Skip to content
Independent perspectives. Global stories.
BREAKING

ਮੁੱਖ ਮੰਤਰੀ ਵੱਲੋਂ ਰੂਪਨਗਰ ਵਿਖੇ ਸਰਵਿਸ ਸਿਲੈਕਸ਼ਨ ਸੈਂਟਰ ਦਾ ਨਿਰਮਾਣ ਛੇਤੀ ਕਰਨ ਵਾਸਤੇ ਮਨੋਹਰ ਪਾਰੀਕਰ ਦੇ ਸਿੱਧੇ ਦਖ਼ਲ ਦੀ ਮੰਗ

Share this story

ਨਵੀਂ ਦਿੱਲੀ, 20 ਫਰਵਰੀ (ਪੀ. ਟੀ.)- ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਕੇਂਦਰੀ ਰੱਖਿਆ ਮੰਤਰੀ ਸ੍ਰੀ ਮਨੋਹਰ ਪਾਰੀਕਰ ਨਾਲ ਮੁਲਾਕਾਤ ਕਰਕੇ ਰੂਪਨਗਰ ਵਿਖੇ 200 ਏਕੜ ਰਕਬੇ ਵਿੱਚ ਬਣਾਏ ਜਾਣ ਵਾਲੇ ਸਰਵਿਸ ਸਿਲੈਕਸ਼ਨ ਸੈਂਟਰ (ਐਸ.ਐਸ.ਸੀ.) ਨਾਰਥ ਦੀ ਉਸਾਰੀ ਛੇਤੀ ਤੋਂ ਛੇਤੀ ਸ਼ੁਰੂ ਕਰਨ ਲਈ ਉਨ੍ਹਾਂ ਦੇ ਸਿੱਧੇ ਦਖ਼ਲ ਦੀ ਮੰਗ ਕੀਤੀ ਹੈ। ਮੁੱਖ ਮੰਤਰੀ ਸ੍ਰੀ ਪਾਰੀਕਰ ਨੂੰ ਅੱਜ ਦੁਪਹਿਰ ਸਾਊਥ ਬਲਾਕ ਵਿੱਚ ਸਥਿਤ ਉਨ੍ਹਾਂ ਦੇ ਦਫ਼ਤਰ ਵਿੱਚ ਮਿਲੇ। ਇਸ ਦਾ ਪ੍ਰਗਟਾਵਾ ਕਰਦਿਆਂ ਅੱਜ ਇੱਥੇ ਮੁੱਖ ਮੰਤਰੀ ਦਫਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਸ. ਬਾਦਲ ਨੇ ਕੇਂਦਰੀ ਮੰਤਰੀ ਨੂੰ ਸੂਬਾ ਸਰਕਾਰ ਵੱਲੋਂ ਅੰਮ੍ਰਿਤਸਰ ਵਿਖੇ 130 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਜਾ ਰਹੀ ਜੰਗੀ ਯਾਦਗਾਰ ਦੀ ਜਾਣਕਾਰੀ ਵੀ ਦਿੱਤੀ ਜੋ ਕਿ ਦੇਸ਼ ਉਪਰ ਬਾਹਰੀ ਹਮਲਿਆਂ ਅਤੇ ਅੰਦਰੂਨੀ ਗੜਬੜਦੌਰਾਨ ਵਤਨ ਦੀ ਰੱਖਿਆ ਕਰਨ ਵਾਲੇ ਫੌਜ ਦੇ ਬਹਾਦਰ ਨਾਇਕਾਂ ਨੂੰ ਸਮਰਪਿਤ ਹੋਵੇਗੀ। ਉਨ੍ਹਾਂ ਨੇ ਸ੍ਰੀ ਪਾਰੀਕਰ ਨੂੰ ਅਪੀਲ ਕੀਤੀ ਕਿ ਇਸ ਯਾਦਗਾਰ ਵਿੱਚ ਹੁਣ ਵਰਤੋਂ ਵਿੱਚ ਨਾ ਆਉਣ ਵਾਲੇ ਫੌਜੀ ਸਾਜ਼ੋ-ਸਾਮਾਨ ਨੂੰ ਪ੍ਰਦਰਸ਼ਿਤ ਕਰਨ ਲਈ ਇਹ ਸਾਮਾਨ ਦਾਨ ਵਜੋਂ ਦੇਣ ਲਈ ਹਥਿਆਰਬੰਦ ਸੈਨਾਵਾਂ ਦੇ ਮੁਖੀਆਂ ਨੂੰ ਨਿਰਦੇਸ਼ ਦੇਣ। ਸ. ਬਾਦਲ ਨੇ ਉਮੀਦ ਪ੍ਰਗਟ ਕੀਤੀ ਕਿ ਫੌਜ ਦਾ ਇਹ ਸਾਜ਼ੋ-ਸਾਮਾਨ ਵਿੱਚ ਨੌਜਵਾਨਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰੇਗਾ ਅਤੇ ਇਸ ਦੇ ਨਾਲ ਹੀ ਦੇਸ਼ ਵਾਸੀਆਂ ਨੂੰ ਹਥਿਆਰਬੰਦ ਸੈਨਾਵਾਂ ਵੱਲੋਂ ਵਰਤੇ ਗਏ ਹਥਿਆਰਾਂ ਦੀ ਜਾਣਕਾਰੀ ਮਿਲੇਗੀ। ੍ਯਮੁੱਖ ਮੰਤਰੀ ਵੱਲੋਂ ਉਠਾਏ ਗਏ ਮਾਮਲਿਆਂ ਦੇ ਸਬੰਧ ਵਿੱਚ ਸ੍ਰੀ ਪਾਰੀਕਰ ਨੇ ਕਿਹਾ ਕਿ ਉਹ ਛੇਤੀ ਹੀ ਰੂਪਨਗਰ ਵਿਖੇ ਐਸ.ਐਸ.ਸੀ. ਨਾਰਥ ਦੇ ਨਿਰਮਾਣ ਕਾਰਜਾਂ ਨੂੰ ਸ਼ੁਰੂ ਕਰਨ ਵਾਸਤੇ ਰੱਖਿਆ ਮੰਤਰਾਲੇ ਨੂੰ ਨਿਰਦੇਸ਼ ਦੇਣਗੇ। ਉਨ੍ਹਾਂ ਨੇ ਇਹ ਭਰੋਸਾ ਵੀ ਦਿਵਾਇਆ ਕਿ ਉਹ ਅੰਮ੍ਰਿਤਸਰ ਦੀ ਜੰਗੀ ਯਾਦਗਾਰ ਵਾਸਤੇ ਫੌਜੀ ਸਾਮਾਨ ਦੇਣ ਦਾ ਮੁੱਦਾ ਵੀ ਵਿਚਾਰਨਗੇ। ਉਨ੍ਹਾਂ ਕਿਹਾ ਕਿ ਇਹ ਰੱਖਿਆ ਸੈਨਾਵਾਂ ਲਈ ਬਹੁਤ ਮਾਣ ਤੇ ਸਤਿਕਾਰ ਵਾਲੀ ਗੱਲ ਹੋਵੇਗੀ ਕਿਉਂਕਿ ਇਹ ਯਾਦਗਾਰ ਉਨ੍ਹਾਂ ਵੱਲੋਂ ਸ਼ਾਨਦਾਰ ਸੇਵਾਵਾਂ ਦੇ ਪਾਏ ਗਏ ਲਾਮਿਸਾਲ ਯੋਗਾਦਨ ਅਤੇ ਫੌਜੀਆਂ ਦੀ ਬਹਾਦਰੀ ਨੂੰ ਪ੍ਰਦਰਸ਼ਿਤ ਕਰੇਗੀ। ਮੁੱਖ ਮੰਤਰੀ ਨਾਲ ਉਹਨਾਂ ਦੇ ਪ੍ਰਮੁੱਖ ਸਕੱਤਰ ਸ਼੍ਰੀ ਐਸ.ਕੇ. ਸੰਧੂ, ਵਿਸ਼ੇਸ਼ ਪ੍ਰਮੁੱਖ ਸਕੱਤਰ ਸ਼੍ਰੀ ਕੇ.ਜੇ. ਐਸ. ਚੀਮਾ, ਪ੍ਰਮੁੱਖ ਰੈਜ਼ੀਡੈਂਟ ਕਮਿਸ਼ਨਰ ਸ੍ਰੀਮਤੀ ਕਲਪਨਾ ਮਿੱਤਲ ਬਰੁਆ ਅਤੇ ਰੈਜ਼ੀਡੈਂਟ ਕਮਿਸ਼ਨਰ ਪੰਜਾਬ ਸ੍ਰੀ ਕੇ. ਸ਼ਿਵਾ ਪ੍ਰਸਾਦ ਹਾਜ਼ਰ ਸਨ।

WRITTEN BY