ਪਿੰਡ ਵਾਸੀਆਂ ਨੈਸ਼ਨਲ ਬਠਿੰਡਾ-ਚੰਡੀਗੜ੍ਹ ਮੁੱਖ ਮਾਰਗ ਠੱਪ ਕਰਕੇ ਕੀਤੀ ਨਾਅਰੇਬਾਜ਼ੀ
ਬਰਨਾਲਾ, 14 ਜਨਵਰੀ (ਹਰਵਿੰਦਰ ਕੌਰ ਖੁੱਡੀ ਕਲਾਂ)- ਸਥਾਨਕ ਨੈਸ਼ਨਲ ਬਠਿੰਡਾ ਚੰਡੀਗੜ੍ਹ ਮੁੱਖ ਮਾਰਗ ਸਥਿਤ ਬਾਬਾ ਵਿਸ਼ਵਕਰਮਾ ਚੌਂਕ ਵਿਖੇ ਉਸ ਸਮੇਂ ਮਾਹੌਲ ਤਣਾਅ ਪੂਰਨ ਹੋ ਗਿਆ ਜਦੋਂ ਲੋਹੜੀ ਵਾਲੀ ਦੇਰ ਰਾਤ ਨੂੰ ਚਾਰ ਲੜਕੀਆਂ ਅਤੇ ਇਕ ਲੜਕੇ ਦੇ ਪਿਤਾ ਸਮੇਤ ਤਿੰਨ ਮੋਟਰਸਾਇਕਲ ਸਵਾਰਾਂ ਦੀ ਮੌਕੇ ਤੇ ਹੀ ਮੌਤ ਹੋ ਜਾਣ ਦੇ ਸਬੰਧ ਵਿਚ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਮੁਆਵਜ਼ਾ ਦਿਵਾਉਣ ਲਈ ਆਮ ਲੋਕਾਂ ਵਲੋਂ ਸੜਕੀ ਆਵਾਜਾਈ ਜਾਮ ਕਰਕੇ ਵਹੀਕਲਾਂ ਦੀਆਂ ਲੰਬੀਆਂ ਲੰਬੀਆਂ ਕਤਾਰਾਂ ਖੜ੍ਹੀਆਂ ਕਰ ਦਿੱਤੀਆਂ। ਇਥੇ ਜ਼ਿਕਰਯੋਗ ਹੈ ਕਿ ਸਟੈਂਡਰਡ ਕੰਬਾਇਨ ਵਿਚ ਚੌਂਕੀਦਾਰ ਅਤੇ ਗੇਅਰਮੈਨ ਦਾ ਕੰਮ ਕਰਨ ਵਾਲੇ ਤਿੰਨ ਵਿਅਕਤੀ ਅਨਿਲ ਯਾਦਵ, ਪੱਪੂ ਕੁਮਾਰ ਨਿਵਾਸੀ ਯੂਪੀ ਅਤੇ ਮੇਲਾ ਰਾਮ ਨਿਵਾਸੀ ਜੋਧਪੁਰ ਜੋ
ਮੋਟਰਸਾਇਕਲ ‘ਤੇ ਸਵਾਰ ਹੋ ਕੇ ਫੈਕਟਰੀ ਨੂੰ ਆ ਰਹੇ ਸੀ ਤਾਂ ਕਿਸੇ ਅਣਪਛਾਤੇ ਵਹੀਕਲ ਨੇ ਇਨ੍ਹਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਜਿਸਦੇ ਸਿੱਟੇ ਵਜੋਂ ਇਨ੍ਹਾਂ ਤਿੰਨਾਂ ਦੀ ਮੌਤ ਹੋ ਗਈ। ਇਸ ਗੱਲ ਦੀ ਜਿਉਂ ਹੀ ਭਿਣਕ ਪਿੰਡ ਚੀਮਾਂਜੋਧਪੁਰ ਦੇ ਵਸਨੀਕਾਂ ਨੂੰ ਲੱਗੀ ਤਾਂ ਉਨ੍ਹਾਂ ਨੇ ਚੜ੍ਹਦੀ ਸਵੇਰ ਹੀ ਸਟੈਂਡਰਡ ਫੈਕਟਰੀ ਦੇ ਹੋਰਨਾਂ ਕਰਿੰਦਿਆਂ ਨੂੰ ਨਾਲ ਲੈ ਕੇ ਖੁੱਡੀ ਰੋਡ ਸਥਿਤ ਬਾਬਾ ਵਿਸ਼ਵਕਰਮਾ ਮੰਦਿਰ ਸਥਿਤ ਚੌਂਕ ਵਿਖੇ ਸੜਕੀ ਆਵਾਜਾਈ ਠੱਪ ਕਰਕੇ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਗੱਲ ਦੀ ਸੂਚਨਾਂ ਜਿਉਂ ਹੀ ਜ਼ਿਲ੍ਹਾ ਦੇ ਆਹਲਾ ਅਧਿੱਕਾਰੀਆਂ ਨੂੰ ਮਿਲੀ ਤਾਂ ਉਨ੍ਹਾਂ ਨੇ ਤੁਰੰਤ ਮੌਕੇ ਤੇ ਪਹੁੰਚ ਕੇ ਜਿਨ੍ਹਾਂ ਵਿਚ ਤਹਿਸੀਲਦਾਰ, ਡੀ.ਐਸ.ਪੀ. ਪਲਵਿੰਦਰ ਸਿੰਘ ਚੀਮਾਂ ਨੇ ਪੁਲਿਸ ਪਾਰਟੀ ਸਮੇਤ ਪਹੁੰਚ ਕੇ ਧਰਨੇ ਤੇ ਬੈਠੇ ਆਗੂਆਂ ਨਾਲ ਗੱਲਬਾਤ ਕੀਤੀ। ਇਸ ਮੌਕੇ ਪਿੰਡ ਵਾਸੀਆਂ ਵਿਚ ਬਲਵਿੰਦਰ ਸਿੰਘ ਨੇ ਅਤੇ ਪਿੰਡ ਦੇ ਸਰਪੰਚ ਸਮੇਤ ਮ੍ਰਿਤਕ ਦੇ ਭਰਾ ਦੇ ਹਰਭਜਨ ਸਿੰਘ ਦੇ ਬਿਆਨ ਕਲਮਬੰਦ ਕਰਕੇ ਅਣਪਛਾਤੇ ਵਹੀਕਲ ਚਾਲਕ ਖ਼ਿਲਾਫ ਕੇਸ ਦਰਜ਼ ਕਰਕੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਮ੍ਰਿਤਕ ਦਾ ਕੇਸ ਲੜਨ ਦੀ ਸਾਰੀ ਜਿੰਮੇਵਾਰੀ ਸਟੈਂਡਰਡ ਕੰਬਾਇਨ ਦੇ ਮਾਲਕ ਨੱਛਤਰ ਸਿੰਘ ਨੇ ਆਪਣੇ ਵਕੀਲ ਰਾਹੀਂ ਕਰਕੇ ਪੀੜ੍ਹਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਦੀ ਗੱਲ ਆਖ਼ੀ ਤਾਂ ਜਾ ਕੇ ਇਸ ਧਰਨੇ ਨੂੰ ਚੁਕਵਾ ਕੇ ਆਵਾਜਾਈ ਚਾਲੂ ਕੀਤੀ ਗਈ।



