ਬਠਿੰਡਾ, 12 ਮਾਰਚ (ਗੁਰਤੇਜ ਸਿੰਘ ਸਿੱਧੂ, ਅਮਰਜੀਤ ਸਿੰਘ ਸਿੱਧੂ, ਇੰਦਰਜੀਤ ਨਥਾਣਾ)- ਬਠਿੰਡਾ ਵਿਖੇ 18 ਮਾਰਚ ਤੱਕ ਚੱਲਣ ਵਾਲਾ ਖੇਤਰੀ ਸਰਸ ਮੇਲਾ ਅੱਜ 6ਵੇਂ ਦਿਨ ਵਿਚ ਦਾਖਲ ਹੋ ਗਿਆ ਹੈ ਅਤੇ ਇਸ ਮੇਲੇ ਵਿਚ ਦੇਸ਼ ਦੇ ਕੋਨੇ-ਕੋਨੇ ਤੋਂ ਆਏ ਸ਼ਿਲਪਕਾਰਾਂ ਦੀਆਂ ਵਸਤਾਂ ਦੀ ਵਿਕਰੀ ਕਰੋੜਾਂ ਰੁਪਏ ਤੱਕ ਪੁੱਜਣ ਦੀ ਆਸ ਹੈ, ਕਿਉਂਕਿ ਮੇਲੇ ਦੇ ਪਹਿਲੇ 4 ਦਿਨਾਂ ਵਿਚ ਹੀ ਸ਼ਿਲਪਕਾਰਾਂ ਦੀ ਵਿਕਰੀ 44,16,155 ਰੁਪਏ ਤੱਕ ਪਹੁੰਚ ਗਈ ਹੈ। ਇਲਾਕਾ ਵਾਸੀ ਵੱਖ ਵੱਖ ਰਾਜਾਂ ਦੀ ਦਸਤਕਾਰੀ ਨੂੰ ਪਸੰਦ ਕਰ ਰਹੇ ਹਨ ਅਤੇ ਵੱਡੇ ਪੱਧਰ ’ਤੇ ਖਰੀਦੋ-ਫਰੋਖਤ ਵੀ ਕਰ ਰਹੇ ਹਨ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਮੇਲੇ ਦੇ ਸ਼ੁਰੂਆਤੀ ਦਿਨ 4,57190 ਰੁਪਏ, ਦੂਜੇ ਦਿਨ 13,32810 ਰੁਪਏ, ਤੀਜੇ
ਦਿਨ 12,53570 ਰੁਪਏ ਅਤੇ ਚੌਥੇ ਦਿਨ 10 ਮਾਰਚ ਤੱਕ 13,72585 ਰੁਪਏ ਦੀ ਵਿਕਰੀ ਪਹੁੰਚ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਰਾਜਾਂ ਤੋਂ ਆਏ ਦਸਤਕਾਰ ਬਠਿੰਡਾ ਸਰਸ ਮੇਲੇ ਵਿਚ ਪੂਰੇ ਖੁਸ਼ ਦਿਖਾਈ ਦੇ ਰਹੇ ਹਨ ਅਤੇ ਬਠਿੰਡਾ ਸਮੇਤ ਆਸ-ਪਾਸ ਇਲਾਕੇ ਦੇ ਲੋਕ ਵੀ ਭਾਰੀ ਗਿਣਤੀ ਵਿਚ ਮੇਲੇ ਵਿਚ ਪੁੱਜਕੇ ਬਾਗੋ-ਬਾਗ ਹਨ। ਉਧਰ ਦੂਜੇ ਪਾਸੇ ਸਭਿਆਚਾਰਕ ਪ੍ਰੋਗਰਾਮ ਵੀ ਪੂਰੇ ਜੋਬਨ ’ਤੇ ਚੱਲ ਰਿਹਾ ਹੈ, ਜਿੱਥੇ ਨਾਰਥ ਜ਼ੋਨ ਕਚਲਚਰਲ ਸੈਂਟਰ ਪਟਿਆਲਾ ਵਲੋਂ ਪ੍ਰੋਗਰਾਮ ਅਫ਼ਸਰ ਸ਼੍ਰੀ ਰਵਿੰਦਰ ਸ਼ਰਮਾ ਦੀ ਅਗਵਾਈ ਵਿਚ ਸੂਬਿਆਂ ਦੇ ਲੋਕ ਨਾਚ ਪੇਸ਼ ਕੀਤੇ ਗਏ, ਉਥੇ ਅੱਜ ਪ੍ਰਾਇਮਰੀ ਸਕੂਲਾਂ ਦੇ ਨੰਨ੍ਹੇ ਵਿਦਿਆਰਥੀ ਵੀ ਦੇਸ਼ ਦੀ ਇਸ ਵੱਡੀ ਸਟੇਜ ’ਤੇ ਵੱਡੇ ਹੀ ਦਿਖਾਈ ਦਿੱਤੇ। ਇਨ੍ਹਾਂ ਸਕੂਲੀ ਬੱਚਿਆਂ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਬੰਗੀ ਨਿਹਾਲ ਸਿੰਘ ਵਾਲਾ, ਸਰਕਾਰੀ ਪ੍ਰਾਇਮਰੀ ਸਕੂਲ ਝੰਬਾ, ਸਰਕਾਰੀ ਪ੍ਰਾਇਮਰੀ ਸਕੂਲ ਪੱਕਾ ਕਲਾਂ, ਸਰਕਾਰੀ ਪ੍ਰਾਇਮਰੀ ਸਕੂਲ ਜੈ ਸਿੰਘ ਵਾਲਾ ਦੇ ਵਿਦਿਆਰਥੀਆਂ ਨੇ ਗਰੁੱਪ ਡਾਂਸ, ਕੋਰਿਓਗ੍ਰਾਫੀ ਅਤੇ ਸਕਿੱਟਾਂ ਪੇਸ਼ ਕਰਕੇ ਵੱਖ-ਵੱਖ ਰਾਜਾਂ ਦੇ ਹੁਨਰਮੰਦ ਕਲਾਕਾਰਾਂ ਨੂੰ ਆਪਣੇ ਵੱਲ ਖਿੱਚ ਲਿਆ। ਇਸ ਤੋਂ ਇਲਾਵਾ ਬੀਤੀ ਰਾਤ ਸੂਫੀ ਗਾਇਕ ਮਾਣਕ ਅਲੀ ਨੇ ਵਧੀਆ ਰੰਗ ਬੰਨ੍ਹਦਿਆਂ ਬਠਿੰਡਾ ਦੇ ਗੱਭਰੂਆਂ ਨੂੰ ਨੱਚਣ ਲਈ ਮਜ਼ਬੂਰ ਕਰ ਦਿੱਤਾ, ਇਥੋਂ ਤੱਕ ਕਿ ‘ਦਮਾ-ਦਮ ਮਸਤ ਕਲੰਦਰ’ ’ਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵੀ ਨੱਚੇ ਬਗੈਰ ਨਾ ਰਹਿ ਸਕੇ। 13 ਮਾਰਚ ਨੂੰ ਮਸ਼ਹੂਰ ਕਵਾਲ ਸਰਦਾਰ ਅਲੀ ਵਲੋਂ ਸ਼ਾਮ 7:30 ਵਜੇ ਆਪਣੇ ਫਨ ਦਾ ਮੁਜ਼ਾਹਰਾ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਸਕੂਲਾਂ ਦਾ ਕਲਚਰਲ ਪ੍ਰੋਗਰਾਮ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਸ਼੍ਰੀ ਰਘਬੀਰ ਸਿੰਘ ਮਾਨ ਦੀ ਅਗਵਾਈ ਵਿਚ ਕਰਵਾਇਆ ਜਾ ਰਿਹਾ ਹੈ। ਮੇਲੇ ਦੌਰਾਨ ਬਹਿਰੂਪੀਆਂ ਤੋਂ ਇਲਾਵਾ ਜਾਦੂਗਰ ਵਲੋਂ ਵੀ ਜਾਦੂ ਦਾ ਸ਼ੋਅ ਕੀਤਾ ਜਾ ਰਿਹਾ ਹੈ। ਸੰਜੀਵ ਦਿਲਸ਼ਾਦ, ਜੋ ਸਿਰਨਾਵਾਂ ਸੀਰੀਅਲ ਵਿਚ ਕੰਮ ਕਰ ਚੁੱਕੇ ਹਨ, ਆਪਣੀ ਸ਼ੇਅਰੋ-ਸ਼ਾਇਰੀ ਨਾਲ ਦਰਸ਼ਕਾਂ ਨੂੰ ਬੰਨ੍ਹਣ ਵਿਚ ਕਾਮਯਾਬ ਹੋ ਰਹੇ ਹਨ। ਇਸ ਕੰਮ ਵਿਚ 25 ਸਾਲਾਂ ਤੋਂ ਜੁੜੇ ਸ਼੍ਰੀ ਦਿਲਸ਼ਾਦ ਨਾਰਥ ਜ਼ੋਨ ਕਲਚਰਲ ਸੈਂਟਰ ਵਲੋਂ ਪਿਛਲੇ 5 ਸਰਸ ਮੇਲਿਆਂ ਵਿਚ ਐਂਕਰ ਦੇ ਤੌਰ ’ਤੇ ਭੂਮਿਕਾ ਨਿਭਾਅ ਰਹੇ ਹਨ। ਅੱਜ ਮੇਲੇ ਦੌਰਾਨ ਯੂ.ਪੀ. ਦੇ ਸੁਲਤਾਨ ਅਹਿਮਦ ਨੇ ਆਸਾਮ ਦੇ ਜ਼ਹੀਰ ਖਾਨ ਦੇ ਗੁੰਮ ਹੋਏ ਪਰਸ ਨੂੰ ਵਾਪਸ ਕਰਕੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ। ਜ਼ਹੀਰ ਖਾਨ ਨੇ ਦੱਸਿਆ ਕਿ ਉਸਦੇ ਪਰਸ ਵਿਚ 3 ਹਜ਼ਾਰ ਰੁਪਏ ਸਨ। ਵਧੀਕ ਡਿਪਟੀ ਕਮਿਸ਼ਨਰ ਦੀ ਹਾਜ਼ਰੀ ਵਿਚ ਇਹ ਪਰਸ ਵਾਪਸ ਕੀਤਾ ਗਿਆ ਅਤੇ ਇਸ ਇਮਾਨਦਾਰੀ ਸਦਕਾ ਸ਼੍ਰੀ ਸ਼ਰਮਾ ਨੇ ਸੁਲਤਾਨ ਅਹਿਮਦ ਨੂੰ ਇਨਾਮ ਵਜੋਂ 1 ਹਜ਼ਾਰ ਰੁਪਏ ਨਕਦ ਵੀ ਦਿੱਤੇ।