ਪਰਨੀਤ ਕੌਰ
ਕਾਰਜਕਾਰੀ ਸੰਪਾਦਕ
ਜੂਨ ਚੁਰਾਸੀ ਦੇ ਫ਼ੌਜੀ ਹਮਲੇ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਸਮੇਤ ਕਈ ਇਤਿਹਾਸਿਕ ਇਮਾਰਤਾਂ ਤੋਂ ਇਲਾਵਾ ਸਿੱਖ ਧਰਮ ਨਾਲ ਸਬੰਧਤ ਅਮੁੱਲੀਆਂ ਨਿਸ਼ਾਨੀਆਂ ਨੂੰ ਤਬਾਹ ਕਰ ਦਿੱਤਾ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ਤੇ ਅਜਾਇਬ ਘਰ ਦੀ ਇਮਾਰਤ ਨੂੰ ਭਾਰੀ ਨੁਕਸਾਨ ਪੁੱਜਾ ਸੀ ਅਤੇ ਅੰਦਰਲੇ 132 ਕੀਮਤੀ ਇਤਿਹਾਸਿਕ ਕੰਧ ਚਿੱਤਰ ਗੋਲ਼ੀਆਂ ਨਾਲ ਨਸ਼ਟ ਹੋ ਗਏ। ਦੁਰਲੱਭ ਖਰੜੇ ਸੜਕੇ ਸੁਆਹ ਹੋ ਗਏ, ਦਰਬਾਰ ਸਾਹਿਬ ਅੰਦਰ ਇਕ ਵੀ ਗੁੰਬਦ, ਬੁਰਜੀ ਜਾਂ ਜੰਗਲਾ ਨਾ ਬਚਿਆ, ਜਿਸ ਵਿਚ ਗੋਲੀਆਂ ਨਾ ਵੱਜੀਆਂ ਹੋਣ। ਪ੍ਰਕਰਮਾ ਦੇ ਸਾਰੇ ਕਮਰੇ, ਲੰਗਰ ਹਾਲ, ਅਕਾਲ ਗੈਸਟ ਹਾਊਸ, ਗੁਰੂ ਰਾਮਦਾਸ ਸਰਾਂ, ਗੁਰੂ ਨਾਨਕ ਨਿਵਾਸ ਅਤੇ ਤੇਜਾ ਸਿੰਘ ਸਮੁੰਦਰੀ ਹਾਲ ਸਮੇਤ ਬੇਸ਼ਕੀਮਤੀ ਇਮਾਰਤਾਂ ਅੱਗ ਨੇ ਲੂਹ ਸੁੱਟੀਆਂ, ਬਿਜਲੀ ਦੇ ਪੱਖੇ ਪਿਘਲ ਕੇ ਪੱਤੀਆਂ ਬਣ ਗਏ, ਲੱਕੜ ਦੇ ਦਰਵਾਜ਼ੇ, ਬਾਰੀਆਂ, ਮੀਨਾਕਾਰੀ ਵਾਲੀਆਂ ਚੁਗਾਠਾਂ ਤੇ ਅਲਮਾਰੀਆਂ ਦੇ ਕੋਲੇ ਬਣ ਗਏ।
ਹਮਲੇ ਦੌਰਾਨ ਨੁਕਸਾਨੀ ਹਰ ਚੀਜ਼ ਦੀ ਪੂਰਤੀ ਸੰਭਵ ਹੋ ਸਕਦੀ ਹੈ, ਸਿਵਾਏ ਕੀਮਤੀ ਜਾਨਾਂ ਅਤੇ ਸਿੱਖ ਕੌਮ ਦੇ ਕੀਮਤੀ ਸਰਮਾਏ ਨਾਲ ਨੱਕੋ-ਨੱਕ ਭਰੀ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦੇ।
ਭਗਤੀ ਤੇ ਸ਼ਕਤੀ ਦੇ ਪ੍ਰਤੀਕ ਸ੍ਰੀ ਅਕਾਲ ਤਖ਼ਤ ਸਾਹਿਬ
ਮੀਰੀ-ਪੀਰੀ ਦੇ ਰਾਜਨੀਤਿਕ ਅਤੇ ਰੂਹਾਨੀ ਵਿਚਾਰਧਾਰਾ ਦੇ ਪ੍ਰਤੀਕ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਸਥਿਤ ਸਿੱਖ ਰਾਜਨੀਤਕ ਪ੍ਰਭਸੱਤਾ ਦੇ ਕੇਂਦਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਨੀਂਹ 15 ਜੂਨ 1606 ਨੂੰ ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਹੱਥੀਂ ਰੱਖੀ। ਇੱਥੌਂ ਸੰਗਤਾਂ ਦੇ ਨਾਂ ਪਹਿਲਾ ਹੁਕਮਨਾਮਾ ਜਾਰੀ ਕੀਤਾ।ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਲੱਗਭਗ 25 ਸਾਲ (1581-1606) ਸਿੱਖ ਪੰਥ ਦੀ ਵਾਗਡੋਰ ਸੰਭਾਲੀ ਤੇ ਪੰਥ ਦੇ ਸੰਗਠਨ ਅਥਵਾ ਵਿਕਾਸ ਲਈ ਅਨੇਕਾਂ ਮਹੱਤਵਪੂਰਨ ਕਾਰਜ ਕੀਤੇ, ਜਿਨ੍ਹਾਂ ਵਿੱਚੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੀ ਸਥਾਪਨਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਦਿ ਬੀੜ ਦੀ ਸੰਪਾਦਨਾ ਦੋ ਅਜਿਹੇ ਵਿਸ਼ੇਸ਼ ਕਾਰਜ ਹਨ, ਜਿਨ੍ਹਾਂ ਦੀ ਸਿੱਖ ਧਰਮ ਲਈ ਉਸ ਸਮੇਂ ਤੋਂ ਲੈ ਕੇ ਵਰਤਮਾਨ ਤੇ ਭਵਿੱਖ ਲਈ ਬੁਨਿਆਦੀ ਭੂਮਿਕਾ ਰਹੀ ਤੇ ਰਹਿਣੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਤੇ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੀ ਸਥਾਪਨਾ ਨਾਲ ਸਿੱਖ ਧਰਮ ਦੀ ਧਾਰਮਿਕ ਹੋਂਦ ਦੀ ਵਿਲੱਖਣਤਾ ਪ੍ਰਗਟ ਹੋ ਗਈ, ਜਿਸ ਨਾਲ, ਭਾਈ ਗੁਰਦਾਸ ਜੀ ਦੀ ਗਵਾਹੀ ਅਨੁਸਾਰ ਭਾਰਤ ਦੇ ਦੂਰ-ਦੁਰਾਡੇ ਇਲਾਕਿਆਂ (ਪੱਟੀ, ਸ਼ਾਹਦਰਾ, ਕਾਬਲ, ਕਸ਼ਮੀਰ, ਥਾਨੇਸਰ, ਰੋਹਤਾਸ, ਆਗਰਾ ਆਦਿ) ਵਿਚ ਸਿੱਖ ਸੰਗਤਾਂ ਸਥਾਪਤ ਹੋ ਗਈਆਂ ਤੇ ਉਨ੍ਹਾਂ ਨੂੰ ਆਪਣਾ ‘ਤੀਰਥ ਅਸਥਾਨ‘ ਅਥਵਾ ਕੇਂਦਰੀ ਸਥਾਨ ਤੇ ਵਿਚਾਰਧਾਰਕ ਰਾਹ ਮਿਲ ਗਿਆ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਨਾਲ ਲੋਕਾਂ ਦੇ ਸਭਿਆਚਾਰ ਵਿਚ ਸਾਹਿਤਕ ਦ੍ਰਿਸ਼ਟੀਕੋਣ ਤੋਂ ਇਕ ਨਵੀਂ ਤੇ ਜਨ-ਜੀਵਨ ਦੀ ਧਾਰਾ, ਗੁਰਮਤਿ ਧਾਰਾ ਦਾ ਅਰੰਭ ਹੋਇਆ, ਜਿਸ ਨਾਲ ਲੋਕਾਂ ਦੇ ਸਭਿਆਚਾਰਕ ਧਰਾਤਲ ਵਿਚ ਬੁਨਿਆਦੀ ਤਬਦੀਲੀਆਂ ਹੋਈਆਂ। ਭਗਤੀ ਤੇ ਸ਼ਕਤੀ ਦੇ ਪ੍ਰਤੀਕ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਨਾਲ ਸਿੱਖ ਇਤਹਾਸ ‘ਚ ਇੱਕ ਨਵਾਂ ਮੋੜ ਆਇਆ। 17ਵੀਂ ਅਤੇ 18ਵੀਂ ਸਦੀ ਦੇ ਸ਼ਾਸਕਾਂ ਦੇ ਜ਼ੁਲਮ ਅਤੇ ਬੇਰਹਿਮੀ ਦੇ ਖਿਲਾਫ ਰਾਜਨੀਤਕ ਅਤੇ ਸੈਨਿਕ ਪ੍ਰਤੀਰੋਧ ਦੇ ਪ੍ਰਤੀਕ ਵਜੋਂ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਅਹਿਮ ਭੂਮਿਕਾ ਨਿਭਾਈ।1716 ਵਿੱਚ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਦ ਹਰਿਮੰਦਰ ਸਾਹਿਬ ਦਾ ਸਰੋਵਰ ਤੇ ਅਕਾਲ ਤਖਤ ਸਿਖਾਂ ਲਈ ਪ੍ਰੋਤਸਾਹਨ ਤੇ ਰੂਹਾਨੀ ਆਨੰਦ ਦੇ ਮੁੱਖ ਸਰੋਤ ਰਹੇ ਹਨ। ਦਸੰਬਰ 1674 ਵਿੱਚ ਅਹਿਮਦ ਸ਼ਾਹ ਦੁਰਾਨੀ ਦੀ ਫੋਜ ਵਲੋਂ ਬੁਰਜੀ ਤੇ ਇਮਾਰਤ ਪੂਰੀ ਤਰਾਂ ਢਾਹ ਦਿਤੀ ਗਈ। 10 ਅਪ੍ਰੈਲ 1765 ਨੂੰ ਗੁਰਮਤੇ ਵਿੱਚ ਮੁੜ ਉਸਾਰੀ ਦਾ ਫੈਸਲਾ ਲੈ ਕੇ 1774 ਤਕ ਜ਼ਮੀਨੀ ਤਲ ਤਕ ਅਕਾਲ ਬੁੰਗਾ ਮੁੜ ਉਸਾਰ ਲਿਆ ਗਿਆ। ਬਾਕੀ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪੰਜ ਮੰਜਲਾ ਇਮਾਰਤ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵਿੱਚ ਮੁਕੰਮਲ ਹੋਈ। ਪੰਜ ਸੌ ਕਾਰੀਗਰ ਤੇ ਅੱਠ ਸੌ ਮਜ਼ਦੂਰਾਂ ਨੂੰ ਲਾ ਕੇ ਬੜੀ ਕੋਸ਼ਿਸ਼ ਤੇ ਪਿਆਰ ਨਾਲ ਦਰਸ਼ਨੀ ਡਿਉਢੀ ਤੋਂ ਅਕਾਲ ਬੁੰਗੇ ਤਕ ਦਾ ਚੌਕ, ਫੁਆਰਾ, ਫਰਸ਼, ਥੰਮ੍ਹ, ਘੜਿਆਲ ਅਤੇ ਬੁੰਗਾ ਤਿਆਰ ਕਰਵਾਇਆ। ਉਨ੍ਹਾਂ ਦਿਨਾਂ ਵਿਚ ਹੀ ਸ੍ਰੀ ਦਰਬਾਰ ਸਾਹਿਬ ਦੀ ਬਾਕੀ ਸੇਵਾ (ਪੌੜ, ਫਰਸ਼, ਸਰਕਾਰੀ ਬੁੰਗੇ ਤਕ, ਦਰਸ਼ਨੀ ਦਰਵਾਜ਼ੇ ਅਤੇ ਅਕਾਲ ਤਖਤ ਦੇ ਵੇਲ ਬੂਟੇ ਆਦਿ) ਕੰਵਰ ਨੌਨਿਹਾਲ ਸਿੰਘ ਦੀ ਮਰਜ਼ੀ ਅਨੁਸਾਰ ਹੁੰਦੀ ਰਹੀ। ਜੂਨ 1984 ਵਿੱਚ ਅਕਾਲ ਬੁੰਗੇ ਦਾ ਮੱਥਾ ਇੱਕ ਵਾਰ ਫਿਰ ਬਲਿਊਸਟਾਰ ਆਪ੍ਰੇਸ਼ਨ ਦੌਰਾਨ ਹਿੰਦੁਸਤਾਨੀ ਫੌਜ ਦੁਆਰਾ ਬਰਬਾਦ ਕੀਤਾ ਗਿਆ। 3 ਮੰਜਿਲਾਂ ਮਹਾਰਾਜਾ ਰਣਜੀਤ ਸਿੰਘ ਦੁਆਰਾ ਜੋੜੀਆਂ ਗਈਆਂ ਸਨ ਜੋ ਸੰਗਮਰਮਰ ਨਾਲ ਜੜਿਆ ਸੀ ਅਤੇ ਗੁੰਬਦ ਦੀ ਉਸਾਰੀ ਸਰਦਾਰ ਹਰੀ ਸਿੰਘ ਨਲਵਾ ਨੇ ਕਰਵਾਈ ਸੀ। ਗੁੰਬਦ ’ਤੇ ਸੋਨੇ ਦੇ ਪਤਰੇ ਮੜ੍ਹੇ ਹੋਏ ਸਨ। ਅੱਜ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ 5 ਮੰਜਿਲਾ ਆਧੁਨਿਕ ਦਿਖ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਸਰਲ ਤਖ਼ਤ ਦੇ ਡਿਜਾਇਨ ਨੂੰ ਵਿਅਕਤ ਨਹੀਂ ਕਰਦੀ। 1984 ਤੋਂ ਪਹਿਲਾਂ ਮੂਲ ਤਖ਼ਤ ਦੀਆਂ ਕੰਧਾਂ ਉੱਤੇ 19ਵੀਂ ਸਦੀ ਦੇ ਚਿੱਤਰ ਉਲੀਕੇ ਗਏ ਸਨ। ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਸਾਰੀ ਜੜਤਕਾਰੀ ਤੇ ਨੱਕਾਸ਼ੀ ਚਨਿਯੋਟ (ਹੁਣ ਪਾਕਿਸਤਾਨੀ ਪੰਜਾਬੀ ਵਿੱਚ) ਤੋਂ ਆਏ ਮੁਸਲਮਾਨ ਕਾਰੀਗਰਾਂ ਨੇ ਕੀਤੀ, ਜਿਨ੍ਹਾਂ ਦਾ ਨਿਗਰਾਨ ਬਦਰੂ ਮਹੀਯੁੱਦੀਨ ਨੂੰ ਥਾਪਿਆ ਗਿਆ ਸੀ।ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਅਤੇ ਬਾਹਰ ਕੋਮਲ ਹੁਨਰਾਂ ਦਾ ਸਾਰਾ ਕੰਮ ਮਹਾਰਾਜਾ ਰਣਜੀਤ ਸਿੰਘ ਵੇਲੇ ਹੋਇਆ। ਇਹ ਹੁਨਰ ਮੁਗਲ ਤੇ ਰਾਜਪੂਤਾਨਾਂ ਕਲਾਵਾਂ ਤੋਂ ਵੱਖਰਾ ਅਤੇ ਗੁਲੇਰ, ਕਾਂਗੜਾ ਤੇ ਲਾਹੌਰ ਕਲਾਵਾਂ ਦੇ ਸੰਗਮ ਤੋਂ ਨਵੀਆਂ ਵਿਸ਼ੇਸ਼ਤਾਵਾਂ ਸਮੇਤ ਨਵੇਂ ਹੁਨਰ ਦੇ ਰੂਪ ਵਿਚ ਪ੍ਰਗਟ ਹੋਇਆ, ਜਿਸ ਨੂੰ ਸਿੱਖ ਕਲਾ ਦਾ ਨਾਂ ਦਿੱਤਾ ਗਿਆ ਹੈ। ਇਨ੍ਹਾਂ ਕੰਧ-ਚਿੱਤਰਾਂ ਦੇ ਰੰਗ ਕੁਝ ਥਾਵਾਂ ਤੋਂ ਮਿਟ ਗਏ ਸਨ, ਪਰ ਅਜੇ ਵੀ ਸਾਂਭੇ ਜਾ ਸਕਣ ਦੀ ਸਥਿਤੀ ਵਿੱਚ ਸਨ। 1984 ਦੇ ਬਲਿਊ ਸਟਾਰ ਸਮੇਂ ਇਹ ਨਸ਼ਟ ਹੋ ਗਏ। ਇਥੇ ਤਿੰਨ ਕੰਧ-ਚਿੱਤਰ ਸਨ। ਇੱਕ ਤੇ ਲਿਖਿਆ ਸੀ: ‘ਘੋੜੇ ਲਿਆ ਭਾਈ ਬਿਧੀ ਚੰਦ ਹਜੂਰਾ।‘ ਕਾਬੁਲ ਤੋਂ ਦੋ ਮਸੰਦ ਦੋ ਬਹੁਤ ਸੁੰਦਰ ਘੋੜੇ ਗੁਰੂ ਹਰਗੋਬਿੰਦ ਸਾਹਿਬ ਨੂੰ ਭੇਟ ਕਰਨ ਲਈ ਲਿਆ ਰਹੇ ਸਨ। ਇਹ ਵਾਰਤਾ ਇੱਕ ਕੰਧ ਚਿੱਤਰ ਵਿੱਚ ਅੰਕਿਤ ਸੀ। ਇੱਕ ਹੋਰ ਕੰਧ ਚਿੱਤਰ ਵਿੱਚ ਗੁਰੂ ਜੀ ਰਾਗੀ ਸਿੰਘਾਂ ਤੋਂ ਕੀਰਤਨ ਸੁਣ ਰਹੇ ਸਨ। ਗੁਰੂ ਗੋਬਿੰਦ ਸਿੰਘ ਜੀ ਨਾਲ ਜੁੜੇ ਇੱਕ ਚਿੱਤਰ ਵਿੱਚ ਉਹ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਉਂਦੇ ਸਨ। ਇੱਕ ਹੋਰ ਗੁਰੂ ਨਾਨਕ ਦੇਵ ਜੀ ਦੀ ਸਿੱਧਾਂ ਨਾਲ ਗੋਸ਼ਟੀ ਦਾ ਦ੍ਰਿਸ਼ ਸੀ। ਤਿੰਨ ਕੰਧ ਚਿੱਤਰ ਕਬੀਰ, ਸੈਣ ਅਤੇ ਧਰੁਵ ਭਗਤਾਂ ਨਾਲ ਸਬੰਧਿਤ ਸਨ। ਲਗਪਗ 30 ਚਿੱਤਰ ਪੇਂਟ ਕੀਤੇ ਗਏ ਸਨ।
ਸਿੱਖ ਰੈਫਰੈਂਸ ਲਾਇਬ੍ਰੇਰੀ
ਪਵਿੱਤਰ ਸ੍ਰੀ ਹਰਿਮੰਦਰ ਸਾਹਿਬ ਦੀ ਪ੍ਰਕਰਮਾ ਵਿਚ ਆਟੇ ਮੰਡੀ ਵਾਲੀ ਦਰਸ਼ਨੀ ਡਿਊਢੀ ਉੱਪਰ ਸਥਾਪਿਤ ਹੋਈ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦੀ ਸਥਾਪਨਾ ਵਿਚ ਮਹੱਤਵਪੂਰਨ ਰੋਲ ਸਿੱਖ ਹਿਸਟੋਰੀਕਲ ਸੁਸਾਇਟੀ ਦਾ ਰਿਹਾ, ਜੋ 1930 ਵਿਚ ਬਣੀ ਸੀ। ਬਾਵਾ ਬੁੱਧ ਸਿੰਘ ਦੀ ਅਗਵਾਈ ਵਿਚ ਸਿੱਖ ਵਿਦਵਾਨਾਂ ਦੀ ਵਿਸ਼ੇਸ਼ ਮੀਟਿੰਗ 19 ਅਪ੍ਰੈਲ 1945 ਨੂੰ ਸ੍ਰੀ ਅੰਮ੍ਰਿਤਸਰ ਵਿਖੇ ਹੋਈ, ਜਿਸ ਵਿਚ ਇਸ ਦਾ ਵਿਧਾਨ ਨਿਸ਼ਚਤ ਕੀਤਾ ਗਿਆ। ਵਰਕਿੰਗ ਕਮੇਟੀ ਵਿਚ ਤੇਜਾ ਸਿੰਘ, ਬਾਵਾ ਪ੍ਰੇਮ ਸਿੰਘ, ਬਾਵਾ ਹਰਕ੍ਰਿਸ਼ਨ ਸਿੰਘ, ਗੁਰਮੁੱਖ ਨਿਹਾਲ ਸਿੰਘ ਤੇ ਗੰਡਾ ਸਿੰਘ ਜਿਹੇ ਵਿਦਵਾਨ ਸੱਜਣ ਸ਼ਾਮਿਲ ਹੋਏ ਤੇ ਕੇਂਦਰੀ ਸਿੱਖ ਲਾਇਬ੍ਰੇਰੀ ਦੀ ਸਥਾਪਨਾ ‘ਤੇ ਜ਼ੋਰ ਦਿੱਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਤਾ ਨੰਬਰ 822 ਜੋ ਅਕਤੂਬਰ 1946 ਨੂੰ ਪਾਇਆ ਗਿਆ, ਵਿਚ ਇਸ ਨੂੰ ਪਾਸ ਕਰ ਦਿੱਤਾ ਗਿਆ। ਇਸ ਤੋਂ ਬਾਅਦ 10 ਫ਼ਰਵਰੀ 1947 ਨੂੰ ਸਵ: ਮਹਾਰਾਜਾ ਦਲੀਪ ਸਿੰਘ ਦੀ ਸ਼ਹਿਜ਼ਾਦੀ ਬੰਬਾ ਦੀ ਪ੍ਰਧਾਨਗੀ ਹੇਠ ਖਾਲਸਾ ਕਾਲਜ ਅੰਮ੍ਰਿਤਸਰ ਦੀ ਮੀਟਿੰਗ ਵਿਚ ਇਸ ਦਾ ਵਿਸਥਾਰ ਕਰ ਦਿੱਤਾ ਗਿਆ ਤੇ ਲਾਇਬ੍ਰੇਰੀ ਦੀ ਸਥਾਪਨਾ ਲਈ ਰਾਹ ਪੱਧਰਾ ਹੋ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਵਿਸ਼ਵ ਭਰ ਦੇ ਸਿੱਖ ਸ਼ਰਧਾਲੂਆਂ ਤੇ ਸੰਪਰਦਾਵਾਂ ਵਲੋਂ ਦਹਾਕਿਆਂ ਦੇ ਯਤਨਾਂ ਦੌਰਾਨ ਕੇਂਦਰੀ ਸਿੱਖ ਲਾਇਬ੍ਰੇਰੀ ਤੋਂ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਬਣੀ। ਇਸ ਦੇ ਵਿਕਾਸ ਵਿਚ ਸਥਾਪਨਾ ਤੋਂ ਲੈ ਕੇ ਵੱਖ-ਵੱਖ ਸਮੇਂ ਰਹੇ ਲਾਇਬ੍ਰੇਰੀ ਦੇ ਇੰਚਾਰਜ ਸਹਿਬਾਨ, ਜਿਨ੍ਹਾਂ ਵਿਚ ਡਾ: ਗੰਡਾ ਸਿੰਘ, ਅਜੀਤ ਸਿੰਘ ਅੰਬਾਲਵੀ, ਗਿਆਨੀ ਜੰਗ ਸਿੰਘ, ਪ੍ਰਿੰ: ਸਰਮੁੱਖ ਸਿੰਘ ਅਮੋਲ, ਸਰਦਾਰ ਸ਼ਮਸ਼ੇਰ ਸਿੰਘ ਅਸ਼ੋਕ ਅਤੇ ਡਾ: ਦਵਿੰਦਰ ਸਿੰਘ ਦੁੱਗਲ਼ ਦਾ ਜ਼ਿਕਰ ਹੈ, ਨੇ ਅਪਣੀ ਸੂਝਬੂਝ ਤੇ ਸਿਆਣਪ ਨਾਲ 1 ਜੂਨ 1984 ਤੱਕ ਦੁਰਲੱਭ ਪੁਸਤਕਾਂ ਜਿਨ੍ਹਾਂ ਦੀ ਗਿਣਤੀ 13 ਹਜ਼ਾਰ 300 ਦੇ ਕਰੀਬ ਸੀ ਤੋਂ ਇਲਾਵਾ ਗੁਰੂ ਸਾਹਿਬਾਨ, ਸਮਕਾਲੀ ਵਿਦਵਾਨਾਂ, ਕਵੀਆਂ ਅਤੇ ਉਸ ਵੇਲੇ ਦੇ ਮਹਾਨ ਚਿੰਤਕਾਂ ਦੀਆਂ ਪੰਜ ਸੌ ਹੱਥ ਲਿਖ਼ਤਾਂ ਦੇ ਖਰੜੇ। ਦਰਜਨਾਂ ਪੁਰਾਤਨ ਹੱਥ ਲਿਖ਼ਤਾਂ, ਪਵਿੱਤਰ ਬੀੜਾਂ, ਹੁਕਮਨਾਮੇ ਅਤੇ ਜਨਮ ਸਾਖੀਆਂ ਇਥੇ ਰੱਖੀਆਂ ਗਈਆਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੁਰਾਤਨ ਹੱਥਲਿਖਤ ਬੀੜਾਂ ਮਿਲਦੀਆਂ ਹਨ, ਜਿਨ੍ਹਾਂ ਦੇ ਹਾਸ਼ੀਏ ਸੁੰਦਰ ਵੇਲ-ਬੂਟਿਆਂ ਨਾਲ ਸੋਹਣੇ ਰੰਗਾਂ ਵਿਚ ਚਿਤਰੇ ਹੋਏ ਸਨ। ਕੁਝ ਬੀੜਾਂ ਦੇ ਹਰ ਰਾਗ ਦੇ ਆਰੰਭਿਕ ਪੱਤਰੇ ਉਪਰ ਵੱਖ-ਵੱਖ ਤੇ ਉਸ ਰਾਗ ਦੇ ਭਾਵ ਨਾਲ ਢੁਕਦੇ ਚਿੱਤਰ ਬਣਾਏ ਹੋਏ ਸਨ, ਜਿਵੇਂ ਬਸੰਤ ਰਾਗ ਦੇ ਆਰੰਭਿਕ ਪੰਨੇ ਨੂੰ ਬਸੰਤੀ ਰੰਗ ਤੇ ਉਸ ਰੁੱਤ ਦੇ ਫੁੱਲ ਬਣਾ ਕੇ ਸਜਾਇਆ ਹੋਇਆ ਸੀ । ਇਵੇਂ ਮਲਾਰ ਰਾਗ ਦੇ ਆਰੰਭਿਕ ਪੰਨੇ ਉਪਰ ਵਰਖਾ ਰੁੱਤ ਦਾ ਚਿੱਤਰ ਬਣਾਇਆ ਹੋਇਆ ਸੀ। ਹਰ ਸਫ਼ੇ ‘ਤੇ ਵੱਖਰਾ-ਵੱਖਰਾ ਹਾਸ਼ੀਆ ਸੀ। ਵੱਖ-ਵੱਖ ਥਾਵਾਂ ‘ਤੇ ਗੁਰੂ ਸਾਹਿਬਾਨ, ਰਾਜਿਆਂ-ਮਹਾਰਾਜਿਆਂ, ਸਿੱਖ ਸਰਦਾਰਾਂ ਦੇ ਵੀ ਚਿੱਤਰ ਮਿਲਦੇ, ਜਿਨ੍ਹਾਂ ‘ਚੋਂ ਸਿੱਖ ਕਲਾ ਦੀਆਂ ਪਹਿਲੀਆਂ ਪ੍ਰਚੱਲਿਤ ਤੇ ਪ੍ਰਸਿੱਧ ਕਲਾਵਾਂ ਤੋਂ ਭਿੰਨਤਾ ਪ੍ਰਤੱਖ ਪ੍ਰਗਟ ਹੋ ਜਾਂਦੀ। 1 ਜੂਨ 1984 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਅੰਦਰ ਦਰਜ ਕੀਤੀਆਂ ਕਿਤਾਬਾਂ ਦੀ ਗਿਣਤੀ ਰਜਿਸਟਰ ਮੁਤਾਬਕ 13 ਸੌ ਤੋਂ ਉੱਪਰ ਚੱਲ ਰਹੀ ਸੀ। ਇਸ ਤੋਂ ਗੁਰੂ ਸਹਿਬਾਨ ਦੇ ਗੁਰਮੁਖੀ ਵਿਚ ਦਸਤਖਤਾਂ ਵਾਲੇ ਕੀਮਤੀ ਦਸਤਾਵੇਜ਼ ਸਿੱਖ ਕੌਮ ਦਾ ਸਮਝੋ ਬੇਸ਼ਕੀਮਤੀ ਸਰਮਾਇਆ ਸਨ। ‘ਸਿੱਖ ਰੈਫਰੈਂਸ ਲਾਇਬ੍ਰੇਰੀ‘ ਤੋਂ 20,000 ਦੇ ਲੱਗਭੱਗ ਪੁਸਤਕਾਂ ਜਿਨ੍ਹਾਂ ਦੀ ਕੀਮਤ 20 ਲੱਖ ਤੋਂ ਵਧੀਕ ਬਣਦੀ ਹੈ, 2500 ਹੱਥ-ਲਿਖਤ ਧਾਰਮਿਕ ਗ੍ਰੰਥ ਤੇ ਹੋਰ ਪੁਸਤਕਾਂ ਅਤੇ 1500 ਦੇ ਕਰੀਬ ਟਾਈਪ ਕੀਤੇ ਹੋਏ ਖਰੜੇ ਸਨ।
ਇਕ ਅਨੁਮਾਨ ਮੁਤਾਬਕ, ਲਗਭਗ 22,62,000 / – ਦੀਆਂ ਕਿਤਾਬਾਂ ਅਤੇ ਫਰਨੀਚਰ ਨੀਲਾ ਤਾਰਾ ਅਪਰੇਸ਼ਨ, 1984 ਦੇ ਦੌਰਾਨ ਤਬਾਹ ਹੋ ਗਏ ਸਨ। ਇਹ ਕੀਮਤ ਅਮੋਲਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਹੱਥ ਲਿਖਤ ਪਵਿੱਤਰ ਸਰੂਪਾ ਤੋਂ ਇਲਾਵਾ ਮਾਪੀ ਗਈ ਹੈ ਕਿਓਂਕਿ ਓਹਨਾਂ ਦੀ ਕੀਮਤ ਨਹੀਂ ਲਾਈ ਜਾ ਸਕਦੀ।
(ਇਸ ਵਿਸ਼ੇ ’ਤੇ ਹੋਰ ਵੇਰਵਾ ਅਗਲੇ ਐਤਵਾਰ ਪੜ੍ਹੋ


