Skip to content
Independent perspectives. Global stories.
BREAKING

ਸਾਫ਼-ਸੁਥਰੀ ਤੇ ਮਿਆਰੀ ਗਾਇਕੀ ਸਦਕਾ ਸਰੋਤਿਆਂ ਦੇ ਦਿਲਾਂ ’ਚ ਵਸਣ ਵਾਲਾ ਗਾਇਕ : ਸੁਖਵਿੰਦਰ ਸੁੱਖੀ

Share this story

ਆਪਣੀ ਨਵੀਂ ਐਲਬਮ ‘ਅਸੂਲ’ ਨਾਲ ਫਿਰ ਤੋਂ ਚਰਚਾ ’ਚ

ਕੁਦਰਤ ਬਹੁਤ  ਘੱਟ ਲੋਕਾਂ  ਨੂੰ ਹੀ  ਬਹੁਪੱਖੀ ਕਲਾਕਾਰ ਹੋਣ ਦੇ ਮਾਣ ਨਾਲ ਨਿਵਾਜਦੀ ਹੈ। ਸਾਫ ਸੁਥਰਾ  ਗਾਉਣਾ ਅਤੇ ਵਧੀਆ ਪੇਸ਼ਕਰਤਾ ਹੋਣਾ ਹਰ ਕਿਸੇ ਦੇ ਵਸ ਦੀ ਗਲ  ਨਹੀਂ ਹੈ  ਜਿਵੇਂ ਕਿ ਸਿਆਣੇ  ਕਹਿੰਦੇ ਹਨ ਕਿ ’ਸੁਰਮਾ’ ਤਾਂ ਹਰ ਕੋਈ ਪਾਵੇ, ਪਰ ਮਟਕਾਉਣਾ ਜਾਣੇ ਕੋਈ ਕੋਈ।’ ਬਾਹਰੀ ਸੁਹੱਪਣ ਨਾਲ ਇਕ-ਮਿਕ ਹੋਏ ਕਮਾਏ ਹੋਏ ਗੁਣਾਂ ਨਾਲ ਦੂਜੇ ਨੂੰ ਮੋਹ ਲੈਣਾ ਕਿਸੇ ਕਰਮਾਂ ਵਾਲੇ ਦੇ ਹਿੱਸੇ ਹੀ ਆਉਂਦਾ ਹੈ। ਪੰਜਾਬੀ ਸੰਗੀਤ  ਦੇ ਖੇਤਰ ਵਿਚ ਮਸ਼ਹੂਰ  ਗਾਇਕ ਸੁਖਵਿੰਦਰ ਸੁੱਖੀ  ਇਕ ਅਜਿਹਾ ਹੀ ਹਰਫਨ ਮੌਲਾ ਕਲਾਕਾਰ ਹੈ, ਜਿਸ ਨੇ ਆਪਣੀ  ਉੱਚੀ-ਸੁੱਚੀ  ਸ਼ਾਇਰੀ, ਮਿਆਰੀ ਗਾਇਕੀ, ਕੰਨ ਰਸ ਪੈਦਾ ਕਰਨ ਵਾਲੇ ਸੰਗੀਤ ਅਤੇ ਸਾਫ਼-ਸੁਥਰੀਆਂ ਸੰਗੀਤਕ ਵੀਡੀਓਜ਼ ਰਾਹੀਂ  ਪਿਛਲੇ ਲੰਮੇ ਸਮੇਂ ਤੋਂ ਸਰੋਤਿਆਂ ਦੇ  ਮਨਾਂ ’ਚ ਡੂੰਘਾ ਸਥਾਨ ਬਣਾਇਆ ਹੋਇਆ ਹੈ। ਸੁਖਵਿੰਦਰ ਸੁੱਖੀ  ਵਲੋਂ ਸੱਭਿਆਚਾਰਕ ਸ਼ਬਦਾਵਲੀ ਵਿਚ ਪਰੋਏ ਗੀਤ  ਉਸਦੀ  ਸਿੱਧੀ ਅਤੇ ਸਪਾਟ ਆਵਾਜ਼ ਵਿਚ ਬੜੇ ਫਿੱਟ ਬੈਠਦੇ ਹਨ। ਉਸ ਵਲੋਂ ਗਾਏ ਬੋਲਾਂ ‘ਚ ਲੋਹੜਿਆਂ ਦੀ ਜਾਨ, ਗਲੇ ਵਿਚ ਮਿਠਾਸ ਅਤੇ ਹਿੱਕ ਵਿਚ ਸਿੱਖਰਾਂ ਦਾ ਜ਼ੋਰ ਹੈ। ਟੇਡੀ ਗੱਲ ਸਿੱਧੇ ਸ਼ਬਦਾਂ ਵਿਚ ਕਹਿਣ ਦੇ ਇਸ ਕਦਰ ਸਮਰੱਥ ਹੈ ਕਿ ਉਸ ਵਲੋਂ ਗਾਇਆ ਹਰ ਗੀਤ ਲੋਕ ਗੀਤ ਹੋ ਨਿੱਬੜਦਾ ਹੈ।

ਸੁਖਵਿੰਦਰ ਸੁੱਖੀ  ਦੀ ਗਾਇਕੀ ਦਾ ਅੰਦਾਜ਼ ਬੜਾ ਹੀ ਸਪੱਸ਼ਟ ਅਤੇ ਸਟੇਜ ਪੇਸ਼ਕਾਰੀ ਬਾਕਮਾਲ ਹੈ। ਉਸ ਵਲੋਂ ਸਟੇਜ ਨੂੰ  ’ਮਾਂ’ ਸਮਝ ਕੇ ਚਰਨ ਚੁੰਮ ਕੇ ਸਟੇਜ ‘ਤੇ ਚੜਣਾ ਅਤੇ  ‘ਪਿਤਾ’ ਪਰਮਾਤਮਾ  ਨੂੰ ਯਾਦ ਕਰਨਾ ਬਾਖੂਬੀ ਇਸ ਗੱਲ  ਦੀ ਗਵਾਹੀ ਭਰਦਾ ਹੈ  ਕਿ  ਉੱਚੀਆਂ ਮੰਜਿਲਾਂ ਤੇ ਪਹੁੰਚਣ ਵਾਲਾ  ਇਹ ਸੱਭਿਅਕ ਗਾਇਕ ਅੱਜ ਵੀ ਹਮੇਸ਼ਾ ਦੀ ਤਰਾਂ  ਹੰਕਾਰ ਅਤੇ ਫੋਕੀ ਸੋਹਰਤ ਆਦਿ ਕੁਰੀਤੀਆਂ  ਤੋਂ ਕੋਹਾਂ ਦੂਰ  ਵਹਿਗੁਰੂ ਦੀ ਰਜ਼ਾ ਵਿਚ ਰਹਿਣਾ ਪਸੰਦ ਕਰਦਾ ਹੈ। ਦੋਸਤਾਂ-ਮਿਤਰਾਂ ਨੂੰ ਜੱਫੀ ਪਾ ਕੇ ਮਿਲਣਾ ਉਸਦੀ ਆਦਤ ਹੈ ਜੋ ਉਸਨੂੰ ਉਸਦੇ ਵੱਡੇ-ਵਡੇਰਿਆਂ ਤੋਂ ਮਿਲਿਆ ਹੈ। ਉਸ ਦੀ ਲੋਕਪਿਅਤਾ ਦਾ ਆਲਮ ਇਹ ਹੈ ਕਿ  ਹੁਣ ਤੱਕ ਦੇ ਸਮੇਂ ਦੌਰਾਨ ਪ੍ਰੋਗਰਾਮਾਂ ਦੇ ਸਿਲਸਿਲੇ ’ਚ ਪੰਜਾਬ ਤੋਂ ਇਲਾਵਾ  ਅਮਰੀਕਾ, ਕੈਨੇਡਾ, ਨਿਊਜੀਲੈਂਡ, ਮਸਕਟ ਅਤੇ ਹੋਰ ਕਈ ਦੇਸ਼ਾਂ ‘ਚ ਆਪਣੇ ਗਾਇਕੀ ਸਦਕਾ ਨਮਾਣਾ ਖੱਟਦਾ ਆ ਰਿਹਾ ਹੈ।
ਸੁਖਵਿੰਦਰ ਸੁੱਖੀ  ਦੇ  ਸੰਗੀਤਕ ਸਫਰ ਦੀ ਗੱਲ ਕੀਤੀ ਜਾਏ ਤਾਂ  ਉਹ ਆਪਣੀਆਂ ਇਕ ਦਰਜਨ ਤੋਂ ਵੀ ਵੱਧ ਐਲਬਮਾਂ ‘ਹੁਸਨ ਮੁਨਾਫੇ ਵਿਚ ਲੇਣਾ, ‘ਨਿਹਾਲੋ ਰੁਸ ਗਈ’, ‘ਵੰਗਾਂ ਮੇਚ ਨਾ ਆਈਆਂ, ‘ਮਿੱਤਰਾਂ ‘ਚ ਸ਼ਰਤ ਲੱਗੀ, ‘ਘਰ ਤੇਰਾ ਲੱਭਲਾਂਗੇ’, ‘ਲਾਡੋ ਰਾਣੀ ਮਿੱਤਰਾਂ ਦੀ’, ‘ਮਜਾਜਾਂ ਪੱਟੀ’, ‘ਚੰਨ ਮੁਖੜਾ’, ‘ਸਰੀਫ ਮੁੰਡੇ’,‘ਵਾਰਦਾਤ’, ‘ਗਪਸਪ’, ‘ਗੱਭਰੂ ਦੀ ਜਨ’ ਅਤੇ ‘ਪਰਖ’ ਆਦਿ ਰਾਹੀਂ  ਦਰਜਨਾਂ ਹੀ ਸਦਾਬਹਾਰ ਗੀਤ ’ਘਰ ਤੇਰਾ ਲੱਭਲਾਂਗੇ ਨਾਂਅ ਦੱਸ ਜਾ ਮੁਟਿਆਰੇ’, ’ਲਾਡੋ ਰਾਣੀ ਮਿੱਤਰਾਂ ਦੀ’, ’ਵਾਰਦਾਤ ਹੋਣ ਦਾ ਪਤਾ ਨਹੀਂ ਲੱਗਦਾ’, ‘ਜੱਟਾਂ ਦੇ ਗੋਤ’, ‘ਤੇਰੇ ਪਿਛੇ ਕਾਲਜ ‘ਚ ਲਿਆ ਦਾਖਲਾ’,  ‘ਕਰਨ ਸਲਾਮਾਂ ਨੀ’, ‘ਜੱਟਾ ਦਾ ਮੁੰਡਾ’, ‘ਕਬੱਡੀ’, ’ਸਾਡੀ ਪੱਗ ਦੀਆਂ ਪੂਣੀਆਂ ਕਰਾਇਆ ਕਰੇਂਗੀ’, ‘ਤੇਰੇ ਨਾਲ ਵਸਦਾ ਜਹਾਨ’,’ਅੱਖ ਦੀ ਮਾਰ’, ‘ਰੱਬ ਰਾਖਾ’, ‘ਗਾਨੀ’, ‘ਸਾਡਾ ਪੰਜਾਬ’ ਅਤੇ ‘ਭਗਤ ਸਿੰਘ’ ਆਦਿ ਸਰੋਤਿਆਂ ਦੀ ਝੋਲੀ ਪਾ ਚੁੱਕਾ ਹੈ। ਇਸ ਦੇ ਨਾਲ ਹੀ ਸਿੱਖ ਧਰਮ ’ਚ ਪੂਰਨ ਵਿਸ਼ਵਾਸ ਤੇ ਗੁਰਬਾਣੀ ਪ੍ਰਤੀ ਸ਼ਰਧਾ ਰੱਖਣ ਵਾਲਾ  ਸੁੱਖੀ ਆਪਣੀਆਂ ਤਿੰਨ ਧਾਰਮਿਕ ਐਲਬਮਾਂ ‘ਔਖੀ ਘੜੀ ਨਾ ਦੇਖਣ ਦੇਈ, ਨਾਮ ਗੁਰਾਂ ਦਾ ਲੈ’ ਅਤੇ ’ਤੱਕਿਆ ਆਸਰਾ ਤੇਰਾ’  ਵੀ ਸਰੋਤਿਆਂ ਦੇ ਰੂਬਰੂ ਕਰ ਚੁੱਕਾ ਹੈ ਜਿਸ ਦੇ ਗੀਤ  ਸਰੋਤਿਆਂ ਦੀ ਰੂਹ ਨੂੰ ਸਕੂਨ ਦੇਣ ਦਾ ਨਾਲ-ਨਾਲ  ਸਿੱਖ ਧਰਮ ਦੇ ਇਤਿਹਾਸਕ ਤੱਥਾਂ ਤੋਂ ਵੀ ਲੋਕਾਂ ਨੂੰ ਜਾਣੂ ਕਰਵਾਉਦੇਂ  ਹਨ।
ਆਪਣੇ ਇਸ ਸਫਰ ਨੂੰ ਅੱਗੇ ਤੋਰਦਿਆਂ ਸੁੱਖੀ ਹਾਲ ਹੀ ਵਿਚ  ਆਪਣੀ ਨਵੀ ਸੰਗੀਤਕ ਐਲਬਮ ‘ਅਸੂਲ’ ਨਾਲ  ਫੁੱਲ ਚਰਚਾ ਵਿਚ ਹੈ ਜਿਸ ਦੇ ਗੀਤ ‘ਅਸੂਲ’, ‘ਅੱਖ ਬਾਜ ਵਰਗੀ’, ‘ਭਾਬੀ ਤੇ ਨਨਾਣ’, ‘ਚੰਡੀਗੜ ਕੋਠੀ’, ‘ਮੋਬਾਇਲ’, ‘ਪੁੱਤ ਜੱਟ ਦਾ’, ‘ਪੈਸਾ ਤੇ ਹਥਿਆਰ’, ‘ਵਿਆਹ ਦੀ ਖੁਸ਼ੀ ਵਿਚ’ ਅਤੇ ‘ਦਿਲ ਤੇ ਸ਼ੀਸ਼ਾ’  ਨੂੰ ਵੀ ਸਰੋਤਿਆਂ ਵਲੋਂ ਬੇੱਹਦ ਹੀ ਪਸੰਦ ਕੀਤੇ ਜਾ ਰਿਹਾ ਹੈ। ਸੁੱਖੀ ਦਾ  ਸਰੋਤਿਆਂ ਨਾਲ ਵਾਅਦਾ ਹੈ ਕਿ ਉਹ ਕਦੇ ਵੀ  ਭਵਿੱਖ ਵਿਚ ਕੋਈ ਅਜਿਹਾ ਗੀਤ ਨਹੀਂ ਗਾਵੇਗਾ ਜਿਸ ਵਿਚ ਪੰਜਾਬੀ ਸੱਭਿਆਚਾਰ ਤੇ  ਪੰਜਾਬੀ ਮਾਂ ਬੋਲੀ ਦਾ ਨਿਰਾਦਰ ਹੋਵੇ ਅਤੇ ਹਮੇਸਾਂ ਹੀ ਪਰਿਵਾਰਕ, ਸੱਭਿਆਚਾਰਕ ਅਤੇ ਧਾਰਮਿਕ ਗੀਤਾਂ ਨੂੰ ਹੀ ਤਰਜੀਹ ਦੇਵੇਗਾ। ਸਾਡੇ ਵਲੋਂ ਵੀ  ਪ੍ਰਮਾਤਮਾ ਅੱਗੇ ਦੁਆ ਹੈ  ਕਿ ਸੁਖਵਿੰਦਰ ਸੁੱਖੀ  ਸਦਾ ਹੀ ਪੰਜਾਬੀ ਸੱਭਿਆਚਾਰ ਤੇ ਸਿੱਖ ਕੌਮ ਦੀ
ਇਸ ਤਰਾਂ ਹੀ ਸੇਵਾ ਕਰਦਾ ਸਫਲਤਾ ਦੀ ਹਰ ਉੱਚੀ ਤੋਂ ਉੱਚੀ ਮੰਜਿਲ ਪ੍ਰਾਪਤ ਕਰੇ।

WRITTEN BY