ਪਟਿਆਲਾ, 23 ਜਨਵਰੀ (ਗੁਰਜੀਤ ਸਿੰਘ)- ਥਾਣਾ ਸਦਰ ਅਧੀਨ ਪਿੰਡ ਤੇਜ਼ਾਂ ’ਚ ਜ਼ਮੀਨੀ ਝਗੜੇ ’ਚ ਅੱਜ ਪਿੰਡ ਤੇਜ਼ਾਂ ਦੇ ਮੌਜੂਦਾ ਸਰਪੰਚ ਅਤੇ ਨੰਬਰਦਾਰ ਦਾ ਉਦੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ, ਜਦੋਂ ਉਹ ਮਾਲ ਅਧਿਕਾਰੀਆਂ ਨਾਲ ਝਗੜੇ ਵਾਲੀ ਜ਼ਮੀਨ ਦਾ ਮੌਕਾ ਵੇਖਣ ਗਏ ਸਨ। ਇਸ ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਐਸ.ਐਸ.ਪੀ. ਪਟਿਆਲਾ ਗੁਰਮੀਤ ਸਿੰਘ ਚੌਹਾਨ, ਐਸ.ਪੀ. ਪ੍ਰਿਤਪਾਲ ਸਿੰਘ ਥਿੰਦ, ਡੀ.ਐਸ.ਪੀ. ਦਿਹਾਤੀ ਹਰਵਿੰਦਰ ਸਿੰਘ ਵਿਰਕ, ਥਾਣਾ ਸਦਰ ਮੁਖੀ ਇੰਸ: ਜਸਵਿੰਦਰ ਸਿੰਘ ਟਿਵਾਣਾ, ਥਾਣਾ ਜੁਲਕਾਂ ਦੇ ਮੁਖੀ ਗੁਰਚਰਨ ਸਿੰਘ ਅਤੇ ਥਾਣਾ ਸਨੌਰ ਦੇ ਮੁਖੀ ਹਰਦੀਪ ਸਿੰਘ ਬਡੂੰਗਰ ਮੌਕੇ ਤੇ ਪਹੁੰਚੇ ਅਤੇ ਘਟਨਾ ਦਾ ਜਾਇਜ਼ਾ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਤੇਜ਼ਾਂ
ਵਿਖੇ ਪਿੰਡ ਦੇ ਸਰਪੰਚ ਜਤਿੰਦਰ ਦਾਸ ਅਤੇ ਉਨ੍ਹਾਂ ਦੇ ਪਿਤਾ ਨੰਬਰਦਾਰ ਨਿਰਮਲ ਦਾਸ ਦਾ ਸ਼ਮਸ਼ੇਰ ਕੌਰ ਨਾਲ ਮਾਨਯੋਗ ਅਦਾਲਤ ਵਿੱਚ ਜਮੀਨ ਸਬੰਧੀ ਕੇਸ ਚਲ ਰਿਹਾ ਸੀ, ਜਿਸ ਕਾਰਨ ਇਨ੍ਹਾਂ ਵਿਚ ਆਪਸੀ ਟਕਰਾ ਚੱਲ ਰਿਹਾ ਸੀ ਅਤੇ ਬੀਤੇ ਦਿਨ ਮਾਨਯੋਗ ਅਦਾਲਤ ਨੇ ਸਰਪੰਚ ਜਤਿੰਦਰ ਦਾਸ ਅਤੇ ਨੰਬਰਦਾਰ ਨਿਰਮਲ ਦਾਸ ਦੇ ਹੱਕ ਵਿਚ ਕਰ ਦਿੱਤਾ ਸੀ । ਜਿਸ ਕਰਕੇ ਉਹ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਝਗੜੇ ਵਾਲੀ ਜ਼ਮੀਨ ਦਾ ਜਾਇਜ਼ਾ ਲੈਣ ਆਏ ਸਨ ਤਾਂ ਵਿਰੋਧੀ ਧਿਰੇ ਜੋ ਕਿ ਪਹਿਲਾਂ ਹੀ ਆਪਣੀ ਕੋਠੀ ਵਿੱਚ ਬੈਠੀ ਸੀ ਤਾਂ ਉਨ੍ਹਾਂ ਨੇ ਜਦੋਂ ਸਰਪੰਚ ਤੇ ਨੰਬਰਦਾਰ ਜਮੀਨ ਕੋਲ ਆਪਣੀ ਇੰਡੀਕਾ ਕਾਰ ਨੰਬਰ ਪੀ.ਬੀ. 11-ਟੀ-1704 ਆਏ ਤਾਂ ਕਾਰ ਚੋਂ ਉਤਰਦੇ ਸਾਰ ਹੀ ਵਿਰੋਧੀ ਧਿਰ ਨੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਉਨ੍ਹਾਂ ਦੇ ਸਿਰ ਵਿੱਚ ਗੋਲੀਆਂ ਮਾਰੀਆਂ, ਜਿਸ ਕਾਰਨ ਉਨ੍ਹਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਇਸ ਦਰਦਨਾਕ ਘਟਨਾ ਦੀ ਸੂਚਨਾ ਮੌਕੇ ਤੇ ਮੌਜੂਦ ਨੌਕਰ ਜਾਗੀਰ ਸਿੰਘ ਨੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ, ਜਿਸ ਤੇ ਸਰਪੰਚ ਦੀ ਪਤਨੀ ਰਮਨ ਕਾਂਤਾ ਅਤੇ ਦੋ ਬੇਟੀਆਂ ਮੌਕੇ ਤੇ ਪਹੁੰਚ ਗਈਆਂ ਅਤੇ ਪੁਲੀਸ ਨੂੰ ਸੂਚਨਾ ਦਿੱਤੀ। ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਥਾਣਾ ਸਦਰ ਦੇ ਮੁਖੀ ਜਸਵਿੰਦਰ ਸਿੰਘ ਟਿਵਾਨਾ, ਥਾਣਾ ਜੁਲਕਾਂ ਦੇ ਮੁਖੀ ਗੁਰਚਰਨ ਸਿੰਘ ਮੌਕੇ ਤੇ ਪਹੁੰਚੇ ਅਤੇ ਵਾਰਦਾਤ ਦੀ ਜਾਂਚ ਸ਼ੁਰੂ ਕਰ ਦਿੱਤੀ। ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਿੰਡ ਤੇਜ਼ਾਂ ਵਿਖੇ ਡੇਰਾ ਠੰਡੀ ਰਾਮ ਦੀ 22 ਏਕੜ ਜ਼ਮੀਨ ਦਾ ਝਗੜਾ ਜਤਿੰਦਰ ਦਾਸ ਦਾ ਸ਼ਮਸ਼ੇਰ ਕੌਰ ਦਾ ਚੱਲ ਰਿਹਾ ਸੀ ਅਤੇ ਬੀਤੇ ਦਿਨ ਹੀ ਉਸ ਦਾ ਫੈਸਲਾ ਜਤਿੰਦਰ ਦਾਸ ਦੇ ਹੱਕ ਵਿੱਚ ਹੋਇਆ ਸੀ ਅਤੇ ਉਹ ਪਟਵਾਰੀ ਨੂੰ ਨਾਲ ਲੈ ਕੇ ਜਮੀਨ ਦੀ ਮਿਣਤੀ ਕਰਨ ਆਏ ਸਨ। ਇਸ ਮੌਕੇ ਨੌਕਰ ਜਗੀਰ ਸਿੰਘ ਨੇ ਦੱਸਿਆ ਕਿ ਦੋਸ਼ੀ ਚਤਰ ਸਿੰਘ, ਮੀਹਾਂ ਸਿੰਘ ਤੇ ਸ਼ਮਸ਼ੇਰ ਕੌਰ ਤੇ ਇੱਕ ਹੋਰ ਅਣਪਛਾਤੇ ਵਿਅਕਤੀ ਨੇ ਕੋਠੀ ਚੋਂ ਨਿਕਲਕੇ ਆਏ ਤੇ ਚਤਰਸਿੰਘ ਤੇ ਮੀਹਾਂ ਸਿੰਘ ਨੇ ਨਿਰਮਲ ਦਾਸ ਅਤੇ ਜਤਿੰਦਰ ਦਾਸ ਤੇ 32 ਬੋਰ ਪਿਸਟਲ ਤੇ 12 ਬੋਰ ਦੀ ਬੰਦੂਕ ਨਾਲ ਅੰਨ੍ਹੇਵਾਹ ਗੋਲੀਆਂ ਚਲਾ ਕੇ ਦੋਵਾਂ ਨੂੰ ਢੇਰੀ ਕਰ ਦਿੱਤਾ ਅਤੇ ਦੋਸ਼ੀ ਆਪਣੀ ਬਲੈਰੋ ਗੱਡੀ ਤੇ ਸਵਾਰ ਹੋ ਕੇ ਪਿੰਡ ਭੱਟੀਆ ਵੱਲ ਨੂੰ ਫਰਾਰ ਹੋ ਗਏ।
ਇਸ ਘਟਨਾ ਸਬੰਧੀ ਪੁਛੇ ਜਾਣ ਤੇ ਡੀ.ਐਸ.ਪੀ. ਦਿਹਾਤੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਇਸ ਘਟਨਾ ਸਬੰਧੀ ਕਤਲ ਦਾ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਦੋਰਾਨ ਸਬੰਧਤ ਕਾਨੂੰਨਗੋ ਕੇਸਰ ਸਿੰਘ ਤੇ ਪਟਵਾਰੀ ਰਵਿੰਦਰ ਨੇ ਦਸਿਆ ਕਿ ਮਾਨਯੋਗ ਅਦਾਲਤ ਵਲੋਂ ਡੇਰੇ ਦੀ 22 ਏਕੜ ਜਮੀਨ ਦਾ ਫੈਸਲਾ ਜਤਿੰਦਰ ਦਾਸ ਵਗੈਰਾ ਦੇ ਹੱਕ ਵਿੱਚ ਹੋਣ ਕਾਰਨ ਉਹ ਜਮੀਨ ਦੀ ਮਿਣਤੀ ਤੇ ਕਬਜ਼ਾ ਦਿਵਾਉਣ ਆਏ ਸਨ, ਪਰ ਅਦਾਲਤ ਵਲੋਂ ਉਨ੍ਹਾਂ ਨੂੰ ਕੋਈ ਪੁਲਿਸ ਮਦਦ ਨਹੀਂ ਦਿੱਤੀ ਗਈ ਸੀ, ਜਿਸ ਕਾਰਨ ਮਿਣਤੀ ਸਮੇਂ ਇਹ ਦੁਖਦਾਈ ਘਟਨਾ ਵਾਪਰ ਗਈ।



