1500 ਕੇਂਦਰਾਂ ਦੀ ਉਸਾਰੀ ਦਾ ਕਾਰਜ ਜੋਰਾਂ ’ਤੇ
ਚੰਡੀਗੜ੍ਹ, 23 ਜਨਵਰੀ- ਪੰਜਾਬ ਦੇ ਵਸਨੀਕਾਂ ਨੂੰ ਬਿਨਾਂ ਕਿਸੇ ਪਰੇਸ਼ਾਨੀ ਦੇ ਘਰ ਬੈਠਿਆਂ ਸਰਕਾਰੀ ਸੇਵਾਵਾਂ ਪ੍ਰਦਾਨ ਕਰਨ ਦੇ ਟੀਚੇ ਨਾਲ ਪੰਜਾਬ ਸਰਕਾਰ ਵਲੋਂ ਪਿੰਡਾਂ ਤੇ ਸ਼ਹਿਰਾਂ ਵਿਚ 2174 ਸੇਵਾ ਕੇਂਦਰ ਖੋਲੇ ਜਾ ਰਹੇ ਹਨ ਜਿਥੋਂ ਆਮ ਲੋਕਾਂ ਨੂੰ ਸਰਕਾਰੀ ਦਫਤਰਾਂ ਦੀ ਖਜਲ-ਖੁਆਰੀ ਤੋਂ ਬਚਾਉਣ ਲਈ ਸਾਰੀਆਂ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਰਾਜ ਵਿਚ 1500 ਤੋਂ ਵੱਧ ਸੇਵਾ ਕੇਂਦਰਾਂ ਦੀ ਉਸਾਰੀ ਦਾ ਕੰਮ ਜੰਗੀ ਪੱਧਰ ’ਤੇ ਜਾਰੀ ਹੈ। ਬੁਲਾਰੇ ਨੇ ਦੱਸਿਆ ਕਿ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ, ਜਿਨ੍ਹਾਂ ਕੋਲ ਪ੍ਰਸ਼ਾਸ਼ਕੀ ਸੁਧਾਰ ਦਾ ਵਿਭਾਗ ਵੀ ਹੈ, ਵਲੋਂ ਸਮੂਹ ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਬਾਕੀ ਰਹਿੰਦੇ
ਨਵੇਂ ਉਸਾਰੇ ਜਾਣ ਵਾਲੇ ਸੇਵਾ ਕੇਂਦਰਾਂ ਦੀ ਜਲਦ ਤੋਂ ਜਲਦ ਉਸਾਰੀ ਦਾ ਕੰਮ ਸ਼ੁਰੂ ਕਰਵਾਉਣ ਅਤੇ ਇਸ ਸਬੰਧੀ ਮਹੀਨਾਵਾਰ ਰਿਪੋਰਟ ਪ੍ਰਸ਼ਾਸ਼ਕੀ ਸੁਧਾਰ ਵਿਭਾਗ ਨੂੰ ਭੇਜਣ। ਉਨ੍ਹਾਂ ਦੱਸਿਆ ਕਿ ਇਹ ਸੇਵਾ ਕੇਂਦਰ ਪੰਜਾਬ ਰਾਜ ਈ-ਗਵਰਨੈਂਸ ਸੁਸਾਇਟੀ ਵਲੋਂ ਚਲਾਏ ਜਾਣਗੇ। ਉਪ ਮੁੱਖ ਮੰਤਰੀ ਦੇ ਯਤਨਾਂ ਸਦਕਾ ਰਾਜ ਅੰਦਰ ਇਨ੍ਹਾਂ ਸੇਵਾ ਕੇਂਦਰਾਂ ਦੀ ਸਥਾਪਨਾ ਨਾਲ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੋਵੇਗਾ ਜਿਥੇ ਲੋਕਾਂ ਨੂੰ ਸਾਰੀਆਂ ਜਨਤਕ ਸਰਕਾਰੀ ਸੇਵਾਵਾਂ ਆਨਲਾਈਨ ਮੁਹੱਈਆ ਕਰਵਾਈਆਂ ਜਾਣਗੀਆਂ। ਇਨ੍ਹਾਂ ਆਨ-ਲਾਈਨ ਸੇਵਾਵਾਂ ਨਾਲ ਜਿਥੇ ਲੋਕਾਂ ਨੂੰ ਬਿਨਾ ਪਰੇਸ਼ਾਨੀ ਦੇ ਸਮੇਂ ਸਿਰ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ ਉਥੇ ਰਿਸ਼ਵਤਖੋਰੀ ’ਤੇ ਵੀ ਠੱਲ ਪਾਈ ਜਾ ਸਕੇਗੀ। ਜ਼ਿਕਰਯੋਗ ਹੈ ਕਿ ਦੇਸ਼ ਵਿਚ ਪ੍ਰਸ਼ਾਸ਼ਕੀ ਸੁਧਾਰਾਂ ਅਧੀਨ ਆਨ-ਲਾਈਨ ਸਰਕਾਰੀ ਕੰਮ ਕਰਨ ਵਾਲਾ ਪੰਜਾਬ ਰਾਜ ਪਹਿਲਾ ਸੂਬਾ ਹੈ ਜਿਸ ਵਿਚ ਸਾਰੇ ਦਫਤਰਾਂ ਤੋਂ ਦਫਤਰਾਂ ਤੱਕ ਸਰਕਾਰੀ ਕੰਮ (ਜੀ 2 ਜੀ)ਆਨਲਾਈਨ ਕੀਤੇ ਗਏ ਹਨ। ਜੀ 2 ਜੀ ਯੋਜਨਾ ਦੇ ਤਹਿਤ ਰਾਜ ਵਿਚ ਪਹਿਲਾਂ ਤੋਂ ਹੀ ਸਾਰੇ ਵਿਭਾਗਾਂ ਵਿਚ ਇੰਟੀਗ੍ਰੇਟਿਡ ਵਰਕਫਲੋ ਐਂਡ ਡਾਕੂੁਮੈਂਟ ਮੈਨੇਜਮੈਂਟ ਸਿਸਟਮ (ਆਈ.ਡਬਲਯੂ.ਡੀ.ਐਮ.ਐਸ) ਅਤੇ ਇੰਟੀਗ੍ਰੇਡਿਟ ਫਾਇਨੈਂਸ਼ੀਅਲ ਮੈਨੇਜਮੈਂਟ ਸਿਸਟਮ (ਆਈ.ਐਫ.ਐਮ.ਐਸ) ਲਾਗੂ ਕੀਤਾ ਗਿਆ ਹੈ। ਸਥਾਪਤ ਕੀਤੇ ਜਾ ਰਹੇ 2174 ਸੇਵਾਂ ਕੇਂਦਰਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਬੁਲਾਰੇ ਨੇ ਦੱਸਿਆ ਕਿ ਪਿੰਡਾਂ ਵਿਚ 1750 ਕੇਂਦਰ ਅਤੇ ਸ਼ਹਿਰਾਂ ਵਿਚ 424 ਕੇਂਦਰ ਸਥਾਪਤ ਕੀਤੇ ਜਾਣਗੇ ਜਿਨ੍ਹਾਂ ਵਿਚ ਲੋਕਾਂ ਨੂੰ 249 ਸਰਕਾਰੀ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ। ਬੁਲਾਰੇ ਨੇ ਅੱਗੇ ਦੱਸਿਆ ਬਿਜਲੀ-ਪਾਣੀ ਦੇ ਬਿਲ ਲੈਣ ਤੋਂ ਇਲਾਵਾ ਇਨ੍ਹਾਂ ਸੇਵਾ ਕੇਂਦਰਾਂ ਵਿਚ ਜਨਮ ਲਤੇ ਮਰਨ ਦਾ ਪ੍ਰਮਾਣ ਪੱਤਰ, ਨਵੇਂ ਬਿਜਲੀ-ਪਾਣੀ ਅਤੇ ਸੀਵਰੇਜ ਦੇ ਕੁਨੈਕਸ਼ਨਾਂ ਲਈ ਅਰਜੀਆਂ, ਪ੍ਰਾਪਰਟੀ ਟੈਕਸ ਦਾ ਭੁਗਤਾ, ਹਰ ਤਰ੍ਹਾਂ ਦੇ ਫਾਰਮ, ਰਿਕਸ਼ਾ, ਰੇਹੜੀ,ਆਟੇ ਦੀ ਚੱਕੀ, ਉਦਯੋਗਿਕ ਸਥਾਨਾਂ ਲਈ ਬਿਜਲੀ ਦੇ ਕੁਨੈਕਸ਼ਨਾਂ ਵਾਸਤੇ ਐਨ.ਓ.ਸੀ, ਬਿਲਡਿੰਗ ਦੀ ਉਸਾਰੀ ਲਈ ਐਨ.ਓ.ਸੀ, ਸਲਾਟਰ ਹਾਊਸ, ਫਾਇਰ ਬ੍ਰਿਗੇਡ ਲਈ ਐਨ.ਓ.ਸੀ, ਸਪ੍ਰੇ ਅਤੇ ਫਾਗਿੰਗ ਲਈ ਬੇਨਤੀ ਪੱਤਰ, ਆਦਿ ਸੇਵਾਵਾਂ ਮੁੱਹਈਆ ਕਰਵਾਈਆਂ ਜਾਣਗੀਆਂ।



