ਗੁਰਮੇਲ ਸਿੰਘ ਖਾਲਸਾ
30-05-1606 ਨੂੰ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਹੋ ਗਈ ਸੀ। 6-06-1606 ਨੂੰ ਇਸ ਸ਼ਹੀਦੀ ਵਿੱਚੋਂ ਸ੍ਰੀ ਅਕਾਲ ਤਖਤ ਸਾਹਿਬ ਪ੍ਰਗਟ ਹੋਇਆ। ਸ੍ਰੀ ਦਰਬਾਰ ਸਾਹਿਬ ਪੀਰੀ ਦਾ ਅਤੇ ਸ੍ਰੀ ਅਕਾਲ ਤਖਤ ਸਾਹਿਬ ਮੀਰੀ ਦਾ ਸੂਚਕ ਹੈ। ਇਸ ਦਾ ਮਤਲਬ ਹੈ :- ਅੱਖਾਂ ਮੀਚ ਕੇ ਅੰਦਰ ਬਹਿ ਕੇ ਢੋਲਕੀਆਂ ਹੀ ਨਹੀਂ ਕੁੱਟੀ ਜਾਣੀਆਂ ਬਲਕਿ ਅੱਖਾਂ ਖੋਲ ਕੇ ਜਾਂ ਜਾਗ ਕੇ ਦੂਰ ਤੱਕ ਦੇਖਣਾ ਵੀ ਹੈ ਕਿ ਕਿਤੇ ਕੋਈ ਮੀਰ ਰੱਬ ਦੇ ਬੰਦਿਆਂ ਤੇ ਜੁਲਮ ਤਾਂ ਨਹੀਂ ਕਰ ਰਿਹਾ। ਅਗਰ ਕਰ ਰਿਹਾ ਹੈ ਤਾਂ ਵਾਜੇ ਤਬਲੇ ਛੱਡ ਕੇ ਬਾਬਾ ਦੀਪ ਸਿੰਘ ਜੀ ਦੀ ਤਰਾਂ ਖੰਡਾ ਵੀ ਵਾਹੁਣਾ ਹੈ ਤੇ ਜੁਲਮ ਦਾ ਨਾਸ ਕਰਨਾ ਹੈ। ਜੇ ਕਿਤੇ ਗੁਰੂ ਗ੍ਰੰਥ ਸਾਹਿਬ ਅਨੁਸਾਰ ਰਾਜ ਨਹੀਂ ਹੋ ਰਿਹਾ ਇਹ ਦੱਸਣਾ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਸਾਹਿਬ ਦਾ ਕੰਮ ਹੈ। ਅਗਰ ਦੁਨੀਆਂ ਵਿੱਚ ਗੁਰੁ ਗ੍ਰੰਥ ਸਾਹਿਬ ਅਨੁਸਾਰ ਰਾਜ ਹੋਵੇਗਾ ਤਾਂ ‘ਰਾਜ ਕਰੇਗਾ ਖਾਲਸਾ ਆਕੀ ਰਹੈ ਨਾ ਕੋਇ’ ਦਾ ਖਾਲਸਾਈ ਬੋਲਾ ਸੱਚ ਹੋਵੇਗਾ। ਅੱਜ ਦੁਨੀਆਂ ਵਿੱਚ ਜੋ ਮਹੌਲ ਚੱਲ ਰਿਹਾ ਹੈ ਇਹ ਸੱਭ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਲਾਪਰਵਾਹੀ ਕਾਰਨ ਹੋ ਰਿਹਾ ਹੈ। ਪੂੰਜੀਪਤੀ ਕੁਦਰਤੀ ਸਰੋਤਾਂ ਨੂੰ ਬੇਦਰਦੀ ਨਾਲ਼ ਲੁੱਟ ਰਹੇ ਹਨ। ਸੰਸਾਰ ਦੀ ਕੁੱਲ 99% ਪੂੰਜੀ 1% ਲੋਕਾਂ ਦੇ ਹੱਥ ਆ ਗਈ ਹੈ। ਸ਼ਾਤਰ ਰਾਜਨੀਤਿਕ ਲੋਕ ਅਗਿਆਨੀ ਧਾਰਮਿਕ ਪੁਜਾਰੀਆਂ ਨਾਲ਼ ਸਾਂਠ ਗਾਂਠ ਰੱਖਦੇ ਹਨ। ਅਗਿਆਨੀ ਗੁਰਮਤਿ ਤੋਂ ਕੋਰੇ ਜਥੇਦਾਰ ਬਾਬੇ ਆਦਿ ਭੋਲ਼ੇ ਭਾਲ਼ੇ ਕਿਰਤੀਆਂ ਦੀ ਭੀੜ ਇਕੱਠੀ ਕਰਦੇ ਹਨ। ਪੂੰਜੀਪਤੀ ਆਪਣੇ ਮਨਪਸੰਦ ਰਾਜਨੇਤਾਵਾਂ ਨੂੰ ਧੰਨ ਦੇ ਸਹਾਰੇ ਚੋਣਾ ਵਿੱਚ ਖੜੇ ਕਰਦੇ ਹਨ। ਡੇਰਿਆ ਦੇ ਅਗਿਆਨੀ ਅੰਧਵਿਸ਼ਾਵਸ਼ੀ ਪੁਜਾਰੀ ਲੋਕਾਂ ਦੀ ਭੀੜ ਨੂੰ ਪੂੰਜੀਤੀਆਂ ਦੇ ਮਨਪਸੰਦ ਰਾਜਨੇਤਾਵਾਂ ਨੂੰ ਜਿਤਾਉਣ ਲਈ ਹੁਕਮ ਦਿੰਦੇ ਹਨ। ਵਿਚਕਾਰਲਾ ਪੜ੍ਹਿਆ ਲਿਖਿਆ ਵਰਗ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਦਾ ਹੈ। ਨੌਜੁਆਨ ਬੇਰੁਜਗਾਰੀ ਦੀ ਹਾਲਤ ਵਿੱਚ ਹਥਿਆਰ ਚੁੱਕਦੇ ਹਨ। ਰਾਜਨੀਤਿਕ ਲੋਕ ਉਹਨਾਂ ਨੂੰ ਅੱਤਵਾਦੀ ਕਹਿ ਕੇ ਮਰਵਾ ਦਿੰਦੇ ਹਨ। ਸੰਸਾਰ ਪ੍ਰਦੂਸਿਤ ਹੋ ਗਿਆ ਹੈ। ਇਸ ਦਾ ਕਾਰਨ ਵੀ ਪੂੰਜੀਪਤੀਆਂ ਦੁਆਰਾ ਕੁਦਰਤੀ ਸਰੋਤਾਂ ਨੂੰ ਸੁਆਹ ਬਣਾਉਣਾ ਹੀ ਹੈ। ਇਸ ਤਰਾਂ ਦੀ ਹਾਲਤ ਵਿੱਚ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਦੁਨੀਆਂ ਨੂੰ ਸੇਧ ਦੇਣੀ ਸੀ। ਅਜੋਕਾ ਜਥੇਦਾਰ ਤਾਂ ਆਪਣੀ ਨਿੱਕੀ ਜਿਹੀ ਕੌਮ ਨੂੰ ਸੇਧ ਦੇਣ ਤੋਂ ਅਸਮਰੱਥ ਹੈ।
ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਪੂਰਾ ਪ੍ਰਬੰਧ ਪ੍ਰਿਥੀ ਚੰਦ ਹੁਣਾ ਦੇ ਹੱਥ ਆ ਗਿਆ ਸੀ। ਬੇਸ਼ੱਕ ਗੁਰੁ ਹਰਗੋਬਿੰਦ ਸਾਹਿਬ ਕੋਲ਼ ਹਥਿਆਰਬੰਦ ਘੋੜ ਸਵਾਰਾਂ ਦੀ ਸ਼ਕਤੀ ਹੋ ਗਈ ਸੀ। ਪ੍ਰਿਥੀ ਚੰਦ ਅਤੇ ਚੰਦੂ ਆਦਿ ਨੇ ਸਰਕਾਰ ਦਾ ਸਹਾਰਾ ਲੈ ਕੇ ਦਰਬਾਰ ਸਾਹਿਬ ਤੇ ਕਾਬਜ ਹੋ ਗਏ ਸਨ। ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੂੰ ਜਬਾਨ ਬੰਦ ਰੱਖਣ ਲਈ ਮਜਬੂਰ ਕਰ ਦਿਤਾ ਸੀ। ਏਸੇ ਕਰਕੇ ਭਾਈ ਗੁਰਦਾਸ ਜੀ ਅਕਾਲ ਤਖਤ ਸਾਹਿਬ ਬਾਰੇ ਚੁੱਪ ਹਨ। ਇਸ ਤਰਾਂ ਦੀ ਹਾਲਤ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦਾ ਸੰਚਾਲਨ ਕੀਰਤਪੁਰ ਸਾਹਿਬ ਤੋਂ ਹੋ ਕੇ ਅਨੰਦਪੁਰ ਸਾਹਿਬ ਤੋਂ ਸ਼ੁਰੂ ਹੋ ਗਿਆ। ਸਾਰੇ ਹੁਕਮਨਾਮੇ ਸ੍ਰੀ ਅਨੰਦਪੁਰ ਸਾਹਿਬ ਤੋਂ ਹੋਣੇ ਸੁਰੂ ਹੋ ਗਏ । ਅਨੰਦ ਦਾ ਮਤਲਬ :- ਕਿਸੇ ਵੀ ਪ੍ਰਕਾਰ ਦੇ ਗਮ ਤੋਂ ਰਹਿਤ ਅਨੰਦ ਹੀ ਹੁੰਦਾ ਹੈ। ਓਥੇ ਕਿਸੇ ਵੀ ਕਿਸਮ ਦਾ ਗਮ ਨਹੀਂ ਹੁੰਦਾ । ਇਸ ਲਈ ਬੇਗਮਪੁਰਾ ਅਤੇ ਅਨੰਦਪੁਰ ਇੱਕ ਹੀ ਗੱਲ ਹੈ। ਇਕ ਵਾਰ 22-11-1664 ਨੂੰ ਗੁਰੁ ਤੇਗ ਬਹਾਦਰ ਸਾਹਿਬ ਆਪਣੀ ਪ੍ਰਚਾਰ ਵਹੀਰ ਨਾਲ਼ ਅੰਮ੍ਰਿਤਸਰ ਪੁੱਜੇ। ਮਸੰਦ ਪੁਜਾਰੀਆਂ ਨੇ ਸ੍ਰੀ ਦਰਬਾਰ ਸਾਹਿਬ ਦੇ ਦਰਵਾਜੇ ਬੰਦ ਕਰ ਦਿਤੇ ਅਤੇ ਆਪ ਗਾਇਬ ਹੋ ਗਏ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਥੜਾ ਸਾਹਿਬ (ਸ੍ਰੀ ਅਕਾਲ ਤਖਤ) ਤੋਂ ਹੀ ਸੰਗਤਾਂ ਨੂੰ ਉਪਦੇਸ਼ ਦਿਤਾ ਅਤੇ ਅੰਮ੍ਰਿਤਸਰ ਲਾਗੇ ਪਿੰਡ ‘ਵੱਲੇ’ ਪਹੁੰਚੇ। ਇਹ ਤੁਕਾਂ ਵੀ ਏਸੇ ਕਰਕੇ ਪ੍ਰਚੱਲਤ ਹੋਣਗੀਆਂ :-
ਨਹਂ ਮਸੰਦ ਤੁਮ ਅੰਮ੍ਰਿਤਸਰੀਏ,
ਤ੍ਰਿਸਨਾ ਅਗਨਿ ਤੇ ਅੰਤਰਸੜੀਏ॥
11-12-1675 ਨੂੰ ਗੁਰੁ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਦਿੱਲ਼ੀ ਵਿਖੇ ਹੋ ਗਈ। ਇਸ ਸ਼ਹੀਦੀ ਵਿੱਚੋਂ ਸ੍ਰੀ ਅਕਾਲ ਤਖਤ ਸਾਹਿਬ ਦਾ ਵਾਰਸ ਖਾਲਸਾ ਪੰਥ ਪ੍ਰਗਟ ਹੋਇਆ। ਹੁਣ ਦੇਖੋ ਪੀਰ ਦੀਆਂ ਮੀਰੀ ਝਲਕੀਆਂ। ਮੁਗਲ ਬਾਦਸ਼ਾਹ ਨੇ 12-04-1679 ਨੂੰ ਫੁਰਮਾਨ ਜਾਰੀ ਕੀਤਾ: ‘ਕੋਈ ਵੀ ਗੈਰ ਮੁਸਲਮਾਨ ਪਾਲਕੀ ਦੀ ਸਵਾਰੀ, ਹਾਥੀ ਦੀ ਸਵਾਰੀ ਨਾ ਕਰੇ, ਕੋਈ ਨਗਾਰਾ ਨਾ ਵਜਾਵੇ’। ਇਕ ਵੇਰ ਔਰੰਗਜੇਬ ਦੇ ਪੁੱਤਰ ਨੇ ਕਿਸੇ ਖੂਸ਼ੀ ਮੌਕੇ ਨਗਾਰਾ ਵਜਵਾ ਦਿਤਾ ਉਸ ਨੂੰ ਸਜਾ ਦਿੱਤੀ ਗਈ ਤੇ ਕਿਹਾ ਕਿ ਉਹ ਰਾਜ ਭਾਗ ਮਿਲਣ ਤੋਂ ਬਾਅਦ ਹੀ ਨਗਾਰਾ ਵਜਾਵੇ। ਇਸ ਤਰਾਂ ਦੇ ਮੌਕਿਆਂ ਤੇ ਢੋਲ ਵਜਾਉ। ਇਸ ਹੁਕਮ ਤੋਂ ਬਾਅਦ ਗੁਰੁ ਗੋਬਿੰਦ ਸਿੰਘ ਜੀ ਨੇ 05-03-1680 ਨੂੰ ਰਣਜੀਤ ਨਗਾਰਾ ਬਣਵਾਇਆ। ਪਹਾੜੀਆਂ ਵਿੱਚ ਨਗਾਰੇ ਦੀਆ ਗੂੰਜਾ ਪੈਣ ਲੱਗੀਆਂ। ਜਦੋਂ ਔਰੰਗਜੇਬ ਦੱਖਣ ਵਿੱਚ ਸੀ ਉਸ ਨੇ 13-02-1694 ਨੂੰ ਫਿਰ ਫੁਰਮਾਨ ਜਾਰੀ ਕੀਤਾ, ‘ਕੋਈ ਵੀ ਗੈਰ ਮੁਸਲਮਾਨ ਹਥਿਆਰ ਨਾ ਰੱਖੇ, ਹਾਥੀ ਪਾਲਕੀ, ਅਰਬੀ ਇਰਾਕੀ ਘੋੜੇ ਦੀ ਸਵਾਰੀ ਨਾ ਕਰੇ’।
28-02-1694 ਨੂੰ ਗੁਰੂ ਗੋਬਿੰਦ ਸਿਘ ਜੀ ਨੇ ਔਰੰਗਜੇਬ ਦੇ ਫੁਰਮਾਨ ਦੇ ਜੁਆਬ ਵਿੱਚ ਆਪਣੇ ਚੋਣਵੇਂ ਸੂਰਵੀਰਾਂ ਅਤੇ ਤੀਰ ਅੰਦਾਜਾਂ ਦਾ ਜੱਥਾ ਲੈ ਕੇ ਨਗਾਰਾ, ਨਿਸ਼ਾਨ, ਅਰਬੀ ਇਰਾਕੀ ਘੋੜੇ ਅਤੇ ਹਾਥੀ ਲੈ ਕੇ ਅਨੰਦਪੁਰ ਸਾਹਿਬ ਤੋਂ ਹਰਦੁਆਰ ਪ੍ਰਚਾਰ ਫੇਰੀ ਕੱਢੀ। ਹਰਦੁਆਰ ਵਿਖੇ ਵਿਸਾਖੀ ਦਾ ਮੇਲਾ ਮਨਾਇਆ। ਢਾਡੀਆਂ ਨੇ ਵਾਰਾਂ ਗਾਈਆਂ। ਗੁਰੁ ਜੀ ਨੂੰ ਇਹ ਗੱਲ ਪਹਿਲਾਂ ਹੀ ਪਤਾ ਸੀ ਕਿ ਪੀਹੜੀਆਂ ਦੀ ਜੰਮੀ ਮੁਗਲ ਤਾਕਤ ਨਾਲ਼ ਮੱਥਾ ਲਗਾਉਣ ਦਾ ਮਤਲਬ ਕੇਵਲ ਮੌਤ ਹੀ ਨਹੀਂ ਬਲਕਿ ਸਰਬੰਸ ਵਾਰਨਾ ਪੈਣਾ ਹੈ। ਗੁਰੁ ਜੀ ਨੇ ਸੰਗਤਾਂ ਦੇ ਨਾਮ ਹੁਕਮਨਾਮੇ ਭੇਜੇ: ਗੁਰੁ ਜੀ ਦੀ ਆਗਿਆਂ ਹੈ, ਭਾਈ ਤਿਲੋਕਾ, ਭਾਈ ਰਾਮਾ, ਸਰਬੱਤ ਸੰਗਤ ਗੁਰੁ ਰੱਖੇਗਾ। ਤੁਧ ਫੌਜਾਂ ਲੇ ਕੇ ਸਾਡੇ ਹਜੂਰ ਆਵਣਾ। ਮੇਰੀ ਤੇਰੇ ਉਪਰ ਬਹੁਤ ਖੁਸ਼ੀ ਹੈ। ਤੇਰਾ ਘਰ ਮੇਰਾ ਘਰ ਹੈ। ਤੁਧੁ ਹੁਕਮ ਦੇਖਦਿਆਂ ਛੇਤੀ ਹੀ ਅਸਾਡੇ ਹਜੂਰ ਆਵਣਾ। ਤੇਰਾ ਘਰ ਮੇਰਾ ਘਰ ਅਸੈ। ਤੁਧੁ ਸ਼ਤਾਬੀ ਹੁਕਮ ਦੇਖਦਿਆਂ ਹੀ ਆਂਵਣਾ। ਤੁਸਾਂ ਅਸਵਾਰ ਲੈ ਕੇ ਆਵਣਾ। ਜਰੂਰ ਆਵਣਾ। ਤੇਰੇ ਉਤੇ ਸਾਡੀ ਖਰੀ ਮਿਹਰਬਾਨੀ ਅਸੈ। ਤੈ ਆਵਣਾ। ਇੱਕ ਇੱਕ ਜੋੜਾ ਭੇਜਾ ਹੈ ਰਖਾਵਣਾ। ਭਾਦੋਂ 2 ਸੰਮਤ 1753॥ ਇੱਕ ਹੋਰ ਹੁਕਮਨਾਮਾ : ‘ੴ ਸਤਿਗੁਰੂ ਜੀ। ਸ੍ਰੀ ਸਤਿਗੁਰ ਜੀਓ ਕੀ ਆਗਿਆਂ ਹੈ ਭਾਈ ਸੁਖੀਆ, ਸਰਬੱਤ ਸੰਗਤ ਰੂਪੈ ਕੀ ਗੁਰੂ ਰੱਖੇਗਾ। ਸੰਗਤ ਗੁਰੂ ਗੁਰੂ ਜਪਣਾ। ਜਨਮ ਸੌਰੇਗਾ। ਅਸਵਾਰ ਪਿਆਦੇ, ਪੈਦਲ ਫੌਜ, ਬਦੂਕਾਂ। ਜਮੀਅਤ (ਫੌਜ) ਲੈ ਕੇ ਆਵਣਾ’। ਇਹ ਸੱਭ ਪੀਰ ਦੀਆਂ ਮੀਰੀ ਝਲਕਾਂ ਹਨ। ਹੁਣ ਗੁਰੁ ਨਾਨਕ ਸਾਹਿਬ ਵਾਲ਼ੇ ਹੁਕਮ ਨੂੰ ਅਮਲੀ ਜਾਮਾ ਪਵਾਉਣਾ ਸੀ। 23-03-1699 ਨੂੰ ਗੁਰੁ ਨਾਨਕ ਸਾਹਿਬ ਜੀ ਦੇ ਹੁਕਮ ਨਾਮੇ
ਜਉ ਤਉ ਪ੍ਰੇਮ ਖੇਲਣਿ ਕਾ ਚਾਉ॥
ਸਿਰ ਧਰ ਤਲੀ ਗਲੀ ਮੇਰੀ ਆਉ॥
ਨੂੰ ਅੰਮ੍ਰਿਤ ਛਕਾ ਕੇ ਅਮਲੀ ਜਾਮਾ ਪਹਿਨਾਇਆ। ਸ੍ਰੀ ਅਕਾਲ ਤਖਤ ਸਾਹਿਬ ਦਾ ਵਾਰਸ ਖਾਲਸਾ ਪੰਥ ਪ੍ਰਗਟ ਹੋਣ ਤੋਂ ਬਾਅਦ ਗੁਰੁ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਅਕਾਲ ਤਖਤ ਸਾਹਿਬ ਜੀ ਦਾ ਸੇਵਾਦਾਰ ਥਾਪ ਕੇ ਭੇਜਿਆ ਸੀ। ਅਸੀਂ ਸਾਰੇ ਜਾਣਦੇ ਹਾਂ ਕਿ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ 91 ਸਾਲ ਦੀ ਉਮਰ ਵਿੱਚ ਬੰਦ ਬੰਦ ਕਟਵਾ ਕੇ ਹੋਈ ਸੀ। ਗੁਰੁ ਜੀ ਨੇ ਹੱਕ ਸੱਚ ਅਤੇ ਇੰਨਸਾਫ ਦੀ ਖਾਤਰ ਖਾਲਸਾ ਪੰਥ ਤੋਂ ਆਪਣਾ ਸਰਬੰਸ ਵਾਰ ਦਿਤਾ ਸੀ। ਬਾਬਾ ਦੀਪ ਸਿੰਘ ਜੀ ਦਾ ਸੀਸ ਅੰਮਿਰਤਸਰ ਅਕਾਲ ਤਖਤ ਸਾਹਿਬ ਨੂੰ ਭੇਂਟ ਹੋਇਆ। ਬਾਬਾ ਗੁਰਬਖਸ਼ ਸਿੰਘ ਆਪਣੇ 30 ਸਿੰਘਾਂ ਸਮੇਤ ਸ੍ਰੀ ਅਕਾਲ ਤਖਤ ਸਾਹਿਬ ਲਾਗੇ ਸ਼ਹੀਦ ਹੋਏ ਸਨ। ਭਾਈ ਮਨੀ ਸਿੰਘ ਜੀ ਨੇ ਸ਼ਹੀਦ ਹੋਣ ਤੋਂ ਪਹਿਲਾਂ ਅਕਾਲ ਤਖਤ ਸਾਹਿਬ ਦਾ ਜਥੇਦਾਰ ਸਰਦਾਰ ਕਪੂਰ ਸਿੰਘ ਫੈਜਲਪੁਰੀਏ ਨੂੰ ਥਾਪ ਦਿਤਾ ਸੀ। ਇਹ ਸਾਰੀਆਂ ਇਤਿਹਾਸਿਕ ਘਟਨਾਵਾਂ ਹਨ।
1734 ਤੋਂ 1765 ਤੱਕ ਦਾ ਸਮਾਂ ਦਲ ਖਾਲਸਾ ਦਾ ਹੈ। ਇਹ ਖਾਲਸੇ ਦਾ ਸੁਨਿਹਿਰੀ ਸਮਾਂ ਸੀ। 1745 ਨੂੰ ਜਕਰੀਆ ਖਾਨ ਮਰ ਗਿਆ। ਸਿੰਘ ਜੰਗਲਾਂ ਤੋਂ ਬਾਹਰ ਨਿਕਲਣ ਲੱਗੇ ਸਨ। ਸਰਬੱਤ ਖਾਲਸਾ ਸਮਾਗਮ ਸ਼ੁਰੂ ਹੋ ਗਏ। ਨਵਾਬ ਕਪੂਰ ਸਿੰਘ ਦੀ ਅਗਵਾਈ ਵਿੱਚ 1746 ਦੀ ਦੀਵਾਲ਼ੀ ਮੌਕੇ 25 ਜਥਿਆਂ ਨੇ ਮਿਲ਼ ਕੇ ਗੁਰਮਤਾ ਕੀਤਾ। ਇਸ ਵਿੱਚ ਅਗਲਾ ਸਰਬੱਤ ਖਾਲਸਾ ਵਿਸਾਖੀ 1747 ਨੂੰ ਮਿਥਿਆ ਗਿਆ। ਇਸ ਗੁਰਮਤੇ ਵਿੱਚ ਸਾਰੇ ਜੱਥਿਆਂ ਨੇ ਕਿਲਾ ਰਾਮਰੌਣੀ ਦੇ ਆਲ਼ੇ ਦੁਆਲ਼ੇ ਆਪੋ ਆਪਣੇ ਜਥਿਆਂ ਲਈ ਕੋਠੜੀਆਂ ਬਣਵਾਈਆ ਤਾਂਕਿ ਉਹ ਇਹਨਾਂ ਵਿੱਚ ਆਪੋ ਆਪਣਾ ਸਮਾਨ ਰੱਖ ਸਕਣ। ਏਸੇ ਹੀ ਸਮੇਂ ਅਬਦਾਲੀ ਨੇ ਹਮਲਾ ਬੋਲ ਦਿਤਾ। 25 ਜੱਥਿਆਂ ਦੇ 65 ਜੱਥੇ ਬਣ ਗਏ। ਨਵਾਬ ਕਪੂਰ ਸਿੰਘ ਜੀ ਦੀ ਉਮਰ ਜਿਆਦਾ ਹੋਣ ਕਰਕੇ ਫਿਰ ਇਕੱਠ ਕੀਤਾ। 65 ਜਥਿਆਂ ਨੁੰ ਭੰਗ ਕਰਕੇ 11 ਜੱਥੇ ਬਣ ਗਏ ਅਤੇ ਨਾਮ ਰੱਖਿਆ ਦਲ ਖਾਲਸਾ। ਜੱਸਾ ਸਿੰਘ ਆਹਲੂਵਾਲ਼ੀਏ ਨੂੰ ਸਾਂਝਾ ਨੇਤਾ ਚੁਣ ਲਿਆ ਗਿਆ। ਦਲ ਖਾਲਸਾ ਨੇ 07-11-1760 ਨੂੰ ਲਹੌਰ ਤੇ ਕਬਜਾ ਕਰਨ ਦਾ ਗੁਰਮਤਾ ਕੀਤਾ। ਇਹਨਾਂ ਨੇ ਲਹੌਰ ਦਾ ਕਿਲਾ ਘੇਰ ਲਿਆ। ਲਹੌਰ ਦਾ ਗਵਰਨਰ ਮੀਰ ਮੁਹੰਮਦ ਤੀਹ ਹਜ਼ਾਰ ਦਾ ਨਜ਼ਰਾਨਾ ਲੈ ਕੇ ਦਲ ਖਾਲਸਾ ਅੱਗੇ ਪੇਸ਼ ਹੋਇਆ। 1761 ਦੀ ਦੀਵਾਲ਼ੀ ਦਲ ਖਾਲਸਾ ਨੇ ਬੜੀ ਸ਼ਾਨੋ ਸ਼ੌਕਤ ਨਾਲ ਮਨਾਈ। ਸਰਦਾਰ ਜੱਸਾ ਸਿੰਘ ਆਹਲੂਵਾਲ਼ੀਏ ਨੂੰ ਸੁਲਤਾਨ-ਉਲ-ਕੌਮ ਘੋਸ਼ਿਤ ਕੀਤਾ ਗਿਆ। 05-02-1762 ਨੂੰ ਅਹਿਮਦ ਸ਼ਾਹ ਅਬਦਾਲੀ ਨੇ ਭਾਰੀ ਫੌਜ ਨਾਲ਼ ਭਾਰਤ ਤੇ ਹਮਲਾ ਕੀਤਾ। ਉਸ ਦਾ ਨਿਸ਼ਾਨਾ ਸਿੱਖ ਸ਼ਕਤੀ ਨੂੰ ਨਸ਼ਟ ਕਰਨਾ ਸੀ। ਦਲ ਖਾਲਸਾ ਅਤੇ ਅਹਿਮਦਸ਼ਾਹ ਅਬਦਾਲੀ ਦੀਆਂ ਫੌਜਾਂ ਦਾ ਮੁਕਾਬਲਾ ਕੁੱਪ ਰਹੀੜੇ ਹੋਇਆ। ਇਸ ਲੜਾਈ ਵਿੱਚ ਤੀਹ ਹਜ਼ਾਰ ਸਿੰਘ ਸ਼ਹੀਦ ਹੋ ਗਏ। ਸਿੱਖ ਇਤਿਹਾਸ ਵਿੱਚ ਇਸ ਨੂੰ ਵੱਡਾ ਘੱਲੂਘਾਰਾ ਕਰਕੇ ਯਾਦ ਕੀਤਾ ਜਾਂਦਾ ਹੈ। ਏਸੇ ਸਮੇਂ ਅਹਿਮਦਸ਼ਾਹ ਅਬਦਾਲੀ ਨੇ ਸ੍ਰੀ ਦਰਬਾਰ ਸਾਹਿਬ ਨੂੰ ਵੀ ਬਾਰੂਦ ਨਾਲ਼ ਉਡਵਾ ਦਿਤਾ ਅਤੇ ਸਰੋਵਰ ਗਊਆਂ ਦੇ ਪਿੰਜਰਾਂ ਅਤੇ ਕੂੜੇ ਕਰਕਟ ਨਾਲ਼ ਭਰ ਦਿੱਤਾ। ਸਿੰਘਾਂ ਨੇ ਬਦਲਾ ਲੈਣ ਦਾ ਪ੍ਰਣ ਕੀਤਾ।
17-10-1762 ਦੀਵਾਲ਼ੀ ਮੌਕੇ 60 ਹਜ਼ਾਰ ਸਿੰਘਾਂ ਦਾ ਇਕੱਠ ਸ੍ਰੀ ਅੰਮ੍ਰਿਤਸਰ ਲਾਗੇ ਹੋਇਆ। ਅਬਦਾਲੀ ਵੀ ਭਾਰੀ ਫੌਜ ਲੈ ਕੇ ਆ ਗਿਆ। ਸਾਰਾ ਦਿਨ ਲੜਾਈ ਹੁੰਦੀ ਰਹੀ। ਰਾਤ ਨੂੰ ਮੌਕਾ ਪਾ ਕੇ ਅਬਦਾਲੀ ਭੱਜ ਗਿਆ। 04-11-1763 ਨੂੰ ਇਕ ਗੁਰਮਤਾ ਕਰਕੇ ਦਰਬਾਰ ਸਾਹਿਬ ਦੀ ਮੁਰੰਮਤ ਕੀਤੀ ਗਈ। ਸਤੰਬਰ 1764 ਨੂੰ ਅਬਦਾਲੀ ਨੇ ਫਿਰ ਹਮਲਾ ਕਰ ਦਿਤਾ। ਇਸ ਸਮੇਂ ਜਥੇਦਾਰ ਗੁਰਬਖਸ਼ ਸਿੰਘ ਅਤੇ 30 ਸਿੰਘਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਸ਼ਹੀਦੀ ਦਿਤੀ । ਵੈਸਖੀ 1765 ਨੂੰ ਸਿੰਘਾਂ ਨੇ ਲਹੌਰ ਤੇ ਕਬਜਾ ਕਰ ਲਿਆ। ਅਬਦਾਲੀ ਨੂੰ ਭਜਾ ਦਿਤਾ। ਸਿੰਘਾਂ ਨੇ ਲਹੌਰ ਤੋਂ ਖਾਲਸਾ ਰਾਜ ਦਾ ਸਿੱਕਾ ਚਾਲੂ ਕੀਤਾ । ਇਹ ਖਾਲਸਾ ਰਾਜ 30ਸਾਲ ਸਿੱਖ ਮਿਸਲਾਂ ਦੇ ਅਧੀਨ ਰਿਹਾ।
ਅਹਿਮਦ ਸ਼ਾਹ ਅਬਦਾਲੀ ਦੇ ਪੁੱਤਰ ਤੈਮੂਰ 1792 ਵਿੱਚ ਹਮਲਾ ਕੀਤਾ । ਇਸ ਦਾ ਮੁਕਾਬਲਾ ਕਰਨ ਲਈ ਕੁੱਝ ਮਿਸਲਾਂ ਨੇ ਰਲ਼ ਕੇ ਰਣਜੀਤ ਸਿੰਘ ਨੂੰ ਸਾਂਝਾ ਨੇਤਾ ਚੁਣ ਲਿਆ ਅਤੇ ਤੈਮੂਰ ਨੂੰ ਮਾਤ ਦਿੱਤਾ। ਤੈਮੂਰ ਸ਼ਾਹ ਨੇ ਦੂਜਾ ਹਮਲਾ 1798 ਵਿੱਚ ਕੀਤਾ। ਰਣਜੀਤ ਸਿੰਘ ਨੇ ਕਰਾਰਾ ਜੁਆਬ ਦਿਤਾ। ਰਣਜੀਤ ਸਿੰਘ ਨੂੰ ਪੰਜਾਬ ਦਾ ਮਹਾਰਾਜਾ ਘੋਸ਼ਿਤ ਕਰ ਦਿਤਾ। 1800 ਵਿੱਚ ਜਥੇਦਾਰ ਨਰਾਇਣ ਸਿੰਘ ਅਕਾਲ ਚਲਾਣਾ ਕਰ ਗਿਆ ਅਤੇ ਅਕਾਲੀ ਫੂਲਾ ਸਿੰਘ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਣ ਗਏ। ਅਕਾਲੀ ਫੂਲਾ ਸਿੰਘ ਕੋਲ਼ ਆਪਣੀ ਫੌਜ ਵੀ ਸੀ। ਮਹਾਰਾਜਾ ਰਣਜੀਤ ਸਿੰਘ ਨੇ ਅੰਮ੍ਰਿਤਸਰ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਪਰਬੰਧ ਵਿੱਚ ਕੋਈ ਦਖਲ ਨਹੀਂ ਦਿਤਾ। ਇੱਕ ਵਾਰ ਕਿਸੇ ਅਵੱਗਿਆ ਕਰਕੇ ਮਹਾਰਾਜਾ ਰਣਜੀਤ ਸਿੰਘ ਨਿਮਰਤਾ ਨਾਲ਼ ਅਕਾਲ ਤਖਤ ਦੇ ਸਨਮੁੱਖ ਪੇਸ਼ ਹੋਇਆ। ਕੋਰੜਿਆਂ ਦੀ ਸਜਾ ਮੰਨਜੂਰ ਕੀਤੀ। 1823 ਜਦੋਂ ਪਠਾਣਾ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਭਾਰੀ ਚੁਣੌਤੀ ਦਿੱਤੀ ਤਾਂ ਅਕਾਲੀ ਫੂਲਾ ਸਿੰਘ ਨੇ ਆਪਣੇ ਸਿੰਘ ਸਿਪਾਹੀਆਂ ਨਾਲ਼ ਮੁਕਾਬਲਾ ਕੀਤਾ ਏਸੇ ਸਮੇਂ ਹੀ ਅਕਾਲੀ ਫੂਲਾ ਸਿੰਘ ਜੀ ਆਪਣੇ ਬਹੁਤ ਸਾਰੇ ਸਿੰਘਾਂ ਸਮੇਤ ਸ਼ਹੀਦੀ ਪਾ ਗਏ।
1849 ਤੋਂ 1947 ਦਾ ਸਮਾਂ ਅੰਗਰੇਜੀ ਰਾਜ ਦਾ ਸਮਾਂ ਸੀ। ਅੰਗਰੇਜਾਂ ਨੇ ਪਹਿਲਾਂ ਪਹਿਲਾਂ ਬੜੀ ਸੁਹਿਰਦਤਾ ਨਾਲ਼ ਸ੍ਰੀ ਦਰਬਾਰ ਸਾਹਿਬ ੳਤੇ ਅਕਾਲ ਤਖਤ ਸਾਹਿਬ ਦੇ ਪ੍ਰਬੰਧ ਨੂੰ ਠੀਕ ਕਰਨ ਦੀ ਕੋਸ਼ਿਸ ਕੀਤੀ। ਦੋ ਵਾਰੀ ਪ੍ਰਬੰਧਕ ਕਮੇਟੀਆਂ ਬਣਾਈਆਂ ਗਈਆਂ ਅਤੇ ਉਹਨਾਂ ਨੂੰ ਪ੍ਰਬੰਧ ਚਲਾਉਣ ਦੀ ਸ਼ਕਤੀ ਦਿਤੀ ਗਈ। ਪਹਿਲੀ ਕਮੇਟੀ 05-09-1869 ਨੂੰ ਹੇਠ ਲਿਖੇ ਸਿੰਘਾਂ ਦੀ ਸਰਦਾਰੀ ਹੇਠ ਬਣਾਈ ਰਾਜਾ ਤੇਜਾ ਸਿੰਘ, ਸ਼ਮਸ਼ੇਰ ਸਿੰਘ ਸੰਧਾਵਾਲ਼ੀਆ, ਸ.ਦਿਆਲ ਸਿੰਘ ਮਜੀਠੀਆ, ਭਾਈ ਪ੍ਰਦੂਮਣ ਸਿੰਘ, ਸ. ਜੈਮਲ ਸਿੰਘ ਖੰਡੇਵਾਲ਼ੀਆ, ਸ. ਸਾਹਿਬ ਸਿੰਘ ਮਜੀਠੀਆ, ਰਾਏਮੂਲ ਸਿੰਘ, ਸ.ਮੰਗਲ਼ ਸਿੰਘ ਰਾਮਗੜੀਆ, ਸ. ਲਾਭ ਸਿੰਘ ਅਤੇ ਸਰਦਾਰ ਹਰਦਿਤਾ ਸਿੰਘ ਪ੍ਰਧਾਨੀਆ। ਇਸ ਕਮੇਟੀ ਦਾ ਨਾਮ ਦਸਤੂਰ-ਉਲ-ਅਮਲ ਰੱਖਿਆ ਗਿਆ। ਇਸ ਕਮੇਟੀ ਦੇ ਨਿਯਮ ਸਨ :-
1. ਸ੍ਰੀ ਦਰਬਾਰ ਸਾਹਿਬ ਜੀ ਦੀ ਸਾਰੀ ਜਾਇਦਾਦ ਗੁਰੁ ਰਾਮਦਾਸ ਸਾਹਿਬ ਜੀ ਦੀ ਹੈ।
2. ਪੁਜਾਰੀਆਂ ਗ੍ਰੰਥੀਆਂ ਨੂੰ ਚੜ੍ਹਾਵੇ ਵਿੱਚੋਂ ਖਰਚਾ ਦਿੱਤਾ ਜਾਵੇਗਾ।
3. ਅੰਗਰੇਜ ਸਰਕਾਰ ਦੀ ਸੁਲਹ ਨਾਲ਼ ਸਰਬਰਾਹ ਚੁਣਿਆ ਜਾਵੇਗਾ।
4. ਚੜ੍ਹਾਵੇ ਦਾ ਲੇਖਾ ਜੋਖਾ ਹੋਵੇਗਾ।
5. ਉਸਾਰੀ ਦਾ ਕੰਮ ਸੰਤ ਸਿੰਘ ਨੂੰ ਸੌਪਿਆ ਗਿਆ।
6. ਕਸੂਰਵਾਰ ਪੁਜਾਰੀਆਂ ਨੂੰ ਬਰਖਾਸਤ ਕਰਨ ਦਾ ਅਧਿਕਾਰ ਹੈ।
7. ਸਰਬਰਾਹ ਦੀ ਇੱਕ ਵੱਖਰੀ ਕਮੇਟੀ ਹੋਵੇਗੀ।
ਬੇਸੱਕ ਅੰਗਰੇਜ ਸਰਕਾਰ ਨੇ ਇਹ ਕਮੇਟੀ ਦਰਬਾਰ ਸਾਹਿਬ ਦਾ ਪ੍ਰਬੰਧ ਠੀਕ ਠਾਕ ਕਰਨ ਲਈ ਬਣਾਈ ਸੀ ਪਰ ਸਿੱਖ ਸਰਦਾਰਾਂ ਨੁੰ ਕਾਬੂ ਕਰਨ ਲਈ ਕੱਟੜ ਹਿੰਦੂ ਅਫਸਰਾਂ ਨੂੰ ਲਗਾ ਦਿਤਾ। ਕਮੇਟੀ ਵਾਲ਼ਿਆਂ ਦਸਤੂਰ-ਉਲ-ਅਮਲ ਕੋਈ ਨਾ ਕੀਤਾ। ਪੁਜਾਰੀ ਅੰਗਰੇਜਾਂ ਦੇ ਚਾਪਲੂਸ ਹੋ ਕੇ ਆਪਣੀ ਮਰਜੀ ਕਰਨ ਲੱਗੇ। 18-03-1887 ਨੂੰ ਪੁਜਾਰੀਆਂ ਨੇ ਰਲ਼ ਕੇ ਇੱਕ ਮਹਾਨ ਵਿਦਵਾਨ ਪ੍ਰਚਾਰਕ ਪ੍ਰੋ.ਗਰਮੁੱਖ ਸਿੰਘ ਨੂੰ ਛੇਕ ਦਿਤਾ।
12-10-1920 ਨੂੰ ਕੁੱਝ ਦਲਿਤ ਫੌਜੀ ਸਿੰਘ ਅੰਮ੍ਰਿਤ ਛਕ ਕੇ ਸ੍ਰੀ ਅਕਾਲ ਤਖਤ ਸਾਹਿਬ ਅਰਦਾਸ ਲਈ ਕੜਾਹ ਪ੍ਰਸਾਦਿ ਲੈ ਕੇ ਗਏ। ਪੁਜਾਰੀਆਂ ਨੂੰ ਬਿਫਤਾ ਪੈ ਗਈ। ਉਹ ਅਕਾਲ ਤਖਤ ਸਾਹਿਬ ਛੱਡ ਕੇ ਭੱਜ ਗਏ। ਜਦੋਂ ਬੁਲਾਉਣ ਤੇ ਵੀ ਨਾ ਆਏ ਤਾਂ ਸਰਬਰਾਹ ਅਰੂੜ ਸਿੰਘ ਨੇ ਅੰਗਰੇਜਾਂ ਦੀ ਸਲਾਹ ਨਾਲ਼ ਦਰਬਾਰ ਸਾਹਿਬ ਦਾ ਪ੍ਰਬੰਧ ਉਹਨਾਂ ਨੂੰ ਹੀ ਸੰਭਾਲ਼ ਦਿਤਾ। ਨੌਂ ਮੈਂਬਰੀ ਕਮੇਟੀ ਬਣਾ ਦਿਤੀ ਗਈ। ਫੌਜੀ
ਬਾਕੀ ਸਫ਼ਾ 2 ’ਤੇ
ਬਿਸ਼ਨ ਸਿੰਘ ਨੂੰ ਸਰਬਰਾਹ ਬਣਾ ਦਿਤਾ। 12-12-1920 ਨੂੰ ਨਵੀਂ ਕਮੇਟੀ ਦੀ ਚੋਣ ਹੋਈ ਤਾਂ 175 ਮੈਂਬਰ ਚੁਣੇ ਗਏ। ਗੁਰਦੁਆਰਾ ਸੁਧਾਰ ਲਹਿਰ ਚੱਲ ਪਈ। ਕਾਗਰਸ ਨੇ ਕੁਟਿਲ ਨੀਤੀਆਂ ਸ਼ੁਰੂ ਕਰਕੇ ਗੁਰਦੁਆਰਾ ਸੁਧਾਰ ਲਹਿਰ ਵਿੱਚ ਘੁਸਪੈਠ ਕਰਕੇ ਗੁਰਦੁਆਰਾ ਸੁਧਾਰ ਲਹਿਰ ਨੂੰ ਪਾੜ ਲਿਆ। ਗੁਰਦੁਆਰਾ ਸੁਧਾਰ ਲਹਿਰ ਨੂੰ ਭਾਰਤ ਦੀ ਅਜਾਦੀ ਦੀ ਲਹਿਰ ਵਿੱਚ ਬਦਲ ਦਿਤਾ। ਪ੍ਰਚਾਰਿਆ ਗਿਆ ਜੇ ਭਾਰਤ ਅਜਾਦ ਹੋ ਗਿਆ ਤਾਂ ਗੁਰਦੁਆਰੇ ਆਪੇ ਅਜਾਦ ਹੋ ਜਾਣਗੇ। ਅੰਗਰੇਜਾਂ ਨੇ ਗੁਰਦੁਆਰਾ ਐਕਟ 1925 ਬਣਾ ਦਿਤਾ। ਕਾਂਗਰਸ ਨੇ ਸਿੱਖਾਂ ਦੇ ਲੀਡਰ ਮਾਸਟਰ ਤਾਰਾ ਸਿੰਘ ਨੂੰ ਆਪਣੇ ਵੱਸ ਵਿੱਚ ਕਰ ਲਿਆ। ਸਿੱਖਾਂ ਦੀ ਸਾਰੀ ਰਾਜਨੀਤੀ ਮਾਸਟਰ ਤਾਰਾ ਸਿੰਘ ਦੇ ਆਲੈ ਦੁਆਲ਼ੇ ਘੁਮਣ ਲੱਗੀ। ਇਸ ਸਮੇਂ ਅਕਾਲ ਤਖਤ ਸਾਹਿਬ ਦਾ ਜਥੇਦਾਰ ਸ. ਗੁਰਮੁਖ ਸਿੰਘ ਸੀ। ਇਸ ਤੋਂ ਬਾਅਦ ਸ. ਮੋਹਣ ਸਿੰਘ ਨਾਗੋਕੇ ਹੋ ਗਏ। 21-10-1934 ਨੂੰ ਸ. ਵਸਾਖਾ ਸਿੰਘ ਦਾਦੇਹਰ ਨੂੰ ਜਥੇਦਾਰ ਅਕਾਲ ਤਖਤ ਲਗਾਇਆ ਗਿਆ। 13-06-1936 ਨੂੰ ਇੱਕ ਹੁਕਮਨਾਮਾ ਪਾਸ ਕੀਤਾ ਗਿਆ, ‘ਸਰਬੱਤ ਖਾਲਸਾ ਅਤੇ ਗੁਰਦੁਆਰਿਆਂ ਦੇ ਸੇਵਾਦਾਰਾਂ ਪ੍ਰਤੀ ਸ੍ਰੀ ਅਕਾਲ ਤਖਤ ਦਾ ਹੁਕਮ ਹੈ ਕਿ ਜੋ ਅੰਮ੍ਰਿਤਧਾਰੀ ਪ੍ਰਾਣੀ ਮਾਤਰ ਨਾਲ਼ ਸੰਗਤ ਪੰਗਤ ਵਿੱਚ ਇੱਕੋ ਜਿਹਾ ਵਿਵਹਾਰ ਕਰਨ। ਪਿਛਲੀ ਜਾਤ ਨਹੀਂ ਪੁੱਛਣੀ, ਭਰਮ ਨਹੀਂ ਕਰਨਾ। ਏਹੋ ਸ੍ਰੀ ਗੁਰੁ ਜੀ ਦੀ ਆਗਿਆ ਹੈ। ਜੋ ਸਿਰ ਨਿਭਾਏਗਾ। ਗੁਰੁ ਉਸ ਦੀ ਬਹੁੜੀ ਕਰਨਗੇ’। (ਮੋਹਰ ਜਥੇਦਾਰ)
ਭਾਰਤ ਅਜਾਦ ਹੋ ਗਿਆ। 28-05-1948 ਨੂੰ ਅਕਾਤ ਤਖਤ ਸਾਹਿਬ ਤੋਂ ਹੁਕਮਨਾਮਾ, ‘ਸਾਡਾ ਭਾਰਤ ਵਿਦੇਸ਼ੀ ਗੁਲਾਮੀ ਤੋਂ ਅਜਾਦ ਹੋ ਗਿਆ। ਅਜਾਦੀ ਦੀ ਭੇਂਟ ਸਿੱਖ ਸੰਗਤ ਨੇ ਬਹੁਤ ਦਿੱਤੀ ਹੈ। ਅਜਾਦ ਭਾਰਤ ਵਿੱਚ ਅਸਾਂ ਪੰਥ ਨੂੰ ਚੜਦੀ ਕਲਾ ਵਿੱਚ ਰੱਖਣਾ ਹੈ। ਦੇਸ਼ ਨੂੰ ਤਰੱਕੀ ਦੇ ਸਿਰੇ ਤੇ ਪਹੁੰਚਾਣਾ ਹੈ। ਸਿੱਖ ਸੰਗਤ ਹੇਠ ਲਿਖੀਆਂ ਗੱਲਾਂ ਵੱਲ ਧਿਆਨ ਦੇਵੇ।
1. ਪਾਕਿਸਤਾਨ ਰਹਿ ਗਈਆਂ ਮਾਸੂਮ ਭੈਣਾਂ ਦੀ ਅਜਾਦੀ ਲਈ ਅਰਦਾਸ ਕਰਨੀ।
2. ਪਾਕਿਸਤਾਨ ਵਿੱਚ ਘਰ ਘਾਟ ਲੁਟਾ ਕੇ ਆਏ ਭੈਣ ਭਰਾਂਵਾਂ ਨੂੰ ਮੁੜ ਵਸੇਬਾ ਕਰਵਾਉਣ ਲਈ ਉਦਮ ਕਰਨਾ।
3. ਦੇਸ਼ ਦੀ ਰੱਖਿਆ ਲਈ ਫੌਜੀ ਸਿੱਖਿਆ ਲੈਣੀ।
4. ਸ਼ਰਾਬ ਪੀਣ ਦਾ ਤਿਆਗ ਕਰਨਾ।
ਕਾਂਗਰਸ ਨੇ ਇਹ ਵਾਅਦਾ ਕੀਤਾ ਸੀ ਕਿ ਪਹਿਲਾਂ ਦੇਸ਼ ਅਜਾਦ ਕਰਵਾ ਲਵੋ ਗੁਰਦੁਆਰੇ ਆਪੇ ਹੀ ਅਜਾਦ ਹੋ ਜਾਣਗੇ। 19-02-1949 ਨੂੰ ਸਿੱਖਾਂ ਦੇ ਲੀਡਰ ਮਾਸਟਰ ਤਾਰਾ ਸਿੰਘ ਨੂੰ ਪਹਿਲਾ ਤੋਹਫਾ ਮਿਲਿਆ ‘ਜੇਹਲ਼’। ਜਦੋਂ ਮਾਸਟਰ ਜੀ ਦੀ ਤੰਦਰੁਸਤੀ ਲਈ ਅਰਦਾਸ ਲਈ ਸ੍ਰੀ ਅਕਾਲ ਤਖਤ ਸਾਹਿਬ ਪਹੁੰਚੇ ਤਾਂ ਜਥੇਦਾਰ ਮੋਹਣ ਸਿੰਘ ਨਾਗੋਕੇ ਨੇ ਅਰਦਾਸ ਨਾ ਹੋਣ ਦਿੱਤੀ। ਅਜਾਦ ਭਾਰਤ ਵਿੱਚ ਜਥੇਦਾਰ ਕੇਂਦਰ ਸਰਕਾਰ ਦੇ ਹੱਥ ਠੋਕੇ ਹੀ ਲਗਾਏ ਗਏ। ਉਹਨਾਂ ਨੂੰ ਸੁਤੰਤਰਤਾ ਨਾਲ਼ ਕਦੇ ਵੀ ਕੋਈ ਫੈਸਲਾ ਨਾ ਲੈਣ ਦਿੱਤਾ। ਬੇਸੱਕ ਜਥੇਦਾਰ ਤੇਜਾ ਸਿੰਘ ਭੁੱਚਰ, ਅੱਛਰ ਸਿੰਘ, ਚੰਨਣ ਸਿੰਘ ਓਨਾੜਾ, ਮੋਹਣ ਸਿੰਘ ਤੁੜ, ਸਾਧੂ ਸਿੰਘ ਭੌਰ ਅਤੇ ਗੁਰਦਿਆਲ ਸਿੰਘ ਅਜਨੋਹਾ ਆਦਿ ਸਿੱਖੀ ਜਜਬਾਤਾਂ ਵਾਲ਼ੇ ਸਨ। ਇਹਨਾਂ ਨੂੰ ਅਕਾਲੀ ਦਲ ਦੇ ਪ੍ਰਧਾਨਾ ਆਦਿ ਨੇ ਸੁਤੰਤਰਤਾ ਨਾਲ਼ ਕੰਮ ਨਹੀਂ ਕਰਨ ਦਿੱਤਾ। ਜਥੇਦਾਰ ਗਿਆਨੀ ਅੱਛਰ ਸਿੰਘ ਦੇ ਸਮੇਂ 10-05-1955 ਤੋਂ ਅਕਾਲੀ ਦਲ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਜਾਬੀ ਸੂਬੇ ਲਈ ਮੋਰਚੁੇ ਲਗਾਉਣੇ ਸ਼ੁਰੂ ਕਰ ਦਿਤੇ। 10 ਸਾਲਾਂ ਦੀ ਲੰਮੀ ਜੱਦੋਜਹਿਦ ਤੋਂ ਬਾਅਦ ਭਾਰਤ ਸਰਕਾਰ ਨੇ 01-11-1966 ਨੂੰ ਘੰਟੀ ਨੁੰਮਾ ਲੰਗੜੀ ਜਿਹੀ ਪੰਜਾਬੀ ਸੂਬੀ ਬਣਾ ਦਿਤੀ। 17-12-1966 ਤੋਂ ਅਧੂਰੇ ਪੰਜਾਬੀ ਸੂਬੇ ਦੇ ਵਿਰੋਧ ਵਿੱਚ ਅਕਾਲ ਤਖਤ ਤੋਂ ਮਰਨ ਵਰਤਾਂ ਦਾ ਪਾਖੰਡ ਸ਼ੁਰੂ ਹੋ ਗਿਆ। ਆਪਣੇ ਆਪ ਦੀ ਅਹੂਤੀ ਦੇਣ ਲਈ ਅਕਾਲ ਤਖਤ ਤੇ ਹਵਨਕੁੰਡ ਬਣਾਏ ਗਏ। ਇਹਨਾਂ ਪਖੰਡਾਂ ਤੋਂ ਦੁਖੀ ਹੋ ਕੇ ਸਰਦਾਰ ਦਰਸਨ ਸਿੰਘ ਫੇਰੂਮਾਨ ਨੇ 74 ਦਿਨ ਮਰਨ ਵਰਤ ਰੱਖ ਕੇ ਕਾਂਗਰਸ ਸਰਕਾਰ ਦੇ ਸਿਰ ਚੜ ਕੇ ਪ੍ਰਾਣ ਤਿਆਗ ਦਿਤੇ ਪਰ ਪੰਜਾਬੀ ਸੂਬੇ ਵਿੱਚ ਕੋਈ ਬਦਲਾਅ ਨਹੀਂ ਹੋਇਆ। ਪੰਜਾਬੀ ਬੋਲੀ ਜਿਹੜੀ ਕਦੇ ਦਰਿਆ ਸਿੰਘ ਤੋਂ ਦਰਿਆ ਜਮਨਾ ਦੇ ਵਿਚਕਾਰ ਦੀ ਬੋਲੀ ਸੀ ਭਾਰਤ ਸਰਕਾਰ ਨੇ ਮਾਨਤਾ ਹੀ ਨਹੀਂ ਦਿੱਤੀ। ਸਿੱਖਾਂ ਨੂੰ ਹਿੰਦੂਆਂ ਦਾ ਹੀ ਇੱਕ ਹਿੱਸਾ ਦੱਸਿਆ ਗਿਆ। ਹਲਾਤ ਵਿਗੜਦੇ ਵਿਗੜਦੇ 06-06-1984 ਨੂੰ ਭਾਰਤ ਸਰਕਾਰ ਨੇ ਭਾਰਤੀ ਫੌਜਾਂ ਦੁਆਰਾ ਤੋਪਾਂ ਟੈਕਾਂ ਨਾਲ਼ ਅਕਾਲ ਤਖਤ ਸਹਿਬ ਢਾਅ ਦਿਤਾ ਗਿਆ। ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਬੇਹੱਦ ਖੁਨ ਖਰਾਬਾ ਹੋਇਆ। ਸਿੱਖਾਂ ਦਾ ਸਮੂਹਿਕ ਕਤਲੇਆਮ ਰਾਜਧਾਨੀ ਦਿੱਲ਼ੀ ਤੋਂ ਸ਼ੁਰੂ ਹੋਇਆ। ਜਥੇਦਾਰ ਅਕਾਲ ਤਖਤ ਕੋਈ ਸਾਰਥਿਕ ਭੂਮਿਕਾ ਨਾ ਨਿਭਾ ਸਕਿਆ। ਜਥੇਦਾਰ ਅਕਾਲ ਤਖਤ ਨੂੰ ਵਰਤ ਕੇ ਸਿੱਖਾਂ ਨੂੰ ਗੁਮਰਾਹ ਕੀਤਾ ਗਿਆ ਅਤੇ ਸਿੱਖ ਵਿਦਵਾਨਾਂ ਦੀ ਅਵਾਜ ਬੰਦ ਕਰਨ ਲਈ ਸ਼ੇਕਣਾ ਸ਼ੁਰੂ ਕਰ ਦਿੱਤਾ। ਜਿਆਦਾ ਫੋਲਾ ਫਾਲੀ ਕਰਾਂਗੇ ਤੇ, ਝੱਗਾ ਚੁੱਕਾਂਗੇ ਆਪਣਾ ਢਿੱਡ ਹੀ ਨੰਗਾ ਹੋਵੇਗਾ ਇਸ ਲਈ ਏਥੇ ਹੀ ਬੰਦ ਕਾਰਦੇ ਹਾਂ।
ਗੁਰੁ ਪੰਥ ਗੁਰਮਤਿ ਗਾਡੀ ਰਾਹ ਪੈ ਸਕਦਾ ਹੈ ਅਗਰ ਗੁਰੁ ਪੰਥ ਸ੍ਰੀ ਅਕਾਲ ਤਖਤ ਸਾਹਿਬ ਦੁਆਰਾ ਜਾਰੀ ਕੀਤੇ ਹੇਠ ਲਿਖੇ ਹੁਕਮਨਾਮਿਆਂ ਨੂੰ ਲਾਗੂ ਕਰਵਾ ਲਵੇ। ਪਹਿਲਾ ਹੁਕਮਨਾਮਾ ਜੋ 23-07-2004 ਨੂੰ ਜਾਰੀ ਹੋਇਆ ਸੀ । ਹੁਕਮਨਾਮੇ ਦਾ ਨੰਬਰ ਹੈ 03-04-3207। ਇਸ ਉਪਰ ਸੱਭ ਜਥੇਦਾਰਾਂ ਦੇ ਦਸਤਖਤ ਹਨ । ਦੂਸਰਾ ਹੁਕਮਨਾਮਾ 06-06-2008 ਨੂੰ ਜਾਰੀ ਹੋਇਆ ਨੰਬਰ ਹੈ 03-08-3141। ਗੁਰੂ ਪੰਥ ਦਾ ਬਹੁਤ ਸਾਰਾ ਪੈਸਾ ਸਿੱਖ ਰਹਿਤ ਮਰਿਆਦਾ ਦੀ ਛਪਾਈ ਤੇ ਲੱਗਦਾ ਹੈ। ਇਸ ਰਹਿਤ ਮਰਿਆਦਾ ਅਨੁਸਾਰ ਪੰਥ ਪ੍ਰਵਾਨਿਤ ਬਾਣੀਆਂ ਇਹ ਹਨ। ਸੰਪੂਰਨ ਗੁਰੁ ਗ੍ਰੰਥ ਸਾਹਿਬ ਅਤੇ ਜਾਪ ਸਾਹਿਬ , 10 ਸਵਯੈ (ਸ੍ਰਾਵਗ ਸੁੱਧ ਸਮੂਹ ਵਾਲ਼ੇ) ਬੇਨਤੀ ਚੌਪਈ (ਹਮਰੀ ਕਰੋ ਹਾਥ ਦੈ ਰੱਛਾ ਤੋਂ ਦੁਸਟ ਦੋਖ ਤੇ ਲਿਉ ਬਚਾਈ) ਭਾਈ ਗੁਰਦਾਸ ਜੀ ਦੀਆਂ ਵਾਰਾਂ ਅਤੇ ਭਾਈ ਨੰਦ ਲਾਲ ਸਿੰਘ ਜੀ ਦੀ ਕ੍ਰਿਤ, ਇਸ ਤੋਂ ਇਲਾਵਾ ਹੋਰ ਕਿਸੇ ਵੀ ਕ੍ਰਿਤ ਦਾ ਕਿਸੇ ਵੀ ਗੁਰਦੁਆਰੇ ਕੀਰਤਨ ਨਹੀਂ ਹੋ ਸਕਦਾ। ਅਗਰ ਕੋਈ ਕੀਰਤਨੀਆ ਜੱਥਾ ਉਪਰੋਕਤ ਬਾਣੀਆਂ ਤੋਂ ਬਗੈਰ ਕਿਸੇ ਹੋਰ ਕ੍ਰਿਤ ਦਾ ਗੁਰਦੁਆਰੇ ਸਾਹਿਬ ਤੋਂ ਕੀਰਤਨ ਕਰਦਾ ਹੈ ਤਾਂ ਉਹ ਪੰਥ ਦੋਖੀ ਹੈ। ਜਥੇਦਾਰ ਅਕਾਲ ਤਖਤ ਸਾਹਿਬ ਨੂੰ ਇਹਨਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਸਿੱਖ ਰਹਿਤ ਮਰਿਆਦਾ ਵਿੱਚ ਇਹ ਵੀ ਸਪੱਸ਼ਟ ਲਿਖਿਆ ਹੋਇਆ ਹੈ, ‘ਗੁਰੂ ਗ੍ਰੰਥ ਸਾਹਿਬ ਵਾਕੁਰ (ਤੁਲ) ਕਿਸੇ ਪੁਸਤਕ ਨੂੰ ਅਸਥਾਪਨ ਨਹੀਂ ਕਰਨਾ’, ਅਗਰ ਕੋਈ ਕਰਦਾ ਹੈ ਤਾਂ ਉਹ ਵੀ ਪੰਥ ਦੋਖੀ ਹੈ। ਉਹਨਾਂ ਨਾਲ਼ ਗੁਰੁ ਪੰਥ ਦੀ ਕੋਈ ਸਾਂਝ ਨਹੀਂ ਹੋ ਸਕਦੀ। ਬਾਕੀ ਰਹੀ ਗੱਲ ਨਾਨਕਸ਼ਾਹੀ ਕੈਲੰਡਰ ਦੀ। ਪੁਰੇਵਾਲ਼ ਸਾਹਿਬ ਵਾਲ਼ੇ ਮੂਲ਼ ਨਾਨਕਸਾਹੀ ਕੈਲੰਡਰ ਨੂੰ ਸਾਰੀਆਂ ਪੰਥਕ ਧਿਰਾਂ ਨੇ ਇੱਕ ਮੱਤ ਹੋ ਕੇ ਪ੍ਰਵਾਨ ਕੀਤਾ ਹੋਇਆ ਹੈ। ਮੂਲ ਨਾਨਕਸ਼ਾਹੀ ਕੈਲੰਡਰ ਵਿੱਚ ਦਸ਼ਮ ਪਾਤਿਸ਼ਾਹ ਦਾ ਪ੍ਰਕਾਸ਼ ਦਿਹਾੜਾ 5 ਜਨਵਰੀ ਨੂੰ ਸਰਬਪ੍ਰਵਾਨ ਕੀਤਾ ਹੋਇਆ ਹੈ। ਹਰ ਸਾਲ ਦਸੰਬਰ ਦੇ ਆਖਰੀ 10 ਦਿਨ ਸਕੂਲਾਂ ਦੇ ਬੱਚਿਆਂ ਨੂੰ ਸਰਦੀਆਂ ਦੀਆਂ ਛੁੱਟੀਆਂ ਹੁੰਦੀਆਂ ਹਨ। ਅਸੀਂ ਆਪਣੇ ਬੱਚਿਆ ਨਾਲ਼ ਮਿਲ਼ ਕੇ ਚੌਂਹਾਂ ਸਾਹਿਬਜਾਦਿਆ ਅਤੇ ਮਾਤਾ ਗੁਜਰੀ ਜੀ ਦੀ ਸ਼ਹੀਦੀ ਸਾਦਗੀ ਨਾਲ਼ ਮਨਾ ਸਕਦੇ ਹਾਂ। ਜਥੇਦਾਰ ਸ੍ਰੀ ਅਕਾਲ ਤਖਤ ਹੁਕਮਨਾਮਾ ਜਾਰੀ ਕਰ ਸਕਦੇ ਹਨ ਕਿ ਇਹਨਾ ਦਸਾਂ ਦਿਨਾ ਵਿੱਚ ਸਿੱਖ ਸਾਦਗੀ ਨਾਲ਼ ਰਹਿਣ, ਕੋਈ ਜਸ਼ਨ ਵਾਲਾਂ ਪ੍ਰੋਗਰਾਮ ਨਾ ਉਲੀਕਣ।


