ਮਾਨਸਾ, 9 ਮਾਰਚ (ਪੀ. ਟੀ.)- ਪੰਜਾਬ ਵਿਧਾਨ ਸਭਾ ਦੀਆਂ 2017 ਵਿੱਚ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਨੂੰ ਮਜ਼ਬੂਤ ਕਰਨ ਲਈ ਵਿੰਗ ਦੀ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਵੱਡੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਨਵੀਂ ਨੀਤੀ ਤਹਿਤ ਵੱਖ-ਵੱਖ ਵਰਗਾਂ ਅਤੇ ਵੱਖ-ਵੱਖ ਵਿਚਾਰਾਂ ਨਾਲ ਸਬੰਧਿਤ ਪਰਿਵਾਰਾਂ ਨੂੰ ਇਸਤਰੀ ਵਿੰਗ ਨਾਲ ਜੋੜਿਆ ਹੈ। ਇਸ ਨੀਤੀ ਤਹਿਤ ਹੀ ਬੀਬੀ ਜਗੀਰ ਕੌਰ ਵੱਲੋਂ ਮਰਹੂਮ ਨਕਸਲੀ ਆਗੂ ਕਾਮਰੇਡ ਹਾਕਮ ਸਿੰਘ ਸਮਾਉਂ ਦੀ ਨੂੰਹ ਬੀਬੀ ਚਿਤਵੰਤ ਕੌਰ ਸਮਾਉਂ ਨੂੰ ਪਾਰਟੀ ਦਾ ਮੀਤ ਪ੍ਰਧਾਨ ਬਣਾਇਆ ਹੈ। ਕਾਮਰੇਡ ਸਮਾਉਂ ਦੇ ਇੱਕਲੋਤੇ ਪੁੱਤਰ ਸ. ਸੁਖਜੀਤ ਸਿੰਘ ਸਮਾਉਂ ਦੀ ਧਰਮ ਪਤਨੀ ਬੀਬੀ ਚਿਤਵੰਤ ਕੌਰ ਲੰਮੇ ਸਮੇਂ ਤੋਂ ਅਕਾਲੀ ਦਲ ਨਾਲ ਜੁੜੀ ਹੋਈ ਹੈ।
ਇਸ ਪਰਿਵਾਰ ਦਾ ਇਲਾਕੇ ਵਿੱਚ ਅਤੇ ਖਾਸ ਕਰਕੇ ਨਕਸਲੀ ਪਰਿਵਾਰਾਂ ਵਿੱਚ ਚੰਗਾ ਪ੍ਰਭਾਵ ਹੈ। ਬੀਬੀ ਜਗੀਰ ਕੌਰ ਨੇ ਇਸ ਪਰਿਵਾਰ ਨੂੰ ਮਾਣ ਸਤਿਕਾਰ ਦੇ ਕੇ ਮਾਲਵਾ ਖੇਤਰ ਵਿੱਚ ਪਾਰਟੀ ਦੀ ਮਜ਼ਬੂਤੀ ਲਈ ਇੱਕ ਅਹਿਮ ਫੈਸਲਾ ਲਿਆ ਹੈ। ਉਨ੍ਹਾਂ ਵੱਲੋਂ ਕੀਤੀ ਗਈ ਇਸ ਨਿਯੁਕਤੀ ਨਾਲ ਇਸਤਰੀ ਵਿੰਗ ਨੂੰ ਵੱਡਾ ਹੁਲਾਰਾ ਮਿਲਣ ਦੀ ਉਮੀਦ ਹੈ। ਬੀਬੀ ਚਿਤਵੰਤ ਕੌਰ ਸਮਾਉਂ ਬਹੁਤ ਹੀ ਮਿਹਨਤੀ ਅਤੇ ਲਗਨ ਨਾਲ ਕੰਮ ਕਰਨ ਵਾਲੀ ਇਸਤਰੀ ਆਗੂ ਹਨ। ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਨੇ ਬਹੁਤ ਹੀ ਸ਼ਾਨਦਾਰ ਕਾਰਜ ਕੀਤਾ ਹੈ। ਬੀਬੀ ਸਮਾਉਂ ਨੇ ਇਸ ਮੌਕੇ ’ਤੇ ਗੱਲ ਕਰਦਿਆਂ ਕਿਹਾ ਕਿ ਉਹ ਇਸ ਅਹੁਦੇ ਨਾਲ ਪੂਰਾ ਇਨਸਾਫ ਕਰਨਗੇ ਅਤੇ ਪਾਰਟੀ ਦੀ ਮਜ਼ਬੂਤੀ ਲਈ ਦਿਨ ਰਾਤ ਇੱਕ ਕਰ ਦੇਣਗੇ। ਉਨ੍ਹਾਂ ਨੇ ਇਸ ਨਿਯੁਕਤੀ ਦੀ ਬੀਬੀ ਜਗੀਰ ਕੌਰ ਤੋਂ ਇਲਾਵਾ ਪਾਰਟੀ ਦੇ ਸਰਪਰਸਤ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ, ਉੱਪ ਮੁੱਖ ਮੰਤਰੀ ਤੇ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅਤੇ ਬਠਿੰਡਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਬੀਬੀ ਹਰਸਿਮਰਤ ਕੌਰ ਬਾਦਲ ਦਾ ਉਚੇਚੇ ਤੌਰ ’ਤੇ ਧੰਨਵਾਦ ਕੀਤਾ ਹੈ।



