ਸ੍ਰੀ ਮੁਕਤਸਰ ਸਾਹਿਬ, 18 ਮਾਰਚ (ਸੋਨੂੰ ਖੇੜਾ)- ਸਿਹਤ ਵਿਭਾਗ ਵੱਲੋਂ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ‘ਮਿਸ਼ਨ ਇੰਦਰ ਧਨੁਸ਼’ ਲਾਗੂ ਕੀਤਾ ਜਾ ਰਿਹਾ ਹੈ ਜਿਸ ਤਹਿਤ ਉਨ੍ਹਾਂ ਸਾਰਿਆਂ ਬੱਚਿਆਂ ਦਾ ਟੀਕਾਕਰਨ ਕੀਤਾ ਜਾਵੇਗਾ ਜੋ ਕਿ ਕਿਸੇ ਨਾ ਕਿਸੇ ਕਾਰਨ ਟੀਕਾਕਰਨ ਤੋਂ ਵਾਂਝੇ ਰਹਿ ਗਏ ਸਨ ਜਾਂ ਜਿੰਨ੍ਹਾਂ ਵੱਲੋਂ ਟੀਕਾਕਰਨ ਪ੍ਰੋਗਰਾਮ ਨੂੰ ਅਧੂਰਾ ਛੱਡ ਦਿੱਤਾ ਗਿਆ ਸੀ। ਜਿਲ੍ਹੇ ਦੇ ਸਿਵਲ ਸਰਜਨ ਡਾ: ਜਵਜੀਵਨ ਲਾਲ ਨੇ ਇਸ ਮਿਸ਼ਨ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੁਹਿੰਮ ਤਹਿਤ ਮਹੀਨਾ ਅਪ੍ਰੈਲ ਤੋਂ ਜੁਲਾਈ-2015 ਤੱਕ ਹਰ ਮਹੀਨੇ ਦੀ 7 ਤੋਂ 13 ਤਾਰੀਖ ਤੱਕ ਵਿਸੇਸ ਮੁਹਿੰਮ ਚੱਲਿਆ ਕਰੇਗੀ। ਜਿਸ ਵਿੱਚ ਉਨ੍ਹਾਂ ਬੱਚਿਆ ਨੂੰ ਮਾਰੂ ਬਿਮਾਰੀਆਂ ਤੋਂ ਬਚਾਉਣ ਲਈ ਟੀਕੇ ਲਗਾਏ ਜਾਣਗੇ ਜਿੰਨ੍ਹਾਂ ਨੇ ਕਿਸੇ ਕਾਰਨ ਟੀਕਾਕਰਨ ਪ੍ਰੋਗਰਾਮ ਨੂੰ ਪੂਰਾ ਨਹੀਂ ਕੀਤਾ। ਇਸ ਸਬੰਧੀ ਜਿਲ੍ਹੇ ਦੇ 15 ਡਾਕਟਰਾਂ ਨੂੰ ਲੁਧਿਆਣਾ ਤੋਂ ਵਿਸੇਸ਼ ਟ੍ਰੇਨਿੰਗ ਵਿਸ਼ਵ ਸਿਹਤ ਸੰਸਥਾ ਦੇ ਸਹਿਯੋਗ ਨਾਲ ਦਿਵਾਈ ਜਾ
ਚੁੱਕੀ ਹੈ ਅਤੇ ਸਿਹਤ ਵਿਭਾਗ ਦੇ ਬਾਕੀ ਸਟਾਫ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ। ਸਿਵਲ ਸਰਜਨ ਨੇ ਦੱਸਿਆ ਕਿ ਚਾਲੂ ਵਿੱਤੀ ਸਾਲ ਦੌਰਾਨ ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਵਿਚ ਟੀਕਾਕਰਨ ਪ੍ਰੋਗਰਾਮ ਤੇ ਵਿਸੇਸ਼ ਜੋਰ ਦਿੱਤਾ ਜਾ ਰਿਹਾ ਹੈ ਜਿਸ ਤਹਿਤ ਜਨਵਰੀ 2015 ਤੱਕ ਜ਼ਿਲ੍ਹੇ ਵਿੱਚ 13143 ਗਰਭਵਤੀ ਔਰਤਾਂ ਨੂੰ ਟੈਟਨਸ ਦੇ ਬਚਾਓ ਦੇ ਟੀਕੇ ਲਗਾਏ ਗਏ ਹਨ। ਇਸੇ ਤਰਾਂ 12905 ਬੱਚਿਆਂ ਨੂੰ ਟੀ.ਬੀ. ਦੀ ਰੋਕਥਾਮ ਲਈ ਬੀ.ਸੀ.ਜੀ. ਦੇ ਇੰਜੈਕਸ਼ਨ ਜੋ ਕਿ ਜਨਮ ਤੋਂ ਇਕ ਸਾਲ ਦੀ ਉਮਰ ਤੱਕ ਲਗਦਾ ਹੈ, ਲਗਾਏ ਗਏ ਹਨ। ਇਸੇ ਤਰਾਂ ਡਿਪਥੀਰੀਆ, ਕਾਲੀ ਖਾਂਸੀ, ਟੈਟਨਸ, ਹੈਪੇਟਾਈਟਸ ਬੀ, ਹਿਬ ਨਿਮੂਨੀਆਂ ਅਤੇ ਪੋਲੀਓ ਦੀਆਂ ਤਿੰਨ ਖੁਰਾਕਾਂ ਬੱਚੇ ਦੇ ਜਨਮ ਤੋਂ ਡੇਢ, ਢਾਈ ਅਤੇ ਸਾਢੇ ਤਿੰਨ ਮਹੀਨੇ ਬਾਅਦ ਦਿੱਤੀਆਂ ਜਾਂਦੀਆਂ ਹਨ ਅਤੇ ਜ਼ਿਲ੍ਹੇ ਵਿਚ 12211 ਬੱਚਿਆਂ ਦਾ ਇਹ ਟੀਕਾਕਰਨ ਕੀਤਾ ਗਿਆ ਹੈ। ਇਸੇ ਤਰਾਂ ਖਸਰੇ ਦੀ ਰੋਕਥਾਮ ਲਈ 9 ਤੋਂ 12 ਮਹੀਨੇ ਅਤੇ 16 ਤੋਂ 18 ਮਹੀਨੇ ਦੀ ਉਮਰ ਵਿਚ ਦੋ ਟੀਕੇ ਲੱਗਦੇ ਹਨ ਅਤੇ ਜਿਲ੍ਹੇ ਵਿਚ 12059 ਬੱਚਿਆਂ ਨੂੰ ਇਹ ਟੀਕੇ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲਾਂ ਵਿਚ ਇਹ ਟੀਕਾਕਰਨ ਬਿਲਕੁਲ ਮੁਫ਼ਤ ਹੈ। ਇਸ ਮੌਕੇ ਡਾ: ਵਿਜੈ ਵਰਮਾ ਜ਼ਿਲ੍ਹਾ ਟੀਕਾਕਨ ਅਫ਼ਸਰ, ਡਾ: ਗਿਆਨ ਚੰਦ ਐਸ.ਐਮ.ਓ. ਐਨ.ਪੀ.ਐਸ.ਪੀ. ਅਤੇ ਸ੍ਰੀ ਗੁਰਤੇਜ ਸਿੰਘ ਮਾਸ ਮੀਡੀਆ ਅਫ਼ਸਰ ਵੀ ਹਾਜਰ ਸਨ।