਂ ਇੱਕ ਪਾਸੇ ਡਿੱਗ ਪਿਆ ਪਰ ਉਸ ਦੀ ਪਤਨੀ ਲਛਮੀ ਟਰਾਲੇ ਦੇ ਪਿਛਲੇ ਟਾਇਰਾਂ ਦੇ ਥੱਲੇ ਆ ਗਈ ਜਿਸ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਲਛਮੀ ਦੀ ਮੌਤ ਹੋਣ ਤੋਂ ਤੁਰੰਤ ਬਾਅਦ ਉਸ ਦੇ ਪੇਟ ਵਿੱਚੋਂ ਬੱਚੇ (ਮੁੰਡਾ) ਨੇ ਜਨਮ ਲਿਆ ਜਿਸ ਨੂੰ ਲੋਕਾਂ ਨੇ ਹਸਪਤਾਲ ਪਹੁੰਚਾਇਆ। ਥਾਣਾ ਜੰਡਿਆਲਾ ਦੀ ਪੁਲਿਸ ਨੇ ਮੌਕੇ ’ਤੇ ਜਾ ਕੇ ਕਾਰਵਾਈ ਕਰਦਿਆਂ ਟਰਾਲੇ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਲਾਸ਼ ਨੂੰ ਪੋਸਟਮਾਰਟਮ ਵਾਸਤੇ ਅੰਮ੍ਰਿਤਸਰ ਪਹੁੰਚਾਇਆ।