ਬਰਨਾਲਾ, 12 ਮਾਰਚ (ਰਾਮ ਸਿੰਘ ਧਨੌਲਾ, ਕੁਲਦੀਪ ਸਿੰਘ)-ਵਿਸ਼ਵ ਪ੍ਰਸਿੱਧ ਸਹਿਕਾਰੀ ਸੰਸਥਾ ਇਫਕੋ ਦੀ ਬਰਨਾਲਾ ਇਕਾਈ ਵੱਲੋਂ ਜ਼ਿਲ੍ਹਾ ਪੱਧਰੀ ਸਹਿਕਾਰੀ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਇਸ ਕਾਨਫਰੰਸ ਦੀ ਪ੍ਰਧਾਨਗੀ ਉਪ ਰਜਿਸਟਰਾਰ ਸਹਿਕਾਰੀ ਸਭਾਵਾਂ ਸ. ਬਲਦੇਵ ਸਿੰਘ ਨੇ ਕੀਤੀ। ਇਸ ਮੌਕੇ ਡਾਇਰੈਕਟਰ ਮਾਰਕਫੈਡ ਸ. ਸੁੱਖਚੈਨ ਸਿੰਘ, ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਬਰਨਾਲਾ ਸ. ਚਮਕੋਰ ਸਿੰਘ, ਸੀਨੀਅਰ ਏਰੀਆਂ ਮਨੈਜਰ ਸ. ਬਹਾਦਰ ਸਿੰਘ, ਫੀਲਡ ਅਫ਼ਸਰ ਸ. ਜਗਜੀਤ ਸਿੰਘ, ਸੇਵਾਮੁਕਤ ਫੀਲਡ ਅਫ਼ਸਰ ਸ. ਸੋਹਣ ਸਿੰਘ, ਖੇਤੀਬਾੜੀ ਅਫ਼ਸਰ ਸ. ਕਰਨੈਲ ਸਿੰਘ, ਇਫਕੋ ਡੈਲੀਗੇਟਸ ਸ. ਰਾਜਿੰਦਰ ਸਿੰਘ, ਭੂਰਾ ਸਿੰਘ ਅਤੇ ਜ਼ਿਲ੍ਹੇ ਦੀਆਂ ਸਹਿਕਾਰੀ ਸਭਾਵਾਂ ਦੇ ਇੰਸਪੈਕਟਰਾਂ ਅਤੇ ਸਕੱਤਰਾਂ ਵੱਲੋਂ ਸਮੂਲੀਅਤ ਕੀਤੀ ਗਈ। ਇਸ ਮੌਕੇ ਮੁੱਖ ਮਹਿਮਾਨ ਉਪ ਰਜਿਸਟਰਾਰ ਸਹਿਕਾਰੀ ਸਭਾਵਾਂ ਸ. ਬਲਦੇਵ ਸਿੰਘ ਨੇ ਸੰਬੋਧਨ ਕਰਦਿਆ ਕਿਹਾ ਕਿ ਨਿਰੋਈ ਸਿਹਤ, ਅਰੋਗ ਰਹਿਤ ਅਤੇ ਸ਼ੁੱਧ ਵਾਤਾਵਾਰਨ ਲਈ ਸਾਨੂੰ ਦੇਸੀ ਅਤੇ ਹਰੀਆਂ ਖਾਦਾਂ ਦੀ ਜ਼ਿਆਦਾ ਤੋਂ ਜ਼ਿਆਦਾ ਵਰਤੋਂ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਫਕੋ ਵੱਲੋਂ ਅਜਿਹੇ ਕੈਂਪ ਲਗਾ ਕੇ ਸਹਿਕਾਰਤਾ ਲਹਿਰ ਤਹਿਤ ਚੱਲ ਰਹੀਆਂ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਤੋਂ ਜਾਣੂ ਕਰਵਾਇਆ
ਜਾਂਦਾ ਹੈ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਖੇਤੀ ਦੇ ਧੰਦੇ ਨੂੰ ਵਿਗਿਆਨਿਕ ਤਰੀਕੇ ਨਾਲ ਕਰਨਾ ਚਾਹੀਦਾ ਹੈ ਅਤੇ ਪਿੰਡਾਂ ਵਿੱਚ ਸਹਿਕਾਰੀ ਸਭਾਵਾਂ ਦੇ ਮੈਂਬਰ ਬਣ ਕੇ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਲਾਭ ਉਠਾਉਣਾ ਚਾਹੀਦਾ ਹੈ। ਇਸ ਮੌਕੇ ਇਫਕੋ ਦੇ ਏਰੀਆ ਮੈਨੇਜਰ ਸ੍ਰੀ ਬਹਾਦਰ ਸਿੰਘ ਵੱਲੋਂ ਇਫਕੋ ਦੀਆਂ ਭਲਾਈ ਸਕੀਮਾਂ ਬਾਰੇ ਵਿਸਥਾਰ ਨਾਲ ਦੱਸਿਆ ਗਿਆ। ਉਨ੍ਹਾਂ ਕਿਸਾਨਾਂ ਨੂੰ ਸੰਤੁਲਤ ਖਾਦਾਂ ਵਰਤਣ ਦੀ ਸਲਾਹ ਦਿੱਤੀ। ਉਨ੍ਹਾਂ ਨੇ ਕਿਸਾਨਾਂ ਨੂੰ ਰਸਾਇਣਕ ਖਾਦਾਂ ਵਰਤਣ ਦੇ ਨਾਲ ਰੂੜੀ ਖਾਦ, ਹਰੀ ਖਾਦ ਅਤੇ ਜੈਵਿਕ ਖਾਦ ਵਰਤਣ ਦੀ ਸਲਾਹ ਦਿੱਤੀ। ਜਿਸ ਅਨੁਸਾਰ ਇਫਕੋ ਵੱਲੋਂ ਵਿਗਿਆਨਕ ਢੰਗ ਨਾਲ ਟੋਏ ਪੁੱਟਵਾ ਕੇ ਉਸ ਵਿੱਚ ਫਸਲਾਂ ਦੀ ਰਹਿੰਦ-ਖੂੰਹਦ, ਤਾਜ਼ਾ ਗੋਬਰ ਪਵਾ ਕੇ 4 ਮਹੀਨੇ ਵਿੱਚ ਬਹੁਤ ਹੀ ਵੱਡਮੁਲੀ ਖਾਦ ਤਿਆਰ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ 26 ਲੱਖ ਹੈਕਟੇਅਰ ’ਤੇ ਝੋਨੇ ਦੀ ਕਾਸ਼ਤ ਕੀਤੀ ਜਾਂਦੀ ਹੈ। ਇੱਕ ਅਨੁਮਾਨ ਅਨੁਸਾਰ ਝੋਨੇ ਦੇ ਇਸ ਰਕਬੇ ਤੋਂ 200 ਲੱਖ ਟਨ ਪਰਾਲੀ ਪੈਦਾ ਹੁੰਦੀ, ਜਿਸ ਨੂੰ ਕਿਸਾਨ ਅੱਗ ਲਾ ਕੇ ਸਾੜ ਰਿਹਾ ਹੈ, ਪਰਾਲੀ ਦੀ ਇਸ ਮਾਤਰਾ ਵਿੱਚ ਪਾਏ ਜਾਣ ਵਾਲੇ ਤੱਤ ਜਿਨ੍ਹਾਂ ਦੀ ਕੀਮਤ 150 ਕਰੋੜ ਰੁਪਏ ਬਣਦੀ ਹੈ ਜੋ ਕਿ ਖ਼ਤਮ ਹੋ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਫਕੋ ਵੱਲੋਂ ਖੇਤੀਬਾੜੀ ਸਭਾਵਾਂ ਹੈਪੀ ਸੀਡਰ, ਰੋਟਰਵੇਟਰ ਅਤੇ ਪਾਵਰ ਸਪਰੇਅਰ ਖ੍ਰੀਦਣ ਲਈ ਮਦਦ ਦਿੱਤੀ ਜਾਂਦੀ ਹੈ।