ਗੁਰੂਹਰਸਹਾਏ, 20 ਫਰਵਰੀ (ਮਹਿੰਦਰ ਸਿੰਘ ਥਿੰਦ)- ਨਗਰ ਕੌਂਸਲ ਦੀਆਂ ਚੋਣਾਂ ਦੌਰਾਨ ਹੋਏ ਇਕ ਗੋਲੀ ਕਾਂਡ ਵਿਚ ਪੁਲਿਸ ਵੱਲੋਂ ਅੱਜ ਮਾਮਲਾ ਦਰਜ ਕੀਤਾ ਗਿਆ ਹੈ, ਜਿਸ ਵਿਚ ਹਲਕਾ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਦੇ ਬੇਟੇ ਹੀਰਾ ਸੋਢੀ ਸਮੇਤ ਪੰਜ ਵਿਅਕਤੀਆਂ ’ਤੇ ਧਾਰਾ 307 ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਦਿੱਤੇ ਵੇਰਵਿਆਂ ਅਨੁਸਾਰ ਸੁਖਵੰਤ ਸਿੰਘ ਉਰਫ਼ ਬਿੱਟੂ ਪੁੱਤਰ ਕੇਵਲ ਸਿੰਘ ਵਾਸੀ ਭੁਲੇਰੀਆਂ ਥਾਣਾ ਮਲੋਟ ਜੋ ਚੋਣਾਂ ਦੌਰਾਨ ਸਥਾਨਕ ਇਕ ਉਮੀਦਵਾਰ ਮੋਂਟੂ ਵੋਹਰਾ ਦੀ ਚੋਣ ਵਿਚ ਮਦਦ ਕਰਨ ਲਈ ਪਹੁਚਿਆ ਹੋਇਆ ਸੀ, ਨੂੰ ਉਕਤ ਵਿਅਕਤੀਆਂ ਵੱਲੋਂ ਆਪਣੀ ਕੋਠੀ ਨੇੜੇ ਘੇਰ ਕੇ ਇਹ ਕਾਤਲਾਨਾ ਹਮਲਾ ਕੀਤਾ ਗਿਆ। ਬਿੱਟੂ ਵੱਲੋਂ ਦਿੱਤੇ ਬਿਆਨਾਂ ਅਨੁਸਾਰ ਜਦੋਂ ਉੁਹ 12 ਫਰਵਰੀ ਦੀ ਰਾਤ ਨੂੰ ਗੋਲੂ ਕਾ ਮੋੜ ਤੋਂ ਗੁਰੂਹਰਸਹਾਏ ਵੱਲ ਨੂੰ ਆ ਰਿਹਾ ਸੀ
ਤਾਂ ਰਸਤੇ ਵਿਚ ਪੈਂਦੀ ਹਲਕਾ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਦੀ ਕੋਠੀ ਕੋਲ ਉਸ ਨੂੰ ਹੀਰਾ ਸੋਢੀ ਸਮੇਤ ਉਸ ਦੇ ਸਾਥੀਆਂ ਨੇ ਬੰਦੂਕ ਦੀ ਨੋਕ ’ਤੇ ਕਾਰ ਵਿਚੋਂ ਉਤਾਰ ਲਿਆ ਅਤੇ ਕੋਠੀ ਅੰਦਰ ਲੈ ਗਏ, ਕੋਠੀ ਅੰਦਰ ਉਨ੍ਹਾਂ ਦੇ ਹੋਰ ਸਾਥੀਆਂ ਵੱਲੋਂ ਉਸ ਦੀ ਭਾਰੀ ਕੁੱਟ ਮਾਰ ਕੀਤੀ ਅਤੇ ਬਿੱਟੂ ਵੱਲੋਂ ਕੀਤੇ ਬੇਹੋਸ਼ੀ ਦੇ ਡਰਾਮੇ ਤੋਂ ਬਾਅਦ ਜਦੋਂ ਉਹ ਰਾਣਾ ਸੋਢੀ ਦੀ ਕੋਠੀ ਵਿਚੋਂ ਜਾਨ ਬਚਾਉਣ ਲਈ ਭੱਜ ਕੇ ਨਿਕਲਣ ਲੱਗਾ ਤਾਂ ਰਾਣਾ ਸੋਢੀ ਦੇ ਬੇਟੇ ਹੀਰਾ ਸੋਢੀ, ਪੀ.ਏ.ਨਸੀਬ ਸਿੰਘ ਸੰਧੂ ਜਿਸ ਦੇ ਹੱਥ ਵਿਚ ਬੰਦੂਕ ਸੀ ਨੂੰ ਲਲਕਾਰਾ ਮਾਰ ਕੇ ਕਿਹਾ ਕਿ ਬਿੱਟੂ ਭੱਜ ਚੱਲਿਆ ਹੈ, ਇਸ ਨੂੰ ਜਾਣ ਨਾ ਦਿਓ, ਜਿਸ ‘ਤੇ ਨਸੀਬ ਸਿੰਘ ਸੰਧੂ ਨੇ ਆਪਣੀ ਦੋਨਾਲੀ ਬੰਦੂਕ ਨਾਲ ਫਾਇਰ ਕੀਤਾ ਜੋ ਉਸ ਦੀਆਂ ਲੱਤਾਂ ਵਿਚ ਵੱਜਿਆ। ਇਸ ਦੌਰਾਨ ਕੋਠੀ ਨੇੜਿਓ ¦ਘਦੀ ਮੁੱਖ ਸੜਕ ’ਤੇ ਪਹੁੰਚ ਗਿਆ, ਜਿੱਥੇ ਉਸ ਨੂੰ ਸੀਨੀਅਰ ਅਕਾਲੀ ਆਗੂ ਬਲਜਿੰਦਰ ਸਿੰਘ ਤੇ ਹਰਪਾਲ ਸਿੰਘ ਬੇਦੀ ਮਿਲੇ, ਜਿੰਨ੍ਹਾਂ ਨੇ ਉਸ ਨੂੰ ਆਪਣੀ ਗੱਡੀ ਵਿਚ ਬਿਠਾ ਲਿਆ ਅਤੇ ਉਸ ਦੀ ਹਾਲਤ ਦੇਖਦੇ ਹੋਏ ਸਿਵਲ ਹਸਪਤਾਲ ਗੁਰੂਹਰਸਹਾਏ ਦਾਖਲ ਕਰਵਾ ਦਿੱਤਾ। ਜਿਸ ਤੋਂ ਬਾਅਦ ਉਸ ਦੀ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਫਰੀਦਕੋਟ ਇਲਾਜ ਲਈ ਰੈਫਰ ਕਰ ਦਿੱਤਾ। ਬਿੱਟੂ ਵੱਲੋਂ ਦਿੱਤੇ ਬਿਆਨਾਂ ਦੇ ਅਧਾਰ ’ਤੇ ਛੇ ਅਣਪਛਾਤਿਆਂ ਤੋਂ ਇਲਾਵਾ ਕਾਂਗਰਸੀ ਆਗੂ ਹੀਰਾ ਸੋਢੀ, ਦਵਿੰਦਰ ਸਿੰਘ ਜੰਗ, ਹਰਵਿੰਦਰ ਸਿੰਘ ਬੱਬਾ ਬਰਾੜ, ਰਵੀ ਸ਼ਰਮਾ ਅਤੇ ਨਸੀਬ ਸਿੰਘ ਸੰਧੂ ਖਿਲਾਫ਼ ਧਾਰਾ 307, 365, 148, 149, 25, 27, 54,59 ਤਹਿਤ ਮੁਕੱਦਮਾ ਨੰਬਰ 29 ਦਰਜ ਕਰ ਲਿਆ ਹੈ।



