ਤਲਵੰਡੀ ਸਾਬੋ, 2 ਅਗਸਤ (ਰਣਜੀਤ ਸਿੰਘ ਰਾਜੂ) ਤਲਵੰਡੀ ਸਾਬੋ ਪੁਲਸ ਨੇ ਇੱਕ ਡਕੈਤੀ ਦੀ ਵਾਰਦਾਤ ਦੀ ਯੋਜਨਾ ਨੂੰ ਅਸਫਲ ਬਣਾਉਣ ਦਾ ਦਾਅਵਾ ਕੀਤਾ ਹੈ ਜਿਸ ਵਿੱਚ ਪੁਲਸ ਨੇ 9 ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਦੋ ਲੋਕਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ ਜਿੰਨਾ ਵਿੱਚੋ ਇੱਕ ਤੋ ਪਿਸਤੌਲ ਵੀ ਬਰਾਮਦ ਕੀਤਾ ਗਿਆ ਹੈ।

ਜਾਣਕਾਰੀ ਅਤੇ ਦਰਜ ਮਾਮਲੇ ਅਨੁਸਾਰ ਤਲਵੰਡੀ ਸਾਬੋ ਪੁਲਸ ਥਾਣਾ ਮੁਖੀ ਰਸ਼ਪਾਲ ਸਿੰਘ ਨੂੰ ਇੱਕ ਵਿਅਕਤੀ ਨੇ ਮੁੱਖਵਰੀ ਦਿੱਤੀ ਕਿ ਕੁੱਝ ਲੋਕ ਮਾਰੂ ਹਥਿਆਰ ਲਿਜਾ ਕੇ ਕਿਸੇ ਡਕੈਤੀ ਦੀ ਵਾਰਦਾਤ ਨੂੰ ਅੰਜਾਮ ਦੇਣਾ ਚਾਹੁੰਦੇ ਹਨ ਜਿਸ ਲਈ ਉਹ ਤਲਵੰਡੀ ਸਾਬੋ ਦੇ ਰਾਮਾਂ ਬਾਈਪਾਸ ਤੇ ਸਥਿਤ ਬੁੱਢਾ ਦਲ ਦੇ ਬਾਗ ਵਿੱਚ ਯੋਜਨਾ ਬਣਾ ਰਹੇ ਹਨ ਜਦੋ ਕਿ ਥਾਣਾ ਮੁੱਖੀ ਵੱਲੋਂ ਉਸ ਸਮੇਂ ਬਠਿੰਡਾ ਰੋੜ ਤੇ ਨਾਕਾ ਲਗਾਇਆ ਹੋਇਆ ਸੀ ਜਿਸ ਤੋ ਬਾਅਦ ਪੁਲਸ ਪਾਰਟੀ ਨੇ ਕਥਿਤ ਦੋਸ਼ੀਆਂ ਦੀ ਭਾਲ ਸੁਰੂ ਕਰ ਦਿੱਤੀ ਜਿਸ ਬਾਰੇ ਕਥਿਤ ਦੋਸ਼ੀਆਂ ਨੂੰ ਪਤਾ ਲੱਗਣ ਤੇ ਕਥਿਤ ਦੋਸ਼ੀਆਂ ਨੇ ਆਪਣੀ ਟਵੇਰਾ ਗੱਡੀ ਨੰ: ਪੀ ਬੀ 03 ਵਾਈ 3772 ਨੂੰ ਭਜਾ ਲਿਆ ਪੁਲਸ ਨੇ ਉਕਤ ਗੱਡੀ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ।ਪਰ ਗੱਡੀ ਤੇਜ ਹੋਣ ਕਰਕੇ ਲਾਲੇਆਣਾ ਰੋਡ ਤੇ ਖੇਤਾਂ ਵਿੱਚ ਪਲਟ ਗਈ,ਪੁਲਸ ਮੁਤਾਬਕ ਗੱਡੀ ਵਿੱਚ 8-9 ਵਿਅਕਤੀ ਮੋਜੂਦ ਸਨ ਜੋ ਕਿ ਮੌਸਮ ਖਰਾਬ ਹੋਣ ਦਾ ਫਾਇਦਾ ਉਠਾ ਕੇ ਉਥੋ ਭੱਜਣ ਵਿੱਚ ਕਾਮਯਾਬ ਹੋ ਗਏ ਪ੍ਰੰਤੂ ਇਨ੍ਹਾਂ ਵਿੱਚ ਦੋ ਨੂੰ ਪੁਲਸ ਨੇ ਕਾਬੂ ਕਰ ਲਿਆ।ਫੜੇ ਗਏ ਵਿਅਕਤੀਆਂ ਵਿੱਚ ਕਾਰ ਡਰਾਇਵਰ ਰਾਜਾ ਸਿੰਘ ਪੁੱੱਤਰ ਮੇਵਾ ਸਿੰਘ ਬੰਗੀ ਰੁੱਘੂ ਅਤੇ ਅਮਰੀਕ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਰਾਮਾਂ ਪਿੰਡ ਸ਼ਾਮਿਲ ਹਨ।ਉਕਤ ਦੋ ਤੋ ਇਲਾਵਾ ਸੱਤ ਲੋਕ ਹੋਰ ਜਿੰਨਾ ਵਿੱਚ ਕਾਕਾ ਸਿੰਘ , ਹਰਬੰਸ ਸਿੰਘ, ਜੱਗੂ ਵਾਸੀ ਕਮਾਲੂ,ਗੋਰਾ ਸਿੰਘ ਵਾਸੀ ਰਾਮਾਂ ਪਿੰਡ,ਗੁਰਪ੍ਰੀਤ ਸਿੰਘ ਵਾਸੀ ਮਲਕਾਣਾ,ਹਰਪ੍ਰੀਤ ਸਿੰਘ ਵਾਸੀ ਗਿਆਨਾ ਅਤੇ ਇੱਕ ਅਣਪਛਾਤੇ ਵਿਆਕਤੀ ਖਿਲਾਫ ਧਾਰਾ 399 ਅਤੇ 402 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਮੁੱਖੀ ਰਸ਼ਪਾਲ ਸਿੰਘ ਨੇ ਦੱਸਿਆ ਕਿ ਫੜੇ ਗਏ ਕਥਿਤ ਦੋਸ਼ੀਆਂ ਵਿੱਚੋਂ ਅਮਰੀਕ ਸਿੰਘ ਤੋ ਨਜਾਇਜ 315 ਬੋਰ ਦਾ ਪਿਸਤੌਲ ਅਤੇ ਇੱਕ ਕਾਰਤੂਸ ਬਰਾਮਦ ਕੀਤਾ ਗਿਆ ਹੈ ਜਿਸ ਦੇ ਖਿਲਾਫ ਧਾਰਾ 25/54/59 ਤਹਿਤ ਮਾਮਲਾ ਦਰਜ ਕਰਕੇ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ।ਉਹਨਾਂ ਕਿਹਾ ਕਿ ਬਾਕੀ ਕਥਿਤ ਦੋਸ਼ੀਆਂ ਨੂੰ ਵੀ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।