ਤੇਰੇ ਪਿਆਰ ਦੀਆਂ ਮਹਿਕਣ ਖੁਸ਼ਬੂਆਂ,
ਜਿਉਂ ਫੁੱਲਾਂ ’ਚ ਗੁਲਾਬ ਮਹਿਕਦਾ।
‘ਸੁੱਖ ਐ ਹੀਰੇ!’ ਨਾਲ ਦੀਆਂ ਸਹੇਲੀਆਂ ਕਿਰਨ ਨੂੰ ਹੀਰ ਕਹਿ ਕੇ ਬੁਲਾਉਂਦੀਆਂ ਸਨ। ਸ਼ਾਇਦ ਇਹੋ ਹੀ ਇੱਕ ਨਾਂ ਸੀ ਜੋ ਉਹਦੀ ਖੂਬਸੂਰਤੀ ਲਈ ਪੁਰੂ ਜੱਚਦਾ ਸੀ। ਕਿਰਨ ਨੇ ਮੁਸਕਰਾਉਂਦਿਆਂ ਮੂੰਹ ਉਤਾਂਹ ਚੱਕਿਆ। ਬੇਸਿਕ ਸਕੂਲ ਦੀਆਂ ਕਿਆਰੀਆਂ ਦੇ ਫੁੱਲ, ਜਿਵੇਂ ਉਹਦੀ ਮੁਸਕਰਾਹਟ ’ਤੇ ਮਸਲ ਹੋ ਗਏ ਹੋਣ।
‘ਕਾਹਦੀ ਸੁੱਖ, ਕਿਹੜੀ ਸੁੱਖ?’ ਉਲਟਾਵਾਂ ਸੁਆਰ ਕਿਰਨ ਨੇ ਜੱਸੀ ਅਤੇ ਵੀਰਾਂ ’ਤੇ ਕਰਦਿਆਂ ਕਿਹਾ। ਜੱਸੀ, ਵੀਰਾਂ ਅਤੇ ਅਮਨੀ ਕਿਰਨ ਦੀਆਂ ਪੱਕੀਆਂ ਸਹੇਲੀਆਂ ਸਨ ਜੋ ਸਕੂਲ ਟਾਈਮ ਤੋਂ ਹੀ ਉਸਦੀਆਂ ਹਮ-ਜਮਾਤਣਾ ਸਨ। ਟੀਚਰ ਟਰੇਨਿੰਗ ਵਿੱਚ ਵੀ ਸਾਰੀਆਂ ਨੇ ਇਕੱਠਿਆਂ ਹੀ ਦਾਖਲਾ ਲਿਆ ਸੀ।
‘ਨਾ ਨੀ ਹੀਰੇ! ਮੰਨ ਨਾ ਮੰਨ, ਲਗਦੈ ਕੁਛ ਕੁਛ ਹੋ ਗਿਐ। ਤਾਂਹੀਏਂ ਤਾਂ ਅੱਜ ਕੱਲ ਖੋਹੀ ਖੋਰੀ ਰਹਿਨੀ ਐ’।
‘ਅਮਨੀਏਂ, ਤੈਨੂੰ ਤਾਂ ਭਕਾਈ ਦੀ ਆਦਤ ਐ, ਸਾਰਿਆਂ ਨੂੰ ਆਵਦੇ ਵਰਗਾ ਈ ਸਮਝਦੀ ਏਂ’। ਕਿਰਨ ਨੇ ਮੱਥੇ ’ਤੇ ਥੋੜੀ ਜਿਹੀ ਤਿਉੜੀ ਪਾਉਂਦਿਆਂ ਕਿਹਾ।
‘ਹੱਛਾ! ਵੱਡੀ ਮਹਾਤਮਾਂ ਏਂ ਤੂੰ ਤਾਂ। ਹੁਣੇ ਈ ੱਜੇ ਗਸ਼ੀਆਂ ਖਾਣ ਡਹੀ ਸੀ, ਲੁਕ ਲੁਕ ਕੇ’।
‘ਨਾ ਨੀ ਵੀਰਾਂ, ਕਿਰਨ ਦਾ ਦਰਦ ਵੰਡਾਉਣਾ ਚਾਹੀਦੈ, ਉਹ ਤਾਂ ਪਹਿਲਾਂ ਹੀ ਮਰੀ ਪਈ ਐ, ਉੱਤੋਂ ਤੂੰ ਹੋਰ ਟਕੋਰਾਂ ਲਾਉਣ ਲੱਗੀ ਐਂ’। ਵੀਰੱਾਂ ਨੇ ਮਨੋ-ਵਿਗਿਆਨਕ ਢੰਗ ਨਾਲ ਨਬਜ਼ ਟੋਹਣੀ ਚਾਹੀ।
‘ਹੱਛਾ! ਵਾਹਵਾ ਚਲਾਕ ਏਂ ਪੰਡਤਾਣੀਏਂ’, ਕਿਰਨ ਨੇ ਉਹਦੇ ਚੂੰਢੀ ਭਰਦਿਆਂ ਕਿਹਾ। ਉਹਦੇ ਚਿਹਰੇ ਤੇ ਸੁੰਦਰਤਾ ਦਾ ਭੋਲਾਪਣ ਸੀ ਪਰ ਦਿਮਾਗੋਂ ਤਾਂ ਭੋਲੀ ਨਹੀਂ ਸੀ ਕਿਰਨ।
ਵੀਰਾਂ ਵਿਚਾਰੀ ਢੱਠੇ ਮੱਲ ਵਾਂਗ ਖੰਭ ਜਿਹੇ ਖੁਹਾ ਕੇ ਬੈਠ ਗਈ।
‘ਤੂੰ ਦੱਸ ਨੀ ਮੁਸ਼ਟੰਡੀਏ’, ਲੱਗਦੇ ਹੱਥ ਕਿਰਨ ਅਮਨੀ ਨੂੰ ਵੀ ਪੈ ਨਿਕਲੀ।
‘ਬੜੀ ਚਾਤੁਰ ਬਣ ਗਈ ਏਂ, ਸੁੱਖ ਹੋਵੇ, ਨਿੱਖਰ ਕੇ ਰਹਿਣ ਲੱਗ ਗਈ ਐ ਸਾਡੀ ਹੀਰ ਅੱਜਕੱਲ੍ਹ’।
‘ਕਾਹਦੀ ਸੁੱਖ ਸੁੱਖ ਲਾਈ ਐ, ਮਰਨੀਓਂ’। ਕਿਰਨ ਖਫਾ ਹੋ ਗਈ ਸੀ।
‘ਆਹੀਓ ਕਿ ਸੁੱਖ ਨਾਲ… ’।
‘ਜਾਓ, ਖਾਓ ਖਸਮਾਂ ਨੂੰ, ਬੁਝਾਰਤਾਂ ਹੀ ਪਾਈ ਜਾਨੀਐਂ’। ਸਹੇਲੀਆਂ ਦੀਆਂ ਰਮਜ਼ਾਂ ਹੌਲੀ ਹੌਲੀ ਗੱਲ ਨੂੰ ਨਿਸ਼ਾਨੇ ਵੱਲ ਵਧਾ ਰਹੀਆਂ ਸਨ।
‘ਜਾਈਏ ਕਿੱਧਰ, ਠੰਡ ’ਚ ਬੀਮਾਰ ਹੋਣੈ’। ਅਮਨੀ ਤੇ ਵੀਰਏ ਨੇ ਰਲਵੀਂ ਆਵਾਜ਼ ਵਿੱਚ ਕਿਹਾ।
‘ਚੰਗੀ ਅੱਗ ’ਚ ਰਹੀਐਂ ਧਗੜੀਓ’! ਕਿਰਨ ਦਾ ਸਬਰ ਮੁੱਕਦਾ ਜਾ ਰਿਹਾ ਸੀ।
‘ਅੱਗ ਤਾਂ ਅੰਦਰ ਹੀ ਪਈ ਸੀ, ਪਰ ਬਿਮਾਰ ਤਾਂ ਸੜਕਾਂ ’ਤੇ ਫਿਰਨ ਵਾਲੇ ਈ ਹੁੰਦੈ ਐ ਨਾ!’ ਅਮਨੀ ਨੇ ਤੀਰ ਨਿਸ਼ਾਨੇ ਲਾ ਦਿੱਤਾ ਸੀ।
‘ਜਾਓ, ਦਫਾ ਹੋਵੋ,’। ਕਿਰਨ ਖਿੱਝਕੇ ਉੱਠ ਖੜੋਤੀ।
ਅਮਨੀ ਨੇ ਉੱਠਣ ਲੱਗੀ ਕਿਰਨ ਦੇ ਵੱਖੀ ਵਿੱਚ ਚੂੰਢੀ ਭਰ ਲਈ ਤੇ ਵੀਰਾਂ ਨੇ ਬਾਂਹ ਫੜਕੇ ਖਿੱਚ ਲਿਆ। ਕਿਰਨ ਦੀ ਚੀਕ ਨਿਕਲਦੀ-ਨਿਕਲਦੀ ਮਸਾਂ ਹੀ ਰੁਕੀ ਤੇ ਉਹਦੇ ਅੱਖਾਂ ਵਿੱਚ ਪਾਣੀ ਟੱਪਕ ਆਇਆ।
ਅਮਨੀ ਸੀ ਕਿ ਕੋਈ ਬਣੀ ਬਣਾਈ ਰਕਮ, ‘ਨਾ ਕੁੜੇ! ਏਨਾ ਹੇਰਵਾ ਨਾ ਕਰਿਆ ਕਰ, ਰੱਬ ਭਲੀ ਕਰੂ’।
‘ਬੜੀ ਖੜਮਸਤੀ ਲੜਦੀ ਐ, ਫੂਕੀਓ ਇਸ਼ਕ ਦੀਓ, ਕਿਹੜੇ ਧਗੜੇ ਦਾ ਹੇਰਵਾ’।
‘ਨਾ-ਨਾ ਫੁੱਲਾ! ਮੱਛਰੇਂਗਾ ਤਾਂ ਭੌਰ ਭੱਜੇ ਆਉਣਗੇ’। ਅਮਨੀ ਅਜੇ ਵੀ ਚੋਭਾਂ ਲਾਈ ਜਾ ਰਹੀ ਸੀ ਪਰ ਕਿਰਨ ਵਿਚਾਰੀ ਰੋਣਹਾਕੀ ਹੋ ਗਈ ਸੀ।
ਅਮਨੀ ਨੇ ਉੱਠ ਕੇ ਕਿਰਨ ਨੂੰ ਜੱਫੀ ਵਿੱਚ ਲੈਂਦਿਆਂ ਕਿਹਾ, ‘ਨਾ ਮੇਰੀ ਹੀਰ, ਹਾਸੇ ਦਾ ਗੁੱਸਾ ਨਾ ਕਰਿਆ ਕਰ। ਅੱਛਾ, ਦੱਸ ਅੱਜ ਇਕੱਲੀ ਇਉਂ ਚੁੱਪ-ਚੁੱਪ ਕਿਉਂ ਬੈਠੀ ਸੀ?’
‘ਐਵੇਂ ਈ’। ਕਿਰਨ ਨੇ ਬਲਾਵਾਂ ਨੂੰ ਗਲੋਂ ਲਾਹੁਣ ਲਈ ਆਖਿਆ।
‘ਐਵੇਂ ਈ’! ਅੱਗੇ ਪੰਜ ਮਹੀਨੇ ਤਾਂ ਆਏਂ ਬੈਠੀ ਨਹੀਂ, ਗੱਲ ਤਾਂ ਕੋਈ ਜ਼ਰੂਰ ਐ’।
‘ਤੇਰੀ ਸਹੁੰ, ਨਹੀਂ ਕੋਈ ਗੱਲ ਨਹੀਂ’। ਕਿਰਨ ਖਹਿੜਾ ਛੁਡਵਾਉਣਾ ਚਾਹੁੰਦੀ ਸੀ।
‘ਸਹੁੰ ਮੇਰੀ ਕਿ ਟੱਲੀਆਂ ਵਾਲੇ ਦੀ?’ ਅਮਨੀ ਨੇ ਕਿਰਨ ਦੇ ਕੰਨ ਵਿੱਚ ਕਹਿ ਦਿੱਤਾ। ਸੰਗਦਿਆਂ ਕਿਰਨ ਨੇ ਨੀਵੀਂ ਪਾ ਲਈ।
‘ਨਾ ਬੱਲੀਏ, ਸੰਗਿਆ ਨਾ ਕਰ’। ਅਮਨੀ ਕਿਰਨ ਦਾ ਸਿਰ ਪਲੋਸਣ ਲੱਗੀ। ਕਿਰਨ ਨੂੰ ਠੰਡ ਵਿੱਚ ਵੀ ਤਰੇਲੀ ਆ ਗਈ।
‘ਕਿਉਂ ਨੀ ਹੀਰੇ! ਮਾਰੀ ਐ ਮਾਰ ਕੋਈ?’ ਦਣ ਪਿਆ ਵੇਖ ਕੇ ਵੀਰਾਂ ਦਾ ਵੀ ਗੱਭ ਲਾਉਣ ਨੂੰ ਜੀਅ ਕਰ ਆਇਆ।
‘ਨਾ, ਨੀ ਵੀਰਾਂ, ਅੱਗੇ ਚਾਰ ਪੰਜ ਦਿਨਾਂ ਤੋਂ ਮੈਂ ਤੈਨੂੰ ਉਡੀਕਦੀ ਥੱਕ ਗਈ ਤੇ ਤੈਨੂੰ ਤਾਪ ਕਾਹਦਾ ਚੜ੍ਹਿਆ, ਮੁੜਕੇ ਗੇੜਾ ਈ ਨਾ ਮਾਰਿਆ, ਤੇ ਅੱਜ ਹਾਰ ਕੇ ਸਾਡਾ ਆਹ ਹਾਲ…’।
ਟਨ-ਟਨ-ਟਨ-……… ਅਮਨੀ ਦੀ ਗੱਲ ਵਿੱਚੇ ਹੀ ਸੀ ਕਿ ਛੁੱਟੀ ਦੀ ਘੰਟੀ ਖੜਕ ਗਈ। ਜੱਸੀ ਨੇ ਸਾਰੀਆਂ ਨੂੰ ਆਵਾਜ਼ ਮਾਰ ਕੇ ਸੱਦ ਲਿਆ ਸੀ। ਘੰਟੀ ਵੱਜਣ ਤੇ ਕਿਰਨ ਨੇ ਵੀ ਰਾਹਤ ਮਹਿਸੂਸ ਕੀਤੀ ਤੇ ਉਹ ਸਾਈਕਲ ਲੈ ਕੇ ਆਪਣੇ ਪਿੰਡ ਤੇ ਰਾਹ ਚੱਲ ਪਈ। ਸਾਰੇ ਰਾਹ ਉਹ ਗੁੱਸੇ ਵਿੱਚ ਭਰੀ ਪੀਤੀ, ਸੋਚਾਂ ਸੋਚਦੀ ਜਾ ਰਹੀ ਸੀ, ਉਹਨੇ ਦਿਲ ਵਿੱਚ ਮਤਾ ਪਕਾ ਲਿਆ ਕਿ ਅੱਜ ਟੱਲੀਆਂ ਵਾਲੇ ਦੀ ਵੀ ਖਬਰ ਲੈ ਕੇ ਛੱਡਾਂਗੀ ਜਿਸਨੇ ਬੇਵਜ੍ਹਾ ਹੀ ਭੰਡੀ ਕਰਵਾ ਦਿੱਤੀ। ਸਿਆਣੇ ਆਖਦੇ ਹਨ ਕਿ ਗੁੱਸੇ ਵਿੱਚੋਂ ਮੁਹੱਬਤ ਉਪਜੇ ਤਾਂ ਮਾਖਿਓਂ ਮਿੱਠੀ ਹੁੰਦੀ ਹੈ ਪਰ ਮੁਹੱਬਤ ਵਿੱਚੋਂ ਪੈਦਾ ਹੋਈ ਨਫਰਤ ਜ਼ਹਿਰ ਹੁੰਦੀ ਹੈ। ਵਿਚਾਰੀ ਕਿਰਨ ਨੂੰ ਕੀ ਪਤਾ ਸੀ ਕਿ ਉਹਦੇ ਗੁੱਸੇ ਵਿੱਚੋਂ ਪਿਆਰ ਤਰੰਗਾਂ ਵਹਾ ਕੇ ਉਸ ਨੂੰ ਕਿੱਧਰ ਲਿਜਾ ਰਹੀਆਂ ਸਨ। ਏਸ ਉਧੇੜ-ਬੁਣ ਵਿੱਚ ਆਖਰ ਚਾਰ ਮੀਲਾਂ ਦਾ ਪੈਂਡਾ ਮੁੱਕ ਗਿਆ ਤੇ ਕਿਰਨ ਨਿਢਾਲ ਜਿਹੀ ਹੋਈ ਘਰ ਜਾ ਕੇ ਬੈਠਕ ਵਿੱਚ ਪੈ ਗਈ।
ਗੁੱਸਾ ਕਰ ਗਈ ਹੁਸਨ ਦੀ ਰਾਣੀ ਮਿੱਠੀਆਂ ਟਕੋਰਾਂ ਦਾ।


