25 ਬੱਸਾਂ ਦੀਆਂ ਸੇਵਾਵਾਂ ਰੱਦ ਕੀਤੀਆਂ
ਜਲੰਧਰ/ਅੰਮ੍ਰਿਤਸਰ/ਚੰਡੀਗੜ੍ਹ, 23 ਅਪ੍ਰੈਲ- ਟਰਾਂਸਪੋਰਟ ਮੰਤਰੀ ਸ. ਅਜੀਤ ਸਿੰਘ ਕੋਹਾੜ ਨੇ ਅੱਜ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਨਾਲ ਲੈ ਕੇ ਅੰਮ੍ਰਿਤਸਰ ਬੱਸ ਅੱਡੇ ਦੀ ਅਚਨਚੇਤੀ ਚੈਕਿੰਗ ਕੀਤੀ। ਸ. ਕੋਹਾੜ ਨੇ ਬਾਅਦ ਵਿੱਚ ਜ਼ਿਲਾ ਟਰਾਂਸਪੋਰਟ ਅਧਿਕਾਰੀ ਦੇ ਦਫਤਰ ਦੀ ਵੀ ਅਚਨਚੇਤੀ ਚੈਕਿੰਗ ਕੀਤੀ। ਵਿਭਾਗ ਦੇ ਬੁਲਾਰੇ ਵੱਲੋਂ ਅੱਜ ਇਥੇ ਜਾਰੀ ਪ੍ਰੈਸ ਬਿਆਨ ਵਿੱਚ ਦਿੱਤੀ ਜਾਣਕਾਰੀ ਅਨੁਸਾਰ ਸ. ਕੋਹਾੜ ਨੇ ਬੱਸ ਅੱਡੇ ਦੀ ਕੀਤੀ ਚੈਕਿੰਗ ਦੌਰਾਨ 25 ਬੱਸਾਂ ਦੀਆਂ ਸੇਵਾਵਾਂ ਮੌਕੇ ’ਤੇ ਹੀ ਰੱਦ ਕਰਨ ਦੇ ਹੁਕਮ ਦਿੱਤੇ। ਇਨ੍ਹਾਂ ਬੱਸਾਂ ਦੇ ਡਰਾਈਵਰਾਂ ਕੋਲ ਕੋਈ ਵੀ ਲੋੜੀਂਦੇ ਦਸਤਾਵੇਜ਼ ਨਹੀਂ ਸਨ। ਇਨ੍ਹਾਂ ਬੱਸਾਂ ਦੇ ਡਰਾਈਵਰਾਂ ਕੋਲ ਨਾ ਤਾ ਰੂਟ ਪਰਮਿਟ ਤੇ ਨਾ ਹੀ ਡਰਾਈਵਿੰਗ ਲਾਇਸੈਂਸ ਸੀ ਜਦੋਂ ਕਿ ਕੰਡਕਟਰ ਕੋਲ ਵੀ ਲਾਇਸੈਂਸ ਨਹੀਂ ਸੀ। ਇਸ ਤੋਂ ਇਲਾਵਾ 118 ਬੱਸਾਂ ਦੇ ਮੌਕੇ ’ਤੇ ਚਲਾਨ ਕੱਟੇ ਗਏ। ਇਨ੍ਹਾਂ ਬੱਸਾਂ ਦੇ ਡਰਾਈਵਰਾਂ ਸਬੰਧਤ ਦਸਤਾਵੇਜ਼ ਨਾ ਦਿਖਾ ਸਕੇ ਜਿਸ ਕਾਰਨ ਇਨ੍ਹਾਂ
ਦੇ ਚਲਾਨ ਕੱਟੇ ਗਏ। ਬੱਸ ਅੱਡੇ ਦੀ ਚੈਕਿੰਗ ਉਪਰੰਤ ਟਰਾਂਸਪੋਰਟ ਮੰਤਰੀ ਦੀ ਅਗਵਾਈ ਉਚ ਪੱਧਰੀ ਟੀਮ ਨੇ ਜ਼ਿਲਾ ਟਰਾਂਸਪੋਰਟ ਦਫਤਰ ਦੀ ਚੈਕਿੰਗ ਕੀਤੀ। ਟੀਮ ਨੇ ਚੈਕਿੰਗ ਦੌਰਾਨ ਪਾਇਆ ਕਿ ਦਫਤਰ ਦਾ ਰਿਕਾਰਡ ਰੱਖਣ ਵਿੱਚ ਅਣਗਹਿਲੀ ਵਰਤੀ ਜਾ ਰਹੀ ਹੈ ਖਾਸ ਕਰ ਕੇ ਵਿੱਤ ਮਾਮਲਿਆਂ ਦੇ ਰਿਕਾਰਡ ਸਹੀ ਤਰ੍ਹਾਂ ਸਾਂਭਿਆ ਨਹੀਂ ਜਾ ਰਿਹਾ।ਚੈਕਿੰਗ ਉਪਰੰਤ ਟਰਾਂਸਪੋਰਟ ਮੰਤਰੀ ਸ. ਕੋਹਾੜ ਨੇ ਇਨ੍ਹਾਂ ਦੌਰਿਆਂ ਦੌਰਾਨ ਪਾਈਆਂ ਗਈਆਂ ਊਣਤਾਈਆਂ ’ਤੇ ਅਸੰਤੁਸ਼ਟੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਇਸ ਅਚਨਚੇਤੀ ਚੈਕਿੰਗ ਦਾ ਮਨੋਰਥ ਵਿਭਾਗ ਦੇ ਕੰਮਕਾਜ ਨੂੰ ਬਿਹਤਰ ਤੇ ਲੋਕ ਪੱਖੀ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵੀ ਇਸ ਤਰ੍ਹਾਂ ਦੀ ਚੈਕਿੰਗ ਜਾਰੀ ਰਹੇਗੀ।