ਗੁਰੂਹਰਸਹਾਏ, 10 ਮਾਰਚ (ਮਹਿੰਦਰ ਸਿੰਘ ਥਿੰਦ)- ਸਥਾਨਕ ਬਲਾਕ ਅਤੇ ਮਮਦੋਟ ਦੀਆਂ ਵਰਕਰਾਂ ਹੈਲਪਰਾਂ ਨੇ ਸੀ.ਡੀ.ਪੀ. ਨਰਿੰਦਰ ਸਿੰਘ ਦੇ ਵਿਰੁੱਧ ਦਫ਼ਤਰ ਵਿਖੇ ਧਰਨਾ ਲਗਾਇਆ ਗਿਆ। ਇਸ ਧਰਨੇ ਵਿਚ ਜ਼ਿਲ੍ਹਾ ਪ੍ਰਧਾਨ ਸ੍ਰੀਮਤੀ ਸ਼ੀਲਾ ਰਾਣੀ ਵਿਸ਼ੇਸ਼ ਤੌਰ ’ਤੇ ਪੁੱਜੇ। ਬਲਾਕ ਪ੍ਰਧਾਨ ਸ੍ਰੀਮਤੀ ਕੁਲਜੀਤ ਕੌਰ ਨੇ ਦੱਸਿਆ ਕਿ ਨਰਿੰਦਰ ਸਿੰਘ ਸੀ.ਡੀ.ਪੀ.ਓ. ਬਹੁਤ ਭੱਦੀ ਸ਼ਬਦਾਵਲੀ ਬੋਲਦਾ ਹੈ ਆਂਗਣਵਾੜੀ ਵਰਕਰਾਂ ਨਾਲ ਗਲਤ ਵਰਤਾਓ ਕਰਦਾ ਹੈ। ਜਿਸ ਦੇ ਸਬੰਧ ਵਿਚ ਲਗਾਤਾਰ ਹਰ ਰੋਜ਼ ਧਰਨਾ ਲਗਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਧਰਨਾ ਤਦ ਤੱਕ ਜਾਰੀ ਰਹੇਗਾ ਜਦੋਂ ਤੱਕ ਇਸ ਸੀ.ਡੀ.ਪੀ.ਓ. ਦੀ ਬਦਲੀ ਸਰਕਾਰ ਵੱਲੋਂ ਕਰ ਨਹੀਂ ਦਿੱਤੀ ਜਾਂਦੀ। ਉਨ੍ਹਾਂ ਕਿਹਾ ਕਿ ਸੀ.ਡੀ.ਪੀ.ਓ. ਆਪਣੀ ਸ਼ਬਦਾਵਲੀ ਵਿਚ ਕਦੇ ਆਪਣੇ ਆਪ ਨੂੰ ਬਦਮਾਸ਼, ਕਦੀ ਪੁੱਛਾਂ ਵਾਲਾ ਬਾਬਾ ਅਤੇ ਕਦੀ ਆਪਣੇ ਆਪ ਨੂੰ ਡਾਕਟਰ ਦੱਸ ਕਿ ਕਹਿੰਦਾ ਹੈ ਕਿ ਜਿਸ ਨੇ ਵੀ ਕੋਈ ਕਿਸੇ ਬਿਮਾਰੀ ਦਾ ਇਲਾਜ
ਕਰਵਾਉਣਾ ਹੋਵੇ ਉਹ ਮੇਰੇ ਕੋਲੋਂ ਕਰਵਾ ਸਕਦੀ ਹੈ। ਜਿਸ ਦੇ ਬੇਤੁਕੇ ਅਤੇ ਘਟੀਆ ਮਤਲਬ ਨਿਕਲਦੇ ਹਨ। ਇਸ ਲਈ ਇਸ ਤੋਂ ਮਮਦੋਟ ਅਤੇ ਗੁਰੂਹਰਸਹਾਏ ਦਾ ਚਾਰਜ ਤੁਰੰਤ ਜ਼ਿਲ੍ਹਾ ਪ੍ਰਸ਼ਾਸ਼ਨ ਵਾਪਸ ਲਵੇ ਨਹੀਂ ਤਾਂ ਇਨਸਾਫ਼ ਮਿਲਣ ਤੱਕ ਆਂਗਣਵਾੜੀ ਵਰਕਰਾਂ ਇਸ ਧਰਨੇ ਨੂੰ ਆਉਣ ਵਾਲੇ ਦਿਨਾਂ ਵਿਚ ਸੜਕਾਂ ਉਪਰ ਲਿਆਉਣ ਗੀਆਂ। ਇਸ ਸਬੰਧੀ ਜਦੋਂ ਸੀ.ਡੀ.ਪੀ.ਓ. ਨਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਸ ਕੋਲ ਥੋੜੇ ਦਿਨਾਂ ਦਾ ਚਾਰਜ ਹੈ, ਪਰ ਮੈਂ ਕਿਸੇ ਨੂੰ ਕੋਈ ਗਲਤ ਸ਼ਬਦਾਵਲੀ ਨਹੀਂ ਵਰਤੀ ਸਗੋਂ ਇੰਨ੍ਹਾਂ ਵਰਕਰਾਂ ਵੱਲੋਂ ਪਿੰਡਾਂ ਵਿਚ ਘੱਟ ਬੱਚਿਆਂ ਨੂੰ ਰਜਿਸਟਰਾਂ ਵਿਚ ਵੱਧ ਐਂਟਰੀਆਂ ਪਾਈਆਂ ਹੋਈਆਂ ਹਨ ਅਤੇ ਦਫ਼ਤਰਾਂ ਵਿਚ ਫਾਲਤੂ ਹੈਲਪਰਾਂ ਨੂੰ ਬਿਠਾਇਆ ਹੋਇਆ ਹੈ, ਜਿੰਨ੍ਹਾਂ ਨੂੰ ਮੈਂ ਪਿੰਡਾਂ ਵਿਚ ਕੰਮ ਕਰਨ ਲਈ ਕਿਹਾ ਹੈ ਪਰ ਉਹ ਇਸ ਸਾਰੇ ’ਤੇ ਅਮਲ ਕਰਨ ਦੀ ਬਿਜਾਏ ਮੇਰੇ ਉਪਰ ਦਬਾਅ ਬਣਾ ਰਹੇ ਹਨ।