ਸੂਬੇ ਦੇ ਕਰਜ਼ੱਈ ਕਿਸਾਨਾਂ ਨੂੰ ਵੱਡੀ ਰਾਹਤ
ਚੰਡੀਗੜ੍ਹ, 11 ਜਨਵਰੀ- ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕਾਂ (ਪੀ.ਏ.ਡੀ.ਬੀਜ਼) ਦਾ ਕਰਜ਼ਾ ਲਾਹੁਣ ਤੋਂ ਅਸਮਰਥ ਹੋ ਚੁੱਕੇ ਕਿਸਾਨਾਂ ਨੂੰ ਵੱਡੀ ਰਾਹਤ ਦਿੰਦਿਆਂ ਪੰਜਾਬ ਸਰਕਾਰ ਨੇ ਉਨ੍ਹਾਂ ਲਈ ਯਕਮੁਸ਼ਤ ਨਿਪਟਾਰਾ ਸਕੀਮ (ਓ.ਟੀ.ਐਸ.) ਨੂੰ ਲਾਗੂ ਕਰਨ ਦਾ ਫੈਸਲਾ ਕੀਤਾ ਹੈ ਤਾਂ ਜੋ ਉਹ ਸੁਖਾਲੇ ਢੰਗ ਨਾਲ ਆਪਣਾ ਕਰਜ਼ਾ ਉਤਾਰ ਸਕਣ। ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਯਕਮੁਸ਼ਤ ਨਿਪਟਾਰਾ ਸਕੀਮ ਦਾ ਉਦੇਸ਼ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕਾਂ ਦੇ ਡਿਫਾਲਟਰ ਕਿਸਾਨਾਂ ਨੂੰ ਆਪਣੇ ਬਕਾਇਆ ਦਾ ਭੁਗਤਾਨ ਕਰਨ ਲਈ ਇਕ ਮੌਕਾ ਮੁਹੱਈਆ ਕਰਵਾਉਣਾ ਹੈ ਤਾਂ ਕਿ ਇਕ ਪਾਸੇ ਉਹ ਬੈਂਕਾਂ ਦਾ ਭੁਗਤਾਨ ਕਰ ਸਕਣ ਅਤੇ ਦੂਜੇ ਪਾਸੇ ਗੈਰ-ਅਮਲ ਵਾਲੀ ਇਸ ਪੂੰਜੀ ਨੂੰ ਅਮਲੀ ਪੂੰਜੀ ਵਿੱਚ ਬਦਲਿਆ ਜਾ
ਸਕੇ। ਇਹ ਸਕੀਮ ਬੈਂਕਾਂ ਲਈ ਵੀ ਮਦਦਗਾਰ ਹੋਵੇਗੀ ਕਿਉਂਕਿ ਇਸ ਨਾਲ ਪੂੰਜੀ ਦੀ ਵਸੂਲੀ ਵਾਸਤੇ ਉਨ੍ਹਾਂ ਦੇ ਖਰਚਿਆਂ ਵਿੱਚ ਕਮੀ ਆਵੇਗੀ ਅਤੇ ਕਰਜ਼ਿਆਂ ਦੀ ਵਸੂਲੀ ਦਾ ਇਹ ਊਰਜਾਮਈ ਸਮਾਂ ਹੋਰ ਵਿਕਾਸ ਸਰਗਰਮੀਆਂ ਨੂੰ ਵਿਕਸਤ ਕਰਨ ਲਈ ਲਾਇਆ ਜਾ ਸਕੇਗਾ। ਕਿਸਾਨਾਂ ਪੱਖੀ ਇਹ ਸਕੀਮ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਵੱਲੋਂ ਦਿੱਤੇ ਗਏ ਸਾਰੇ ਕਰਜ਼ਿਆਂ ਲਈ ਲਾਗੂ ਹੋਵੇਗੀ ਜਿਨ੍ਹਾਂ ਦਾ ਭੁਗਤਾਨ ਕਰਨ ਦਾ ਸਮਾਂ 30 ਜੂਨ, 2014 ਤੱਕ ਸੀ। ਜਿਹੜੇ ਕਰਜ਼ਦਾਰ ਇਸ ਯਕਮੁਸ਼ਤ ਨਿਪਟਾਰਾ ਸਕੀਮ ਦਾ ਲਾਭ ਨਹੀਂ ਲੈਣਗੇ, ਉਨ੍ਹਾਂ ਨੂੰ ਇਸ ਸਕੀਮ ਤੋਂ ਮਨਸੂਖ ਸਮਝਿਆ ਜਾਵੇਗਾ ਅਤੇ ਯਕਮੁਸ਼ਤ ਨਿਪਟਾਰਾ ਨਾ ਹੋਣ ਕਾਰਨ ਉਨ੍ਹਾਂ ਕੋਲ ਵਸੂਲੀ ਪਹਿਲਾਂ ਦੇ ਆਧਾਰ ’ਤੇ ਹੋਵੇਗੀ। ਇਸ ਯਕਮੁਸ਼ਤ ਨਿਪਟਾਰਾ ਸਕੀਮ ਦੇ ਹੇਠ ਅਦਾ ਨਾ ਕੀਤੀ ਗਈ ਮੂਲ ਰਾਸ਼ੀ ’ਤੇ ਪ੍ਰਤੀ ਸਾਲ 9 ਫੀਸਦੀ ਦੇ ਸਧਾਰਨ ਵਿਆਜ ਦੇ ਅਨੁਸਾਰ ਵਸੂਲਿਆ ਜਾਵੇਗਾ। ਇਸ ਰਾਸ਼ੀ ’ਤੇ ਕੁੱਲ ਵਿਆਜ ਮੂਲ ਕਰਜ਼ੇ ਦੀ ਰਾਸ਼ੀ ਤੋਂ ਜ਼ਿਆਦਾ ਨਹੀਂ ਹੋਵੇਗਾ ਪਰ ਮੂਲ ਰਾਸ਼ੀ ਦੇ ਭੁਗਤਾਨ ਦੇ ਸਬੰਧ ਵਿੱਚ ਕੋਈ ਵੀ ਰਿਆਇਤ ਨਹੀਂ ਦਿੱਤੀ ਜਾਵੇਗੀ।
ਇਸੇ ਤਰ੍ਹਾਂ ਹੀ ਜਿਹੜੇ ਕਰਜ਼ਦਾਰ ਮੂਲ ਰਾਸ਼ੀ ਤੋਂ ਦੁੱਗਣੇ ਜਾਂ ਇਸ ਤੋਂ ਵੀ ਵੱਧ ਰਾਸ਼ੀ ਦਾ ਪਹਿਲਾਂ ਹੀ ਭੁਗਤਾਨ ਕਰ ਚੁੱਕੇ ਹਨ, ਉਨ੍ਹਾਂ ਕੋਲੋਂ ਵਾਧੂ ਵਸੂਲੀ ਨਹੀਂ ਕੀਤੀ ਜਾਵੇਗੀ। ਨਿਪਟਾਰਾ ਰਾਸ਼ੀ ਦਾ 25 ਫੀਸਦੀ ਹਿੱਸਾ ਨਿਪਟਾਰੇ ਦੀ ਮਿਤੀ ਦੌਰਾਨ ਅਦਾ ਕੀਤਾ ਜਾਵੇਗਾ ਜਦਕਿ ਇਸ ਦਾ ਬਾਕੀ 75 ਫੀਸਦੀ ਵੱਧ ਤੋਂ ਵੱਧ ਇਕ ਸਾਲ ਦੇ ਸਮੇਂ ਵਿੱਚ ਦੋ ਕਿਸ਼ਤਾਂ ਵਿੱਚ ਭੁਗਤਾਨਯੋਗ ਹੋਵੇਗਾ। ਇਹ ਮਿਤੀ ਨਿਪਟਾਰੇ ਦੀ ਮਿਤੀ ਤੋਂ ਮਿਥੀ ਜਾਵੇਗੀ। ਜੇਕਰ ਬਕਾਇਆ ਰਾਸ਼ੀ ਨਿਪਟਾਰੇ ਦੇ 30 ਦਿਨ ਦੇ ਅੰਦਰ-ਅੰਦਰ ਅਦਾ ਕਰ ਦਿੱਤੀ ਜਾਂਦੀ ਹੈ ਤਾਂ 30 ਦਿਨ ਦੇ ਅੰਦਰ ਅਦਾ ਕੀਤੀ ਰਾਸ਼ੀ ’ਤੇ 30 ਦਿਨ ਦੇ ਸਮੇਂ ਤੱਕ ਦਾ ਵਿਆਜ ਨਹੀਂ ਲਿਆ ਜਾਵੇਗਾ।
ਜੇਕਰ 75 ਫੀਸਦੀ ਬਕਾਇਆ ਰਾਸ਼ੀ ਨਿਰਧਾਰਤ ਸਮੇਂ ਵਿੱਚ ਨਹੀਂ ਅਦਾ ਕੀਤੀ ਜਾਂਦੀ ਤਾਂ ਨਿਪਟਾਰੇ ਨੂੰ ਰੱਦ ਕਰ ਦਿੱਤਾ ਜਾਵੇਗਾ ਅਤੇ ਸਾਰੀਆਂ ਕਾਨੂੰਨੀ ਪ੍ਰਕ੍ਰਿਆਵਾਂ ਕਰਜ਼ੇ ਦੀ ਵਸੂਲੀ ਵਾਸਤੇ ਸ਼ੁਰੂ ਕੀਤੀਆਂ ਜਾਣਗੀਆਂ। ਇਸ ਸਕੀਮ ਦੇ ਹੇਠ ਬਕਾਇਆ ਦਾ ਨਿਪਟਾਰਾ ਕਰਨ ਵਾਲੇ ਕਰਜ਼ਦਾਰ ਨਵਾਂ ਕਰਜ਼ਾ ਲੈਣ ਲਈ ਤਾਂ ਹੀ ਯੋਗ ਹੋਣਗੇ, ਜਦੋਂ ਉਹ ਨਿਪਟਾਰਾ ਰਾਸ਼ੀ ਦਾ ਪੂਰਾ ਭੁਗਤਾਨ ਕਰ ਦੇਣਗੇ। ਪੀ.ਏ.ਡੀ.ਬੀ. ਦੀਆਂ ਸਹਿਕਾਰੀ ਸਭਾਵਾਂ ਦੇ ਸਹਾਇਕ ਰਜਿਸਟਰਾਰ ਦੇ ਹੇਠ ਸਕਰੀਨਿੰਗ ਕਮੇਟੀ ਵਿੱਚ ਜ਼ਿਲ੍ਹੇ ਦੇ ਸਹਾਇਕ ਜਨਰਲ ਮੈਨੇਜਰ, ਪੀ.ਏ.ਡੀ.ਬੀ. ਦੇ ਮੈਨੇਜਰ ਤੇ ਇੰਸਪੈਕਟਰ ਆਡਿਟ ਨੂੰ ਕਰਜ਼ੇ ਦੇ ਨਿਪਟਾਰੇ ਵਾਸਤੇ ਯਕਮੁਸ਼ਤ ਨਿਪਟਾਰਾ ਸਕੀਮ ਦੇ ਦਿਸ਼ਾ-ਨਿਰਦੇਸ਼ਾਂ ਹੇਠ ਲਾਭਪਾਤਰੀਆਂ ਦੀ ਸਕਰੀਨਿੰਗ ਲਈ ਅਧਿਕਾਰਤ ਕੀਤਾ ਗਿਆ ਹੈ।
ਸਕਰੀਨਿੰਗ ਕਮੇਟੀ ਹਰੇਕ ਉਸ ਮਾਮਲੇ ’ਤੇ ਵਿਚਾਰ ਕਰੇਗੀ, ਜਿਹੜਾ ਇਸ ਕੋਲ ਆਵੇਗਾ। ਜੇਕਰ ਇਹ ਕੇਸ ਨੂੰ ਯੋਗ ਸਮਝਦੀ ਹੈ ਤਾਂ ਇਹ ਉਸ ਨੂੰ ਪ੍ਰਵਾਨਗੀ ਦੇਵੇਗੀ ਅਤੇ ਨਜ਼ਰਸਾਨੀ ਅਥਾਰਟੀ ਨੂੰ ਆਪਣੀ ਸਿਫਾਰਸ਼ਾਂ ਭੇਜੇਗੀ ਜੋ ਕਿ ਸਬੰਧਤ ਸਹਿਕਾਰੀ ਸਭਾਵਾਂ ਦਾ ਡਿਪਟੀ ਰਜਿਸਟਰਾਰ ਹੋਵੇਗਾ। ਜੇਕਰ ਕਿਸੇ ਮਾਮਲੇ ਵਿੱਚ ਕਮੇਟੀ ਵੱਲੋਂ ਕਰਜ਼ੇ ਦੇ ਨਿਪਟਾਰੇ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ ਜਾਂਦਾ ਹੈ ਤਾਂ ਬਿਨੈਕਾਰ ਸਬੰਧਤ ਡਿਵੀਜ਼ਨ ਦੇ ਸਹਿਕਾਰੀ ਸਭਾਵਾਂ ਦੇ ਜੁਆਇੰਟ ਰਜਿਸਟਰਾਰ ਕੋਲ ਮੁੜ ਪਹੁੰਚ ਕਰ ਸਕਦਾ ਹੈ ਜੋ ਇਸ ਦਾ ਫੈਸਲਾ ਮੈਰਿਟ ਦੇ ਆਧਾਰ ’ਤੇ ਕਰੇਗਾ। ਪੀ.ਐਸ.ਸੀ.ਏ.ਡੀ.ਬੀ. ਵੱਲੋਂ ਤਾਇਨਾਤ ਵਿਸ਼ੇਸ਼ ਸਟਾਫ ਨਿਪਟਾਰਾ ਕੇਸਾਂ ਵਿੱਚੋਂ ਘੱਟੋ-ਘੱਟ 20 ਫੀਸਦੀ ਕੇਸਾਂ ਦੀ ਪੜਤਾਲ ਕਰੇਗਾ। ਬੁਲਾਰੇ ਨੇ ਦੱਸਿਆ ਕਿ ਇਸ ਸਕੀਮ ਦਾ ਕਿਸਾਨਾਂ ਨੂੰ ਲਾਭ ਦੇਣ ਨਾਲ ਪੈਣ ਵਾਲਾ ਘਾਟਾ ਪੀ.ਐਸ.ਸੀ.ਏ.ਡੀ.ਬੀ. ਅਤੇ ਪੀ.ਏ.ਡੀ.ਬੀ. ਵੱਲੋਂ ਕ੍ਰਮਵਾਰ 60 ਫੀਸਦੀ ਅਤੇ 40 ਫੀਸਦੀ ਅਨੁਪਾਤ ਨਾਲ ਪੂਰਾ ਕੀਤਾ ਜਾਵੇਗਾ।



