ਅੱਜ ਸ਼ਾਮ ਹੀ ਹੋਵੇਗੀ ਵੋਟਾਂ ਦੀ ਗਿਣਤੀ
ਚੰਡੀਗੜ੍ਹ, 24 ਫਰਵਰੀ (ਪੀ. ਟੀ. ਲਾਇਵ)- ਸੂਬੇ ਵਿੱਚ 122 ਨਗਰ ਕੌਂਸਲਾਂ/ਨਗਰ ਪੰਚਾਇਤਾਂ ਅਤੇ ਇਕ ਨਗਰ ਪੰਚਾਇਤ ਬਰੀਵਾਲਾ ਦੇ ਇਕ ਵਾਰਡ ਦੀ ਉਪ ਚੋਣ ਭਲਕੇ 25 ਫਰਵਰੀ ਨੂੰ ਹੋਵੇਗੀ। ਭਲਕੇ ਵੋਟਾਂ ਪੈਣ ਤੋਂ ਬਾਅਦ ਤੁਰੰਤ ਹੀ ਉਸੇ ਪੋਲਿੰਗ ਬੂਥ ਉਤੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ। ਸਟੇਟ ਚੋਣ ਕਮਿਸ਼ਨ ਅਤੇ ਵੱਲੋਂ ਇਨ੍ਹਾਂ ਵੋਟਾਂ ਲਈ ਲਈ ਸਭ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।ਸਟੇਟ ਚੋਣ ਕਮਿਸ਼ਨਰ ਸ੍ਰੀ ਸ਼ਿਵਿੰਦਰ ਸਿੰਘ ਬਰਾੜ ਨੇ ਅੱਜ ਇਥੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬੇ ਵਿੱਚ ਭਲਕੇ ਨਗਰ ਕੌਂਸਲਾਂ ਤੇ ਪੰਚਾਇਤਾਂ ਦੇ 2062 ਵਾਰਡਾਂ ਦੀ ਹੋਣ ਵਾਲੀ ਚੋਣ ਲਈ 1486 ਪੋਲਿੰਗ ਸਟੇਸ਼ਨ ਅਤੇ 3170 ਪੋਲਿੰਗ ਬੂਥ ਸਥਾਪਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਚੋਣਾਂ ਲਈ ਕੁੱਲ 7006 ਉਮੀਦਵਾਰ ਚੋਣ ਮੈਦਾਨ ਵਿੱਚ ਹਨ ਜਦੋਂ ਕਿ 160 ਉਮੀਦਵਾਰ ਪਹਿਲਾਂ ਹੀ ਨਿਰਵਿਰੋਧ ਚੁਣੇ ਜਾ ਚੁੱਕੇ ਹਨ। ਸੂਬੇ ਦੇ 28 ਲੱਖ 50 ਹਜ਼ਾਰ ਦੇ ਕਰੀਬ ਵੋਟਰ ਆਪਣੇ ਜਮੂਹਰੀ ਹੱਕ ਦਾ ਇਸਤੇਮਾਲ ਕਰਨਗੇ।
ਸ੍ਰੀ ਬਰਾੜ ਨੇ ਦੱਸਿਆ ਕਿ ਕਮਿਸ਼ਨ ਅਤੇ ਜ਼ਿਲਾ ਤੇ ਸਥਾਨਕ ਪ੍ਰਸ਼ਾਸਨ ਵੱਲੋਂ ਵੋਟਾਂ ਲਈ ਸਭ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਲਈ 16715 ਮੁਲਾਜ਼ਮ ਚੋਣ ਡਿਊਟੀ ’ਤੇ ਲਗਾਏ ਗਏ ਹਨ ਜਿਨ੍ਹਾਂ ਵਿੱਚ ਰਾਖਵਾਂ ਸਟਾਫ ਵੀ ਹੈ। ਉਨ੍ਹਾਂ ਕਿਹਾ ਕਿ ਸਮੂਹ ਮੁਲਾਜ਼ਮ ਅੱਜ ਸ਼ਾਮ ਤੱਕ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਸਮੇਤ ਸਾਰੀ ਚੋਣ ਸਮੱਗਰੀ ਲੈ ਕੇ ਸਬੰਧਤ ਪੋਲਿੰਗ ਬੂਥ ਉਤੇ ਪਹੁੰਚ ਗਏ ਹਨ।
ਉਨ੍ਹਾਂ ਕਿਹਾ ਕਿ ਸੁਰੱਖਿਆ ਲਈ 15689 ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ 163 ਪੋਲਿੰਗ ਬੂਥਾਂ ਨੂੰ ਅਤਿ ਸੰਵੇਦਨਸ਼ੀਲ ਅਤੇ 940 ਨੂੰ ਸੰਵੇਦਨਸ਼ੀਲ ਵਰਗ ਵਿੱਚ ਰੱਖਿਆ ਗਿਆ ਹੈ।
ਦੋ ਪੁਲਿਸ ਅਧਿਕਾਰੀ ਨਿਗਰਾਨ ਨਿਯੁਕਤ ਕੀਤੇ- ਸਟੇਟ ਚੋਣ ਕਮਿਸ਼ਨ ਦੀ ਹਦਾਇਤ ’ਤੇ ਪੰਜਾਬ ਪੁਲਿਸ ਨੇ ਫਿਰੋਜ਼ਪੁਰ ਤੇ ਤਰਨ ਤਾਰਨ ਜ਼ਿਲੇ ਲਈ ਦੋ ਆਈ.ਪੀ.ਐਸ. ਅਧਿਕਾਰੀਆਂ ਨੂੰ ਪੁਲਿਸ ਨਿਗਰਾਨ ਨਿਯੁਕਤ ਕੀਤਾ ਗਿਆ ਹੈ।
ਸਟੇਟ ਚੋਣ ਕਮਿਸ਼ਨ ਦੇ ਬੁਲਾਰੇ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੋਣਾਂ ਮੌਕੇ ਸੰਵੇਦਨਸ਼ੀਲਤਾ ਨੂੰ ਦੇਖਦਿਆਂ ਫਿਰੋਜ਼ਪੁਰ ਜ਼ਿਲੇ ਲਈ ਸ੍ਰੀ ਸ਼ਿਵੇ ਕੁਮਾਰ ਵਰਮਾ, ਡੀ.ਆਈ.ਜੀ./ਕਰਾਈਮ ਅਤੇ ਤਰਨ ਤਾਰਨ ਜ਼ਿਲੇ ਲਈ ਸ੍ਰੀ ਨਿਲਭ ਕਿਸ਼ੋਰ, ਡੀ.ਆਈ.ਜੀ./ਪ੍ਰਸ਼ਾਸਨ ਨੂੰ ਪੁਲਿਸ ਨਿਗਰਾਨ ਨਿਯੁਕਤ ਕੀਤਾ ਗਿਆ ਹੈ। ਨਿਗਰਾਨ ਨਿਯੁਕਤ ਕੀਤੇ ਇਨ੍ਹਾਂ ਦੋਵੇਂ ਅਧਿਕਾਰੀਆਂ ਨੂੰ ਤੁਰੰਤ ਆਪਣੀ ਡਿਊਟੀ ’ਤੇ ਹਾਜ਼ਰ ਹੋਣ ਲਈ ਕਿਹਾ ਗਿਆ ਹੈ।



