1263 ਉਮੀਦਵਾਰਾਂ ਦੀ ਕਿਸਮਤ ਦਾ ਹੋਵੇਗਾ ਫੈਸਲਾ, ਗਿਣਤੀ 26 ਨੂੰ
ਚੰਡੀਗੜ੍ਹ, 21 ਫਰਵਰੀ (ਪੀ. ਟੀ. ਲਾਇਵ)- ਮਿਉਂਸਪਲ ਚੋਣਾਂ ਦੇ ਪਹਿਲੇ ਪੜਾਅ ਦੀਆਂ ਭਲਕੇ 22 ਫਰਵਰੀ ਨੂੰ ਪੈਣ ਵਾਲੀਆਂ ਵੋਟਾਂ ਵਿੱਚ 6 ਨਗਰ ਨਿਗਮਾਂ ਬਠਿੰਡਾ, ਮੁਹਾਲੀ, ਮੋਗਾ, ਹੁਸ਼ਿਆਰਪੁਰ, ਪਠਾਨਕੋਟ ਤੇ ਫਗਵਾੜਾ ਦੀ ਚੋਣ ਅਤੇ ਪਟਿਆਲਾ ਦੇ 2 ਵਾਰਡਾਂ ਤੇ ਜਲੰਧਰ ਦੇ 1 ਵਾਰਡ ਦੀ ਉਪ ਚੋਣ ਹੋਵੇਗੀ। ਇਹ ਜਾਣਕਾਰੀ ਸਟੇਟ ਚੋਣ ਕਮਿਸ਼ਨਰ ਸ੍ਰੀ ਸ਼ਵਿੰਦਰ ਸਿੰਘ ਬਰਾੜ ਨੇ ਅੱਜ ਇਥੇ ਪ੍ਰੈਸ ਬਿਆਨ ਰਾਹੀਂ ਦਿੱਤੀ। ਸ. ਬਰਾੜ ਨੇ ਦੱਸਿਆ ਕਿ ਕੁੱਲ 298 ਵਾਰਡਾਂ ਲਈ ਚੋਣ ਹੋਵੇਗੀ ਜਿਸ ਲਈ 7 ਲੱਖ 90 ਹਜ਼ਾਰ ਦੇ ਕਰੀਬ ਵੋਟਰ ਆਪਣੇ ਜਮੂਹਰੀ ਹੱਕ ਦਾ ਇਸਤੇਮਾਲ ਕਰਨਗੇ। ਇਸ ਚੋਣ ਲਈ ਕੁੱਲ 1263 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਚਾਰ ਉਮੀਦਵਾਰਾਂ ਪਹਿਲਾਂ ਹੀ ਨਿਰਵਿਰੋਧ ਚੁਣੇ ਜਾ ਚੁੱਕੇ ਹਨ ਜਿਨ੍ਹਾਂ ਵਿੱਚੋਂ ਫਗਵਾੜਾ ਦੇ ਤਿੰਨ ਅਤੇ ਹੁਸ਼ਿਆਰਪੁਰ ਦਾ ਇਕ ਸ਼ਾਮਲ ਹੈ।
ਭਲਕੇ ਪੈਣ ਵਾਲੀਆਂ ਵੋਟਾਂ ਸਬੰਧੀ ਜਾਣਕਾਰੀ
ਦਿੰਦਿਆ ਸ੍ਰੀ ਬਰਾੜ ਨੇ ਦੱਸਿਆ ਕਿ ਭਲਕੇ ਪੰਜ ਨਗਰ ਨਿਗਮਾਂ ਬਠਿੰਡਾ, ਮੁਹਾਲੀ ਤੇ ਮੋਗਾ ਦੇ ਕੁੱਲ 50-50 ਵਾਰਡਾਂ, ਹੁਸ਼ਿਆਰਪੁਰ ਤੇ ਪਠਾਨਕੋਟ ਦੇ 49-49 ਵਾਰਡਾਂ ਅਤੇ ਫਗਵਾੜਾ ਦੇ 47 ਵਾਰਡਾਂ ਦੀ ਚੋਣ ਹੋਵੇਗੀ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਦੇ 1 ਵਾਰਡ ਅਤੇ ਫਗਵਾੜਾ ਦੇ 3 ਵਾਰਡਾਂ ਤੋਂ ਉਮੀਦਵਾਰ ਨਿਰਵਿਰੋਧ ਚੁਣੇ ਜਾ ਚੁੱਕੇ ਹਨ ਜਦੋਂ ਕਿ ਪਠਾਨਕੋਟ ਦੇ 1 ਵਾਰਡ ਤੋਂ ਇਕ ਉਮੀਦਵਾਰ ਦੇ ਦੇਹਾਂਤ ਹੋਣ ਕਾਰਨ ਚੋਣ ਮੁਲਤਵੀ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਪਟਿਆਲਾ ਦੇ 2 ਵਾਰਡਾਂ ਅਤੇ ਜਲੰਧਰ ਦੇ 1 ਵਾਰਡ ਦੀ ਉਪ ਚੋਣ ਵੀ ਨਾਲ ਹੋਵੇਗੀ। ਵੋਟਾਂ ਪੈਣ ਦਾ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਹੈ। ਵੋਟਾਂ ਦੀ ਗਿਣਤੀ 26 ਫਰਵਰੀ ਨੂੰ ਸਵੇਰੇ 10 ਵਜੇ ਸ਼ੁਰੂ ਹੋਵੇਗੀ। ਸ. ਬਰਾੜ ਨੇ ਅਗਾਂਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੋਟਾਂ ਸਬੰਧੀ ਸਭ ਪ੍ਰਬੰਧ ਮੁਕੰਮਲ ਹੋ ਗਏ ਹਨ ਅਤੇ ਪੋਲਿੰਗ ਪਾਰਟੀਆਂ ਚੋਣ ਸਮੱਗਰੀ ਸਮੇਤ ਪੋਲਿੰਗ ਸਟੇਸ਼ਨਾਂ ’ਤੇ ਪਹੁੰਚ ਗਈਆਂ ਹਨ। ਉਨ੍ਹਾਂ ਕਿਹਾ ਕਿ ਨਿਰਪੱਖ ਚੋਣਾਂ ਲਈ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ। ਵੋਟਾਂ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਰਾਹੀਂ ਪੈਣਗੀਆਂ। ਇਨ੍ਹਾਂ 8 ਜਗ੍ਹਾਂ ਪੈਣ ਵਾਲੀਆਂ ਵੋਟਾਂ ਲਈ ਕੁੱਲ 10 ਚੋਣ ਨਿਗਰਾਨ ਨਿਯੁਕਤ ਕੀਤੇ ਗਏ ਹਨ।
ਇਨ੍ਹਾਂ ਚੋਣਾਂ ਲਈ ਸੁਰੱਖਿਆ ਪ੍ਰਬੰਧਾਂ ਵਜੋਂ 4 ਹਜ਼ਾਰ ਦੇ ਕਰੀਬ ਪੁਲਿਸ ਮੁਲਾਜ਼ਮਾਂ ਦੀ ਡਿਊਟੀ ਲਗਾਈ ਗਈ। ਇਨ੍ਹਾਂ ਚੋਣਾਂ ਵਿੱਚ ਨਗਰ ਨਿਗਮਾਂ ਨਾਲ ਸਬੰਧਿਤ ਕਈ ਵਿਧਾਇਕਆਂ ਤੋਂ ਇਲਾਵਾ ਪ੍ਰਮੁੱਖ ਸਿਆਸੀ ਪਾਰਟੀਆਂ ਦੇ ਨੇਤਾਵਾਂ ਦਾ ਵਕਾਰ ਦਾਅ ’ਤੇ ਲੱਗਿਆ ਹੈ।



