Skip to content
Independent perspectives. Global stories.
BREAKING

ਬਦਲੇ ਦੀ ਭਾਵਨਾ ਵਜੋਂ ਕਾਲਜ ਸੁਪਰਡੈਂਟ ਦਾ ਗੋਲੀਆਂ ਮਾਰ ਕੇ ਕਤਲ

Share this story

Page-1_14 ਹੁਸ਼ਿਆਰਪੁਰ, 10 ਫਰਵਰੀ (ਓ ਪੀ ਰਾਣਾ)- ਅਣਖ ਦੀ ਖਾਤਿਰ ਇੱਕ ਨੌਜਵਾਨ ਨੇ ਸਥਾਨਕ ਡੀ.ਏ.ਵੀ. ਕਾਲਜ ‘ਚ ਦਾਖਲ ਹੋ ਕੇ ਦਿਨ-ਦਿਹਾੜੇ ਸੁਪਰਡੈਂਟ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਹੱਤਿਆ ਕਰਨ ਤੋਂ ਬਾਅਦ ਕਥਿਤ ਦੋਸ਼ੀ ਨੇ ਖੁਦ ਹੀ ਉਕਤ ਘਟਨਾ ਸੰਬੰਧੀ ਕਾਲਜ ਪ੍ਰਬੰਧਕਾਂ ਨੂੰ ਸੂਚਨਾਂ ਦਿੱਤੀ ਕਿ ਪੁਲਿਸ ਨੂੰ ਬੁਲਾ ਕੇ ਉਸ ਨੂੰ ਗ੍ਰਿਫ਼ਤਾਰ ਕਰਵਾ ਦਿੱਤਾ ਜਾਵੇ, ਕਿਉਂਕਿ ਉਸ ਨੇ ਕਾਲਜ ਦੇ ਸੁਪਰਡੈਂਟ ਦੀ ਹੱਤਿਆ ਕਰ ਦਿੱਤੀ ਹੈ। ਮੌਕੇ ‘ਤੇ ਕਾਲਜ ਪ੍ਰਬੰਧਕਾਂ ਵੱਲੋਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਅਤੇ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਕਥਿਤ ਦੋਸ਼ੀ ਨੂੰ ਉਸ ਦੀ ਲਾਈਸੈਂਸੀ ਪਿਸਤੌਲ ਸਮੇਤ ਗ੍ਰਿਫ਼ਤਾਰ ਕਰ ਲਿਆ। ਮ੍ਰਿਤਕ ਦੀ ਪਤਨੀ ਕਿਰਨ ਭੱਲਾ, ਜੋ ਉਕਤ ਕਾਲਜ ‘ਚ ਕਲਰਕ ਵਜੋਂ ਕੰਮ ਕਰਦੀ ਹੈ ਦੀ ਸ਼ਿਕਾਇਤ ‘ਤੇ ਪੁਲਿਸ ਨੇ ਹੱਤਿਆ ਦਾ ਮਾਮਲਾ ਦਰਜ਼ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਡੀ.ਏ.ਵੀ.

ਕਾਲਜ ਹੁਸ਼ਿਆਰਪੁਰ ‘ਚ ਅੱਜ ਉਸ ਵੇਲੇ ਸਨਸਨੀ ਫ਼ੈਲ ਗਈ, ਜਦੋਂ ਕਰੀਬ 2:30 ਵਜੇ ਕਾਲਜ ਦੇ ਦਫ਼ਤਰ ਅੰਦਰ ਦਾਖਲ ਹੋ ਕੇ ਸੁਪਰਡੈਂਟ ਰਾਜ ਕੁਮਾਰ ਭੱਲਾ (57) ਪੁੱਤਰ ਹਕੀਕਤ ਰਾਏ ਭੱਲਾ ‘ਤੇ ਗੋਲੀਆਂ ਦੀ ਬੁਛਾੜ ਕਰ ਦਿੱਤੀ, ਜਿਸ ਕਾਰਨ ਉਸ ਦੀ ਮੌਕੇ ‘ਤੇ ਮੌਤ ਹੋ ਗਈ। ਦੱਸਿਆ ਜਾਂਦਾ ਹੈ ਕਿ ਕਥਿਤ ਦੋਸ਼ੀ ਨੇ ਭੱਲਾ ‘ਤੇ 6 ਫਾਇਰ ਕੀਤੇ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਥਿਤ ਦੋਸ਼ੀ ਰੋਹਿਤ ਮਹਿਤਾ ਉਰਫ਼ ਬਾਬਾ ਚੀਨੂ ਮਹਿਤਾ ਦੇ ਪਿਤਾ ਕਿਸੇ ਸਮੇਂ ਡੀ.ਏ.ਵੀ. ਕਾਲਜ ਦੀ ਪ੍ਰਬੰਧਕ ਕਮੇਟੀ ਦੇ ਸਕੱਤਰ ਅਹੁਦੇ ‘ਤੇ ਤੈਨਾਤ ਸਨ। ਕਮੇਟੀ ਦੀ ਰੱਦੋਬਦਲ ਦੌਰਾਨ ਉਨ੍ਹਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਸੀ, ਇਸ ਤੋਂ ਬਾਅਦ ਕਾਲਜ ਦੀ ਮੈਨੇਜ਼ਮੈਂਟ ਕਮੇਟੀ ਨੇ ਰੋਹਿਤ ਦੀ ਮਾਤਾ ਨੀਨਾ ਮਹਿਤਾ ਜੋ ਕਿ ਫੀਸ ਕਲਰਕ ਵਜੋਂ ਕੰਮ ਕਰਦੀ ਸੀ, ‘ਤੇ ਕਥਿਤ ਤੌਰ ’ਤੇ ਗਬਨ ਦਾ ਦੋਸ਼ ਲਗਾ ਕੇ ਉਸ ਨੂੰ ਮੁਅੱਤਲ ਕਰ ਦਿੱਤਾ ਸੀ। ਜਿਸ ਤੋਂ ਬਾਅਦ ਨੀਨਾ ਮਹਿਤਾ ਨੇ ਹਾਈਕੋਰਟ ਤੱਕ ਇਸ ਕੇਸ ਦੀ ਪੈਰਵਾਈ ਕੀਤੀ। ਸੂਤਰਾਂ ਅਨੁਸਾਰ ਕਾਲਜ ਮੈਨੇਜ਼ਮੈਂਟ ਨੇ ਆਖਿਰ ਸਮਝੌਤਾ ਕਰਕੇ ਨੀਨਾ ਮਹਿਤਾ ਤੋਂ ਕੇਸ ਵਾਪਸ ਕਰਵਾ ਕੇ ਉਸ ਨੂੰ ਉਸ ਦਾ ਬਣਦਾ ਹੱਕ ਦੇਣ ਦੀ ਗੱਲ ਕਰਕੇ ਉਸ ਨੂੰ ਸੇਵਾ ਮੁਕਤ ਕਰ ਦਿੱਤਾ, ਪ੍ਰੰਤੂ ਰੋਹਿਤ ਮਹਿਤਾ, ਜੋ ਕਿ ਕਈ ਸਾਲਾਂ ਤੋਂ ਇੱਕ ਧਾਰਮਿਕ ਸਥਾਨ ‘ਤੇ ਸੇਵਾ ਕਰ ਰਿਹਾ ਸੀ, ਇਸ ਗੱਲ ਨੂੰ ਲੈ ਕਾਫ਼ੀ ਖਫ਼ਾ ਸੀ ਕਿ ਉਸ ਦੇ ਪਿਤਾ ਤੋਂ ਬਾਅਦ ਉਸ ਦੀ ਮਾਤਾ ਨਾਲ ਵੀ ਕਾਲਜ ਪ੍ਰਬੰਧਕਾਂ ਨੇ ਬਦਸਲੂਕੀ ਕੀਤੀ ਹੈ। ਜਿਸ ਦਾ ਬਦਲਾ ਲੈਣ ਦੀ ਤਾਕ ‘ਚ ਉਸ ‘ਤੇ ਪਹਿਲਾਂ ਵੀ ਸਵਾਲ ਉੱਠਿਆ ਸੀ, ਕਿ ਸੁਪਰਡੈਂਟ ਭੱਲਾ ਦੇ ਲੜਕੇ ‘ਤੇ ਹਮਲਾ ਵੀ ਉਸ ਨੇ ਕਰਵਾਇਆ ਸੀ। ਦੱਸਿਆ ਜਾਂਦਾ ਹੈ ਕਿ ਅੱਜ ਜਿਸ ਵੇਲੇ ਕਥਿਤ ਦੋਸ਼ੀ ਨੇ ਹਮਲਾ ਕੀਤਾ ਤਾਂ ਉਸ ਨੇ ਆਪਣੀ ਮਾਂ ਨਾਲ ਹੋਈ ਬਦਸਲੂਕੀ ਦੀ ਗੱਲ ਕੀਤੀ। ਘਟਨਾ ਦਾ ਪਤਾ ਲੱਗਦਿਆਂ ਹੀ ਜ਼ਿਲ੍ਹਾ ਪੁਲਿਸ ਮੁਖੀ ਸ: ਰਾਜਜੀਤ ਸਿੰਘ ਹੁੰਦਲ, ਐਸ.ਪੀ. ਸਿਟੀ ਸ੍ਰੀ ਨਰੇਸ਼ ਡੋਗਰਾ, ਐਸ.ਪੀ. (ਡੀ) ਸ: ਬਲਜੀਤ ਸਿੰਘ ਢਿੱਲੋਂ, ਐਸ.ਐਚ.ਓ. ਸਿਟੀ ਸ੍ਰੀ ਅਮਰ ਨਾਥ, ਐਸ.ਐਚ.ਓ. ਸਦਰ ਸ੍ਰੀ ਪ੍ਰੇਮ ਕੁਮਾਰ ਅਤੇ ਪੁਲਿਸ ਪਾਰਟੀ ਮੌਕੇ ‘ਤੇ ਪਹੁੰਚ ਗਈ ਅਤੇ ਕਥਿਤ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ।

WRITTEN BY