ਚੰਡੀਗੜ੍ਹ, 8 ਮਾਰਚ (ਪੀ. ਟੀ.)- ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਦੱਸਿਆ ਹੈ ਕਿ 6 ਨਗਰ ਨਿਗਮਾਂ ਜਿੱਥੇ ਹਾਲ ਹੀ ਵਿੱਚ ਚੋਣਾਂ ਦਾ ਕੰਮ ਸੰਪੰਨ ਹੋਇਆ ਹੈ, ਦੀ 2 ਅਪਰੈਲ 2015 ਤੱਕ ਹਰ ਹੀਲੇ ਪਹਿਲੀ ਇਕੱਤਰਤਾ ਬੁਲਾਈ ਜਾਵੇਗੀ ਜਿਸ ਵਿੱਚ ਸਾਰੇ ਚੁਣੇ ਗਏ ਮੈਂਬਰਾਂ ਨੂੰ ਕੌਂਸਲਰ ਵਜੋਂ ਸਹੁੰ ਚੁਕਾਉਣ ਉਪਰੰਤ ਨਿਗਮ ਦੇ ਮੇਅਰ ਸਮੇਤ ਹੋਰ ਅਹੁਦੇਦਾਰਾਂ ਦੀ ਚੋਣ ਵੀ ਕੀਤੀ ਜਾਵੇਗੀ। ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਸ੍ਰੀ ਜੋਸ਼ੀ ਨੇ ਦੱਸਿਆ ਕਿ ਵਿਭਾਗ ਵੱਲੋਂ ਵਿਭਾਗ ਵੱਲੋਂ ਇਸ ਸਬੰਧੀ ਸਬੰਧਤ ਨਗਰ ਨਿਗਮਾਂ ਦੇ 6 ਡਿਪਟੀ ਕਮਿਸ਼ਨਰਾਂ ਨੂੰ ਜਾਰੀ ਪੱਤਰ ਵਿੱਚ ਇਹ ਨਿਰਦੇਸ਼ ਦਿੱਤੇ ਹਨ ਕਿ ਚੁਣੇ ਗਏ ਮੈਂਬਰਾਂ ਦੇ ਨਾਂ ਸਰਕਾਰੀ ਗਜਟ ਵਿੱਚ ਪ੍ਰਕਾਸ਼ਿਤ ਹੋਣ ਜਿਹੜਾ ਕਿ 4 ਮਾਰਚ ਨੂੰ ਪ੍ਰਕਾਸ਼ਿਤ ਹੋਇਆ ਸੀ, ਦੇ 30 ਦਿਨਾਂ ਅੰਦਰ 6 ਨਗਰ ਨਿਗਮਾਂ
ਮੁਹਾਲੀ, ਬਠਿੰਡਾ, ਹੁਸ਼ਿਆਰਪੁਰ, ਮੋਗਾ, ਪਠਾਨਕੋਟ ਤੇ ਫਗਵਾੜਾ ਦੀ ਪਹਿਲੀ ਇਕੱਤਰਤਾ ਹਰ ਹੀਲੇ ਸੱਦੀ ਜਾਵੇ ਜਿਸ ਵਿੱਚ ਮੈਂਬਰਾਂ ਵੱਲੋਂ ਸਹੁੰ ਚੁੱਕਣ ਉਪਰੰਤ ਪਹਿਲਾਂ ਕੰਮ ਮੇਅਰ ਸਮੇਤ ਹੋਰ ਅਹੁਦੇਦਾਰਾਂ ਦੀ ਚੋਣ ਹੋਵੇਗਾ।ਸ੍ਰੀ ਜੋਸ਼ੀ ਨੇ ਕਿਹਾ ਕਿ ਇਸ ਇਕੱਤਰਤਾ ਨੂੰ ਬੁਲਾਉਣ ਦੀ ਆਖਰੀ ਮਿਤੀ 2 ਅਪਰੈਲ ਹੈ ਭਾਵ ਇਸ ਤੋਂ ਪਹਿਲਾਂ ਹਰ ਹੀਲੇ ਕਰਵਾਈ ਜਾਵੇ। ਉਨ੍ਹਾਂ ਵੀ ਦੱਸਿਆ ਕਿ ਇਸ ਚੋਣ ਵਿੱਚ ਸਬੰਧਤ ਹਲਕਾ ਵਿਧਾਇਕ ਵੀ ਸ਼ਾਮਲ ਕੀਤਾ ਜਾਵੇਗਾ ਜਿਸ ਨੂੰ ਅਹੁਦੇਦਾਰਾਂ ਦੀ ਚੋਣ ਵਿੱਚ ਵੋਟ ਦਾ ਅਧਿਕਾਰ ਪ੍ਰਾਪਤ ਹੋਵੇਗਾ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਜਾਰੀ ਨਿਰਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਪਹਿਲੀ ਇਕੱਤਰਤਾ ਬੁਲਾਉਣ ਲਈ 72 ਘੰਟੇ ਪਹਿਲਾਂ ਨੋਟਿਸ ਜਾਰੀ ਕਰ ਕੇ ਹਰ ਚੁਣੇ ਗਏ ਮੈਂਬਰ ਅਤੇ ਸਬੰਧਤ ਹਲਕਾ ਵਿਧਾਇਕ ਨੂੰ ਇਸ ਦੀ ਜਾਣਕਾਰੀ ਦੇਣੀ ਜ਼ਰੂਰੀ ਹੈ। ਵਿਭਾਗ ਨੇ ਇਹ ਵੀ ਕਿਹਾ ਹੈ ਕਿ ਪ੍ਰਧਾਨ ਦੀ ਚੋਣ ਉਪਰੰਤ ਮੇਅਰ ਦਾ ਨਾਂ ਸਰਕਾਰੀ ਗਜ਼ਟ ਵਿੱਚ ਪ੍ਰਕਾਸ਼ਿਤ ਕਰਵਾਉਣ ਲਈ ਵਿਭਾਗ ਦੇ ਡਾਇਰੈਕਟਰ ਨੂੰ ਭੇਜੀ ਜਾਵੇ ਅਤੇ ਮੀਟਿੰਗ ਦੇ ਕਨਵੀਨਰ ਵੱਲੋਂ ਮੀਟਿੰਗ ਦੀ ਰਿਪੋਰਟ ਵੀ ਭੇਜੀ ਜਾਵੇਗੀ।



