ਬੋਹਾ/ਬੁਢਲਾਡਾ, 3 ਫਰਵਰੀ (ਅਮਨ ਮਹਿਤਾ/ਅਮਿਤ ਜਿੰਦਲ) ਸਥਾਨਕ ਨਗਰ ਪੰਚਾਇਤ ਦੀ ਮੁੱਖ ਸੜਕ ਬੋਹਾ ਰਤੀਆ ਰੋਡ ਤੇ ਆਰਜੀ ਨਾਜਾਇਜ ਕਬਜਿਆਂ ਦੇ ਭਰਮਾਰ ਹੋਣ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰੰਤੂ ਨਗਰ ਪੰਚਾਇਤ ਵੱਲੋਂ ਨਾਜਾਇਜ ਕਬਜੇ ਨਾ ਹਟਾਉਣ ਦੇ ਖਿਲਾਫ ਅੱਜ ਲੋਕਾਂ ਵੱਲੋਂ ਮੇਨ ਸੜਕ ਤੇ ਪ੍ਰਸ਼ਾਸ਼ਨ ਦੇ ਖਿਲਾਫ ਨਾਅਰੇਬਾਜੀ ਕਰਦਿਆਂ ਤਿੱਖਾ ਸੰਘਰਸ਼ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਿਜੈ ਕੁਮਾਰ ਗੋਇਲ, ਜੈਪਾਲ ਪ੍ਰੇਮੀ, ਆੜ੍ਹਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਸੁਭਾਸ਼ ਚੰਦ ਗੋਇਲ, ਬਿੰਦਰ ਕੁਮਾਰ, ਬਲਵਿੰਦਰ ਸਿੰਘ ਧਰਮਪਾਲ ਨੇ ਕਿਹਾ ਕਿ ਨਗਰ ਪੰਚਾਇਤ ਪਿੰਡ ਦੇ ਲੋਕਾਂ ਤੋਂ ਟੈਕਸ ਵਸੂਲੀ ਲਈ ਤਾਂ ਯੋਜਨਾਵਾਂ ਬਣਾ ਰਹੀ ਹੈ ਪ੍ਰੰਤੂ ਆਰਜੀ ਨਾਜਾਇਜ ਕਬਜੇ ਹਟਾਉਣ ਸੰਬੰਧੀ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।
ਉਨ੍ਹਾਂ ਕਿਹਾ ਕਿ ਇਨ੍ਹਾ ਨਾਜਾਇਜ ਕਬਜਿਆਂ ਕਾਰਨ ਮੇਨ ਸੜਕ ਦਾ ਟ੍ਰੈਫਿਕ ਕਾਫੀ ਪ੍ਰਭਾਵਿਤ ਹੁੰਦਾ ਹੈ। ਜਿਸ ਕਾਰਨ ਅਕਸਰ ਹੀ ਦੁਰਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ।
ਉਨ੍ਹਾਂ ਦੱਸਿਆ ਕਿ ਮੇਨ ਸੜਕ ਤੇ 12-12 ਫੁੱਟ ਤੱਕ ਆਰਜੀ ਨਾਜਾਇਜ ਕਬਜੇ ਕੀਤੇ ਹੋਏ ਹਨ। ਉਨ੍ਹਾਂ ਕਿਹਾ ਕਿ ਜੇਕਰ ਇਹ ਨਾਜਾਇਜ ਕਬਜੇ ਤੁਰੰਤ ਨਾ ਹਟਾਏ ਗੲੋੇ ਤਾਂ ਇਸ ਦੇ ਖਿਲਾਫ ਤਿੱਖਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਲੋਕਾਂ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਤਾ ਲੱਗਾ ਕਿ ਕੁਝ ਦੁਕਾਨਦਾਰਾਂ ਵਲੋਂ ਆਪਣੀ ਦੁਕਾਨਾਂ ਦੇ ਬਾਹਰ ਆਰਜੀ ਨਾਜਾਇਜ ਕਬਜਾਕਾਰੀਆਂ ਨੂੰ ਕਿਰਾਏ ਤੇ ਦੁਕਾਨਾਂ ਲਾਉਣ ਲਈ ਜਗ੍ਹਾਂ ਦਿੱਤੀ ਗਈ ਹੈ। ਜੋ ਬੇਖੋਫ ਪ੍ਰਸ਼ਾਸ਼ਨ ਦੀ ਇਸ ਜਾਇਦਾਦ ਨੂੰ ਆਪਣੇ ਨਿੱਜੀ ਵਪਾਰ ਲਈ ਇਸਤੇਮਾਲ ਕਰ ਰਹੇ ਹਨ।
ਦੂਸਰੇ ਪਾਸੇ ਇਸ ਸੰਬੰਧੀ ਨਗਰ ਪੰਚਾਇਤ ਦੇ ਕਾਰਜਸਾਧਕ ਅਫਸਰ ਅਮ੍ਰਿਤ ਲਾਲ ਨੇ ਮੰਨਿਆ ਕਿ ਆਰਜੀ ਨਾਜਾਇਜ ਕਬਜੇ ਕੀਤੇ ਹੋਏ ਹਨ ਪ੍ਰੰਤੂ ਨਗਰ ਪੰਚਾਇਤ ਵਿੱਚ ਸਟਾਫ ਦੀ ਘਾਟ ਹੋਣ ਕਾਰਨ ਇਹ ਨਾਜਾਇਜ ਕਬਜੇ ਹਟਾਉਣ ਵਿੱਚ ਮੁਸ਼ਕਿਲ ਪੇਸ਼ ਆ ਰਹੀਆਂ ਹਨ। ਪ੍ਰੰਤੂ ਇਸ ਸੰਬੰਧੀ ਉਹ ਡਿਪਟੀ ਕਮਿਸ਼ਨਰ ਮਾਨਸਾ ਨਾਲ ਸੰਪਰਕ ਕਰਨਗੇ।



