ਨਵੀਂ ਦਿੱਲੀ, 3 ਅਗਸਤ (ਪੀ. ਟੀ.)-ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਿਹਾ ਹੈ ਕਿ ਖੁਰਾਕ ਸੁਰੱਖਿਆ ਬਿਲ ਸਭ ਤੋਂ ਅਹਿਮ ਹੈ। ਉਨ੍ਹਾਂ ਵਿਰੋਧੀ ਧਿਰ ਨੂੰ ਅਪੀਲ ਕਰਦਿਆਂ ਆਖਿਆ ਕਿ ਉਹ ਇਸ ਬਿਲ ਸਮੇਤ ਵਿਧਾਨਕ ਕੰਮਾਂ ਵਿਚ ਸਹਿਯੋਗ ਕਰਨ। ਲੋਕ ਸਭਾ ਸਪੀਕਰ ਮੀਰਾ ਕੁਮਾਰ ਵੱਲੋਂ ਸੱਦੀ ਗਈ ਸਰਵ ਪਾਰਟੀ ਮੀਟਿੰਗ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਖਿਆ ਕਿ ਮਾਨਸੂਨ ਸੈਸ਼ਨ ਰਚਨਾਤਮਕ ਤੇ ਉਤਪਾਦਕ ਸੈਸ਼ਨ ਹੋਵੇਗਾ। ਉਨ੍ਹਾਂ ਕਿਹਾ ਕਿ ਪਿਛਲੇ ਦੋ-ਤਿੰਨ ਸੈਸ਼ਨ ਭਾਰੀ ਸ਼ੋਰ-ਸ਼ਰਾਬੇ ਦੀ ਭੇਂਟ ਚੜ੍ਹ ਗਏ ਅਤੇ ਇਸ ਕਾਰਨ ਕਈ ਕੰਮ ਵਿਚਾਲੇ ਹੀ ਰਹਿ ਗਏ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਹਰ ਮੁੱਦੇ ‘ਤੇ ਵਿਚਾਰ-ਚਰਚਾ ਲਈ ਤਿਆਰ ਹਾਂ। ਉਨ੍ਹਾਂ ਕਿਹਾ ਕਿ ਮੈਨੂੰ ਪੂਰੀ ਉਮੀਦ ਹੈ ਕਿ ਖੁਰਾਕ ਸੁਰੱਖਿਆ ਬਿਲ ਸੰਸਦ ਪੂਰੀ ਗੰਭੀਰਤਾ ਨਾਲ ਪਾਸ ਕਰ ਦੇਵੇਗੀ।