ਸ੍ਰੀਨਗਰ, 14 ਜਨਵਰੀ (ਪੀ. ਟੀ.)- ਉੱਤਰ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਸੋਪੋਰ ਸ਼ਹਿਰ ‘ਚ ਸੁਰੱਖਿਆ ਬਲਾਂ ਦੇ ਨਾਲ 6 ਘੰਟੇ ਤੱਕ ਚਲੀ ਮੁੱਠਭੇੜ ‘ਚ ਲਸ਼ਕਰ-ਏ-ਤਾਇਬਾ ਦੇ ਇਕ ਚੋਟੀ ਦੇ ਅੱਤਵਾਦੀ ਦੀ ਮੌਤ ਹੋ ਗਈ। ਪੁਲਿਸ ਨੇ ਕਿਹਾ ਕਿ ਸੁਰੱਖਿਆ ਬਲਾਂ ਦੀ ਘੇਰਾਬੰਦੀ ਅਤੇ ਤਲਾਸ਼ੀ ਅਭਿਆਨ ਤੋਂ ਬਾਅਦ ਸੋਪੋਰ ਦੇ ਚਨਾਖਨ ਇਲਾਕੇ ਦੇ ਇਕ ਘਰ ‘ਚ ਲੁਕੇ ਲਸ਼ਕਰੇ ਤਾਇਬਾ ਦੇ ਅੱਤਵਾਦੀ ਅਤੇ ਸੁਰੱਖਿਆ ਬਲਾਂ ਵਿਚਕਾਰ ਮੁੱਠਭੇੜ ਸ਼ੁਰੂ ਹੋ ਗਈ। ਪੁਲਿਸ ਅਨੁਸਾਰ ਕਰੀਬ 6 ਘੰਟੇ ਤੱਕ ਮੁੱਠਭੇੜ ਤੋਂ ਬਾਅਦ ਅੱਤਵਾਦੀ ਮਾਰਿਆ ਗਿਆ। ਇਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਅੱਤਵਾਦੀ ਦੀ ਲਾਸ਼ ਬਰਾਮਦ ਕਰ ਲਈ ਗਈ ਹੈ ਤੇ ਉਹ ਲਸ਼ਕਰੇ ਤਾਇਬਾ ਨਾਲ ਜੁੜਿਆ ਸੀ। ਉਨ੍ਹਾਂ ਨੇ ਕਿਹਾ ਕਿ ਮ੍ਰਿਤਕ ਦੀ ਪਹਿਚਾਣ ਅਬੂ ਹੁਜੈਫਾ ਦੇ ਤੌਰ ‘ਤੇ ਹੋਈ ਹੈ। ਮੌਕੇ ਤੋਂ ਗੋਲਾ ਬਾਰੂਦ ਵੀ ਬਰਾਮਦ ਕੀਤਾ ਗਿਆ ਹੈ।



