ਫਿਰੋਜ਼ਪੁਰ, 13 ਮਾਰਚ (ਕਪੂਰ) ਫਿਰੋਜ਼ਪੁਰ-ਫਾਜ਼ਿਲਕਾ ਮੁੱਖ ਮਾਰਗ ’ਤੇ ਪਿੰਡ ਲੱਖੋ ਕੇ ਬਹਿਰਾਮ ਅਤੇ ਅਲਫੂ ਕੇ ਦੇ ਵਿਚਕਾਰ ਟੈਂਪੋ ਟਰੈਕਸ ਗੱਡੀ ਅਤੇ ਟਰੱਕ ਦੀ ਆਹਮਣੇ-ਸਾਹਮਣੇ ਭਿਆਨਕ ਟੱਕਰ ਹੋਣ ਕਾਰਨ ਟਰੈਕਸ ਗੱਡੀ ਵਿਚ ਸਵਾਰ 8 ਵਿਅਕਤੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿਚ 4 ਮਰਦ ਅਤੇ 4 ਔਰਤਾਂ ਸ਼ਾਮਿਲ ਹਨ। ਮਰਨ ਵਾਲਿਆਂ ਦੀ ਪਛਾਣ ਜੋਗਿੰਦਰ ਸਿੰਘ ਪੁੱਤਰ ਸੋਹਨ ਸਿੰਘ, ਦਿਆਲ ਸਿੰਘ ਪੁੱਤਰ ਖਾਨ ਸਿੰਘ, ਬਿਸ਼ੰਬਰ ਸਿੰਘ ਪੁੱਤਰ ਜੀਤ ਸਿੰਘ, ਸੰਤੋ ਬੀਬੀ ਪਤਨੀ ਦੇਸ ਸਿੰਘ, ਕਰਤਾਰੋ ਬੀਬੀ ਪਤਨੀ ਕਸ਼ਮੀਰ ਸਿੰਘ, ਭਾਗੋ ਪਤਨੀ ਜਗੀਰ ਸਿੰਘ, ਦੁਰਗੋ ਬੀਬੀ ਪਤਨੀ ਹਰਨੇਕ ਸਿੰਘ ਸਾਰੇ ਵਾਸੀਆਨ ਪਿੰਡ ਛਾਂਗਾ ਰਾਏ ਅਤੇ ਹਰਮੇਸ਼ ਸਿੰਘ ਵਾਸੀ ਪਿੰਡ ਮਾੜੇ ਵਜੋਂ ਹੋਈ ਹੈ। ਪੁਲਿਸ ਵੱਲੋਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲੲਂੀ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਭੇਜ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਗੁਰੂਹਰਸਹਾਏ ਨਜ਼ਦੀਕ ਪਿੰਡ ਛਾਂਗਾ ਰਾਏ ਤੋਂ
ਡੇਰਾ ਢੇਸੀਆਂ ਕਾਹਨਾਂ ਦੇ ਸ਼ਰਧਾਲੂ ਡੇਰਾ ਮੁਖੀ ਸੰਤ ਸੁਰਿੰਦਰ ਸਿੰਘ ਦੀ ਅੰਤਿਮ ਅਰਦਾਸ ਵਿਚ ਸ਼ਾਮਿਲ ਹੋਣ ਲਈ ਅੱਜ ਸਵੇਰੇ ਟੈਂਪੋ ਟਰੈਕਸ ਗੱਡੀ ਨੰਬਰ ਪੀ.ਬੀ.05/ਵੀ-9239 ’ਤੇ ਸਵਾਰ ਹੋ ਕੇ ਚਲੇ ਸਨ। ਜਦੋਂ ਇਹ ਗੱਡੀ ਸਵੇਰੇ 7-30 ਵਜੇ ਫਿਰੋਜ਼ਪੁਰ-ਫਾਜ਼ਿਲਕਾ ਮੁੱਖ ਮਾਰਗ ’ਤੇ ਪਿੰਡ ਅਲਫੂ ਕੇ ਅਤੇ ਲੱਖੋ ਕੇ ਬਹਿਰਾਮ ਦੇ ਵਿਚਕਾਰ ਪਹੁੰਚੀ ਤਾਂ ਸਾਹਮਣੇ ਤੋਂ ਆ ਰਹੇ ਟਰੱਕ ਨੰਬਰ ਆਰ.ਜੇ.07/ਜੀ-5736 ਨੇ ਉਲਟ ਪਾਸੇ ਜਾ ਕੇ ਸਾਹਮਣੇ ਤੋਂ ਟੱਕਰ ਮਾਰ ਦਿੱਤੀ ਅਤੇ ਟਰੈਕਸ ਗੱਡੀ ਨੂੰ ਕੋਈ 100 ਫੁੱਟ ਤੱਕ ਘੜੀਸਦੇ ਹੋਏ ਪੂਰੀ ਤਰ੍ਹਾਂ ਚਕਨਾ-ਚੂਰ ਕਰ ਦਿੱਤਾ। ਹਾਦਸੇ ਬਾਅਦ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਇਸ ਭਿਆਨਕ ਹਾਦਸੇ ਦੌਰਾਨ ਟਰੈਕਸ ’ਚ ਸਵਾਰ 5 ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ 8 ਗੰਭੀਰ ਜ਼ਖ਼ਮੀ ਬੁਰੀ ਤਰ੍ਹਾਂ ਗੱਡੀ ਵਿਚ ਫਸ ਗਏ, ਜਿਨ੍ਹਾਂ ਨੂੰ ਨਜ਼ਦੀਕੀ ਘਰਾਂ ਵਾਲਿਆਂ, ਰਾਹਗੀਰਾਂ ਅਤੇ ਥਾਣਾ ਲੱਖੋ ਕੇ ਬਹਿਰਾਮ ਦੇ ਮੁਖੀ ਸਬ ਇੰਸਪੈਕਟਰ ਜਸਵੀਰ ਸਿੰਘ ਵੱਲੋਂ ਪੁਲਿਸ ਪਾਰਟੀ ਸਮੇਤ ਭਾਰੀ ਜਦੋ-ਜਹਿਦ ਅਤੇ ਟਰੈਕਟਰ ਦੀ ਮਦਦ ਨਾਲ ਟੋਚਨ ਪਾ ਕੇ ਟਰੈਕਸ ਦੀਆਂ ਬਾਰੀਆਂ ਪੁੱਟ ਕੇ ਜ਼ਖ਼ਮੀਆਂ ਨੂੰ ਬਾਹਰ ਕੱਢਿਆ ਅਤੇ 108 ਐਬੂਲੈਂਸ ਰਾਹੀਂ ਇਲਾਜ ਲਈ ਹਸਪਤਾਲ ਭੇਜਿਆ ਗਿਆ, ਜਿੱਥੇ ਗੰਭੀਰ ਜ਼ਖ਼ਮੀਆਂ ਵਿੱਚੋਂ 3 ਦੀ ਮੌਤ ਹੋ ਜਾਣ ਕਾਰਨ ਮਰਨ ਵਾਲਿਆਂ ਦੀ ਗਿਣਤੀ 8 ਹੋ ਗਈ। ਪੁਲਿਸ ਵੱਲੋਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲੲਂੀ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਭੇਜ ਦਿੱਤਾ ਗਿਆ, ਜਿੱਥੇ ਪ੍ਰਸ਼ਾਸਨਿਕ, ਪੁਲਿਸ ਅਧਿਕਾਰੀ ਅਤੇ ਵੱਡੀ ਗਿਣਤੀ ਵਿਚ ਸਮਾਜਿਕ ਅਤੇ ਸਿਆਸੀ ਆਗੂ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ ਹੋਏ ਸਨ। ਇਸ ਹਾਦਸੇ ’ਚ ਸ਼ਰਧਾਲੂਆਂ ਦੀ ਮੌਤ ਕਾਰਨ ਪੂਰਾ ਇਲਾਕਾ ਸੋਗ ਵਿਚ ਡੁੱਬਾ ਹੋਇਆ ਹੈ। ਉਧਰ ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ. ਖਰਬੰਦਾ ਵੱਲੋਂ ਜ਼ਖ਼ਮੀਆਂ ਦੇ ਇਲਾਜ ਦਾ ਸਾਰਾ ਖਰਚ ਪੰਜਾਬ ਸਰਕਾਰ ਅਤੇ ਰੈ¤ਡ ਕਰਾਸ ਵੱਲੋਂ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ।