ਸੰਗਰੂਰ, 23 ਜਨਵਰੀ (ਹਰਜੀਤ ਸਿੰਘ ਹਸਨਪੁਰੀ)- ਸੂਬੇ ਉੱਪਰ ਇੱਕ ਹੋਰ ਜ਼ਿਮਨੀ ਚੋਣ ਥਾਪਣ ਲਈ ਕਾਂਗਰਸੀ ਆਗੂਆਂ ਨੇ ਨਿੰਦਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਕਿਹਾ ਕਿ ਲੋਕਾਂ ਦੀ ਸੇਵਾ ਕਰਨ ਦੀ ਥਾਂ ਅਸਤੀਫਾ ਦੇ ਕੇ ਧੂਰੀ ਤੋਂ ਸਾਬਕਾ ਕਾਂਗਰਸੀ ਐਮ ਐਲ ਏ ਨੇ ਲੋਕਾਂ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ। ਸ. ਬਾਦਲ ਨੇ ਅੱਜ ਹਲਕਾ ਧੂਰੀ ਦੇ ਸੰਗਤ ਦਰਸ਼ਨ ਦੌਰਾਨ ਲੋਕਾਂ ਦੇ ਇੱਕਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਲੋਕਾਂ ਦੀ ਸੇਵਾ ਕਰਨ ਦਾ ਇੱਕ ਗੌਰਵਮਈ ਇਤਿਹਾਸ ਹੈ, ਪਰ ਕਾਂਗਰਸੀ ਆਗੂ ਹਮੇਸ਼ਾ ਹੀ ਸੱਤਾ ਦੇ ਸੁੱਖ ਭੋਗ ਕੇ ਆਪਣੀ ਜ਼ਿੰਮੇਵਾਰੀ ਤੋਂ ਭਜੱਦੇ ਰਹੇ ਹਨ। ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਲੋਕਾਂ ਦੀ ਸੇਵਾ ਵਿੱਚ ਜੀ ਜਾਨ
ਨਾਲ ਜੁਟੀ ਹੈ ਤੇ ਦੂਜੇ ਪਾਸੇ ਮੌਕਾ ਪ੍ਰਸਤ ਕਾਂਗਰਸੀ ਆਗੂ ਸੱਤਾ ਦਾ ਸੁਖ ਭੋਗਣ ਉਪਰੰਤ ਲੋਕਾਂ ਨੂੰ ਧੋਖਾ ਦਿੰਦੇ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਕਾਂਗਰਸੀ ਪਾਰਟੀ ਦੀਆਂ ਇਨ੍ਹਾਂ ਕੋਝੀਆਂ ਚਾਲਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ, ਕਿਉਂਕਿ ਕਾਂਗਰਸ ਨੇ ਹਮੇਸ਼ਾ ਹੀ ਪੰਜਾਬ ਵਿਰੋਧੀ ਫੈਸਲੇ ਲਏ ਹਨ।
ਕਾਂਗਰਸੀ ਆਗੂਆਂ ਵੱਲੋਂ ਉਹਨਾਂ ਦੇ ਸੰਗਤ ਦਰਸ਼ਨ ਦੀ ਵਿਰੋਧਤਾ ਕਰਨ ਦਾ ਗੰਭੀਰ ਨੋਟਿਸ ਲੈਂਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਇਹ ਸੰਗਤ ਦਰਸ਼ਨ ਲੋਕਾਂ ਦੀ ਭਲਾਈ ਲਈ ਕੀਤੇ ਜਾਂਦੇ ਹਨ ਅਤੇ ਜੇ ਕਾਂਗਰਸੀ ਆਗੂਆਂ ਵਿੰਚ ਹਿੰਮਤ ਹੈ ਤਾਂ ਇਸਨੂੰ ਬੰਦ ਕਰਵਾ ਕੇ ਦਿਖਾਉਣ। ਸ. ਬਾਦਲ ਨੇ ਕਿਹਾ ਕਿ ਸਾਬਕਾ ਕਾਂਗਰਸੀ ਵਿਧਾਇਕ ਵੱਲੋਂ ਧੂਰੀ ਹਲਕੇ ਤੋਂ ਅਸਤੀਫਾ ਦੇਣ ਤੋਂ ਪਹਿਲਾਂ ਹੀ ਉਹਨਾਂ ਨੇ ਇਸ ਹਲਕੇ ਦੇ ਵਿਕਾਸ ਨੂੰ ਹੋਰ ਹੁਲਾਰਾ ਦੇਣ ਲਈ ਇੱਥੇ ਸੰਗਤ ਦਰਸ਼ਨ ਦਾ ਪ੍ਰੋਗਰਾਮ ਉਲੀਕਿਆ ਹੋਇਆ ਸੀ। ਉਹਨਾਂ ਕਿਹਾ ਕਿ ਕਾਂਗਰਸੀ ਆਗੂ ਜਿੱਥੇ ਚਾਹੁੰਣ ਉਥੇ ਉਹਨਾਂ ਦੀ ਸ਼ਿਕਾਇਤ ਕਰ ਲੈਣ ਪਰ ਉਹਨਾਂ ਦੇ ਇਹ ਕਾਰੇ ਮੈਨੂੰ ਲੋਕਾਂ ਲਈ ਲਾਹੇਬੰਦ ਇਸ ਪ੍ਰੋਗਰਾਮ ਨੂੰ ਕਰਨ ਤੋਂ ਨਾਂਹ ਕਰ ਸਕਦੇ।
ਪੰਜਾਬ ਵਿਰੋਧੀ ਵਤੀਰੇ ਲਈ ਕਾਂਗਰਸ ਪਾਰਟੀ ਦੀ ਕਰੜੀ ਨਿੰਦਿਆਂ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਦੇ ਅਜਿਹੇ ਕੰਮਾਂ ਕਾਰਨ ਸੂਬੇ ਦਾ ਭਾਰੀ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਦੇਸ਼ ਦੇ ਬਟਵਾਰੇ ਨੇ ਉਸ ਤੋਂ ਬਾਅਦ ਅਤੱਵਾਦ ਨੇ ਸੂਬੇ ਦਾ ਬਹੁਤ ਭਾਰੀ ਨੁਕਸਾਨ ਕੀਤਾ ਹੈ। ਪਰ ਉਸ ਵੇਲੇ ਦੀ ਕੇਂਦਰ ਦੀ ਕਾਂਗਰਸ ਸਰਕਾਰ ਵੱਲੋਂ ਸਾਡੇ ਗੁਆਂਢੀ ਸੂਬਿਆਂ ਦੀ ਦਿੱਤੀਆਂ ਗਈਆਂ ਆਰਥਿਕ ਰਿਆਇਤਾਂ ਨੇ ਸੂਬੇ ਦੀ ਸਨਅਤ ਦਾ ਭਾਰੀ ਨੁਕਸਾਨ ਕੀਤਾ ਹੈ। ਉਹਨਾਂ ਕਿਹਾ ਕਿ ਕੇਂਦਰ ਵਿੱਚ ਹੁਣ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਬਣੀ ਐਨਡੀਏ ਸਰਕਾਰ ਨਾਲ ਸੂਬੇ ਦੇ ਕਈ ਲਟਕੇ ਪਏ ਮਸਲਿਆਂ ਦੇ ਹੱਲ ਦੀ ਆਸ ਬੱਝੀ ਹੈ।
ਇਸ ਉਪਰੰਤ ਪਿੰਡ ਸ਼ੇਰਪੁਰ ਸੋਢੀਆਂ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਆਸ ਪ੍ਰਗਟਾਈ ਕਿ ਅਕਾਲੀ ਭਾਜਪਾ ਗਠਜੋੜ ਦਿੱਲੀ ਵਿਧਾਨ ਸਭਾ ਦੀਆਂ ਹੋ ਰਹੀਆਂ ਚੋਣਾਂ ਵਿੱਚ ਹੁੰਝਾਂ ਫੇਰ ਜਿੱਤ ਪ੍ਰਾਪਤ ਕਰੇਗੀ। ਉਹਨਾਂ ਕਿਹਾ ਕਿ ਕੇਂਦਰ ਅਤੇ ਦਿੱਲੀ ਸਰਕਾਰ ਵਿਚਾਲੇ ਬਿਹਤਰ ਤਾਲਮੇਲ ਲਈ ਦਿੱਲੀ ਦੇ ਸੂਝਵਾਨ ਵੋਟਰ ਅਕਾਲੀ ਭਾਜਪਾ ਗੱਠਜੋੜ ਦੇ ਹੱਕ ਵਿੱਚ ਭੁਗਤਣਗੇ ਜਿਸ ਨਾਲ ਦਿੱਲੀ ਦੇ ਵਿਕਾਸ ਨੂੰ ਹੋਰ ਵੀ ਹੁਲਾਰਾ ਮਿਲੇਗਾ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਿੰਦਰ ਸਿੰਘ ਵੱਲੋਂ ਅੰਮ੍ਰਿਤਸਰ ਵਿਖੇ ਕਰਵਾਈ ਜਾ ਰਹੀ ਲਲਕਾਰ ਰੈਲੀ ਤੇ ਚੁਸਕੀ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਇਸਦਾ ਇਕੋ ਇਕ ਮਨੋਰਥ ਹੈ ਕਿ ਪਾਰਟੀ ਵਿਚਲੇ ਆਪਣੇ ਵਿਰੋਧੀਆਂ ਨੂੰ ਖੁੱਡੇ ਲਾਉਣਾ ਹੈ। ਉਹਨਾਂ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਨਸ਼ੇੜੀਆਂ ਵਜੋਂ ਬਦਨਾਮ ਕਰਨ ਲਈ ਅਪਣਾਈ ਜਾ ਰਹੀ ਕੋਝੀਆਂ ਚਾਲਾਂ ਦੀ ਥਾਂ ਆਪਣਾ ਘਰ ਸੰਭਾਲਣਾ ਚਾਹੀਦਾ ਹੈ।



