ਬਾਇਓਸਾਇੰਸਜ਼ ਤੇ ਸਿਹਤ ਸੇਵਾਵਾਂ ਨਾਲ ਸਬੰਧਤ ਨਿਵੇਸ਼ਕਾਂ ਨੂੰ ਪੰਜਾਬ ’ਚ ਨਿਵੇਸ਼ ਦਾ ਸੱਦਾ
ਜਲੰਧਰ/ਚੰਡੀਗੜ੍ਹ, 12 ਮਾਰਚ- ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਦਵਾ ਸਨਅਤ ਤੇ ਸਿਹਤ ਸੇਵਾ ਦੇ ਖੇਤਰ ਨਾਲ ਜੁੜੇ ਨਿਵੇਸ਼ਕਾਂ ਨੂੰ ਪੰਜਾਬ ਵਿਚ ਨਿਵੇਸ਼ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਪੰਜਾਬ ਦਵਾਈਆਂ ਦੇ ਨਿਰਮਾਣ (ਫਾਰਮਾਸਿਊਟੀਕਲ ਹੱਬ) ਵਿਚ ਆਉਂਦੇ 2 ਸਾਲਾਂ ਅੰਦਰ ਸਨਅਤੀ ਧੁਰਾ ਬਣ ਜਾਵੇਗਾ ਕਿਉਂਕਿ ਉਘੇ ਫਾਰਮਾਂ ਸਨਅਤਕਾਰ ਵੱਡੇ ਨਿਵੇਸ਼ ਲਈ ਨਿਊ ਚੰਡੀਗੜ੍ਹ ’ਚ ਸਥਾਪਤ ਮੈਡੀਸਿਟੀ ਵਿਖੇ ਨਿਵੇਸ਼ ਕਰਨ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਆਉਂਦੇ ਸਾਲਾਂ ਦੌਰਾਨ ਪੰਜਾਬ ਦੇਸ਼ ਦਾ ਸਿਹਤ ਸੈਰ ਸਪਾਟੇ ਦਾ (ਹੈਲਥ ਟੂਰਿਜ਼ਮ) ਕੇਂਦਰ ਬਨਣ ਜਾ ਰਿਹਾ ਹੈ। ਅੱਜ ਇਥੇ ਆਰਗੇਨਾਈਜੇਸ਼ਨ ਆਫ਼ ਫਾਰਮਾਸਿਊਟੀਕਲ ਪ੍ਰੋਡਿਊਸਰਜ਼ ਆਫ ਇੰਡੀਆ (ਓ.ਪੀ.ਪੀ.ਆਈ.) ਦੇ ਇੱਕ ਵਫਦ
ਨਾਲ ਮੁਲਾਕਾਤ ਦੌਰਾਨ, ਸ. ਬਾਦਲ ਨੇ ਬਾਇਓਸਾਇੰਸਜ਼, ਫਾਰਮਾਸਿਊਟੀਕਲ ਅਤੇ ਸਿਹਤ ਸੇਵਾ ਖੇਤਰ ਦੇ ਨਿਵੇਸ਼ਕਾਂ ਨੂੰ ਰਾਜ ਅੰਦਰ ਖੁੱਲੇ ਮਨ ਨਾਲ ਨਿਵੇਸ਼ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਪੰਜਾਬ ਵੱਲੋਂ ਜਿੱਥੇ ਨਿਵੇਸ਼ਕਾਂ ਲਈ ਬੇਹਤਰ ਨਿਵੇਸ਼ ਯੋਜਨਾ ਲਾਗੂ ਕੀਤੀ ਗਈ ਹੈ ਉਥੇ ਚੰਡੀਗੜ੍ਹ ਅਤੇ ਐਸ.ਏ.ਐਸ. ਨਗਰ ਦੀ ਗੋਦ ’ਚ ਵਸਾਏ ਜਾ ਰਹੇ ਨਿਊ ਚੰਡੀਗੜ ਵਿਖੇ ਸਥਾਪਿਤ ਕੀਤੀ ਗਈ ਮੈਡੀਸਿਟੀ ਨਿਵੇਸ਼ਕਾਂ ਦੀ ਪਹਿਲੀ ਪਸੰਦ ਬਨਣ ਦੀ ਸਾਰੀਆਂ ਸੰਭਾਵਨਾਵਾਂ ਰੱਖਦੀ ਹੈ। ਮੀਟਿੰਗ ’ਚ ਹਾਜਿਰ ਓ.ਪੀ.ਪੀ.ਆਈ ਦੇ ਕਾਰਜਕਾਰਨੀ ਮੈਂਬਰਾਂ ’ਚ ਆਰਗੇਨਾਈਜੇਸ਼ਨ ਦੇ ਮੁਖੀ ਅਤੇ ਸਨੋਫੀ ਇੰਡੀਆ ਦੇ ਐਮ.ਡੀ. ਡਾ. ਸ਼ੈਲੇਸ਼ ਆਯੰਗਰ, ਐਬੌਟ ਹੈਲਥਕੇਅਰ ਦੇ ਐਮ.ਡੀ. ਸੁਦਰਸ਼ਨ ਜੈਨ, ਪਫਿਜ਼ਰ ਦੇ ਐਮ.ਡੀ ਆਇਜਾਜ਼ ਟੋਬੈਕੂਵਾਲਾ, ਬਾਇਰ ਫਾਰਮਾਸਿਊਟੀਕਲ ਦੇ ਕੰਟਰੀ ਹੈੱਡ ਏਂਜਲ ਮਾਈਕਲ ਈਵਾਨਗੇਲਿਸਤਾ, ਈਸੇ ਫਾਰਮਾਸਿਊਟੀਕਲ ਦੇ ਐਮ.ਡੀ. ਕੇ. ਸ਼ਿਵਕੁਮਾਰ, ਗਾਲਡੇਰਮਾ ਇੰਡੀਆ ਦੇ ਐਮ.ਡੀ. ਜੀ. ਸਾਥਯਾ ਨਾਰਾਇਨਣ, ਜੈਨਸੈਨ ਇੰਡੀਆ (ਜੌਹਨਸਨ ਐਂਡ ਜੌਹਨਸਨ) ਦੇ ਐਮ.ਡੀ. ਸੰਜੀਵ ਨਾਵਾਂਗੁਲ, ਟਕੇਡਾ ਫਾਰਮਾਸਿਊਟੀਕਲਜ਼ ਦੇ ਦੇ ਐਮ.ਡੀ. ਅਮਨ ਬਜਾਜ ਅਤੇ ਵੀ.ਪੀ. ਨੈਕਟਰ ਇੰਡੀਆ ਦੇ ਡਾ. ਰਮੇਸ਼ ਪੰਚਗਨੂਲਾ ਸ਼ਾਮਿਲ ਸਨ। ਜ਼ਿਕਰਯੋਗ ਹੈ ਕਿ ਦੇਸ਼ ਦੇ ਚੋਟੀ ਦੇ ਫਾਰਮਾਸਿਊਟੀਕਲ ਉਦਯੋਗਪਤੀਆਂ ਦੀ ਸ਼ਮੂਲੀਅਤ ਵਾਲੀ ਇਸ ਨਾਮਵਰ ਸੰਸਥਾ ਵੱਲੋਂ ਪਹਿਲੀ ਵਾਰ ਮੁੰਬਈ ਜਾਂ ਦਿੱਲੀ ਤੋਂ ਬਾਹਰ ਕਿਸੇ ਸਥਾਨ ’ਤੇ ਕਾਰਜਾਕਰਨੀ ਮੀਟਿੰਗ ਕੀਤੀ ਜਾ ਰਹੀ ਹੈ। ਇਸ ਮੌਕੇ ਹੋਰਨਾ ਤੋਂ ਇਲਾਵਾ ਮੁੱਖ ਪਾਰਲੀਮਾਨੀ ਸਕੱਤਰ ਸ਼੍ਰੀ ਐਨ.ਕੇ.ਸ਼ਰਮਾ, ਮੁੱਖ ਸਕੱਤਰ ਸ਼੍ਰੀ ਸਰਵੇਸ਼ ਕੌਸ਼ਲ, ਪ੍ਰਮੁੱਖ ਸਕੱਤਰ ਨਿਵੇਸ਼ ਪ੍ਰੋਤਸਾਹਨ ਸ਼੍ਰੀ ਕਰਨ ਅਵਤਾਰ ਸਿੰਘ ਅਤੇ ਪੰਜਾਬ ਬਿਓਰੋ ਆਫ ਇਨਵੇਸਟਮੈਂਟ ਪ੍ਰਮੋਸ਼ਨ ਦੇ ਸੀ.ਈ.ਓ ਸ਼੍ਰੀ ਅਨੀਰੁਧ ਤਿਵਾੜੀ ਹਾਜ਼ਰ ਸਨ।