Skip to content
Independent perspectives. Global stories.
BREAKING

ਸਭਿਆਚਾਰ, ਸਿਆਸਤ ਤੇ ਸੰਗੀਤ ਦੀ ਤ੍ਰਿਵੈਣੀ ਸ. ਜਗਦੇਵ ਸਿੰਘ ਜੱਸੋਵਾਲ ਦਾ ਦੇਹਾਂਤ, ਅੰਤਿਮ ਸੰਸਕਾਰ ਅੱਜ

Share this story

Page-1_18 ਲੁਧਿਆਣਾ: 22 ਦਸੰਬਰ (ਪੀ. ਟੀ.)- ਦੇਸ਼ ਵਿੱਚ ਪਹਿਲੀ ਗੈਰ ਕਾਂਗਰਸੀ ਸਰਕਾਰ ਦੇ ਗਠਨ ਵੇਲੇ ਮੁੱਖ ਮੰਤਰੀ ਪੰਜਾਬ ਜਸਟਿਸ ਗੁਰਨਾਮ ਸਿੰਘ ਦੇ ਸਿਆਸੀ ਸਲਾਹਕਾਰ ਵਜੋਂ ਆਪਣਾ ਸਫ਼ਰ ਆਰੰਭ ਕਰਨ ਵਾਲੇ ਸਭਿਆਚਾਰ, ਸਿਆਸਤ ਅਤੇ ਲੋਕ ਸੰਗੀਤ ਦੀ ਤ੍ਰਿਵੈਣੀ ਸ: ਜਗਦੇਵ ਸਿੰਘ ਜੱਸੋਵਾਲ ਦਾ ਅੱਜ ਸਵੇਰੇ 9 ਵਜੇ ਸਥਾਨਿਕ ਦਯਾਨੰਦ ਹਸਪਤਾਲ ਵਿੱਚ ਦੇਹਾਂਤ ਹੋ ਗਿਆ ਹੈ। ਉਹ ਲਗਪਗ 80 ਵਰ੍ਹਿਆਂ ਦੇ ਸਨ । ਸ: ਜੱਸੋਵਾਲ ਪਿਛਲੇ ਇਕ ਮਹੀਨੇ ਤੋਂ ਗੁਰਦਿਆਂ ਅਤੇ ਜਿਗਰ ਦੀ ਗੰਭੀਰ ਬੀਮਾਰੀ ਤੋਂ ਪੀੜਤ ਹੋਣ ਕਾਰਨ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਸਨ। ਜ਼ਿੰਦਗੀ ਦੇ ਵੱਖ ਵੱਖ ਖੇਤਰਾਂ ਵਿੱਚ ਬਾਬਾ ਬੋਹੜ ਦੇ ਰੂਪ ਵਿੱਚ ਆਪਣੀ ਹਸਤੀ ਸਥਾਪਿਤ ਕਰਨ ਵਾਲੇ ਸ: ਜੱਸੋਵਾਲ 1980 ਤੋਂ 1985 ਤੀਕ ਰਾਏਕੋਟ ਹਲਕੇ ਤੋਂ ਕਾਂਗਰਸੀ ਵਿਧਾਇਕ ਰਹੇ ਪਰ 1989 ਵਿੱਚ ਸ਼੍ਰੋਮਣੀ ਅਕਾਲੀ ਦਲ

(ਬਾਦਲ) ਵੱਲੋਂ ਲੁਧਿਆਣਾ ਲੋਕ ਸਭਾ ਹਲਕੇ ਤੋਂ ਚੋਣ ਲੜੀ। ਸ: ਜੱਸੋਵਾਲ ਮਾਸਟਰ ਤਾਰਾ ਸਿੰਘ ਦੇ ਅਕਾਲੀ ਦਲ ਪ੍ਰਧਾਨ ਹੋਣ ਵੇਲੇ ਉਨ੍ਹਾਂ ਦੇ ਜਨਰਲ ਸਕੱਤਰ ਵੀ ਰਹੇ ਅਤੇ ਪੰਜਾਬੀ ਸੂਬਾ ਮੋਰਚਾ ਵਿੱਚ ਇਕ ਸਾਲ ਕੈਦ ਅਤੇ 5000 ਰੁਪਏ ਜੁਰਮਾਨਾ ਵੀ  ਭੁਗਤਿਆ। ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਆਪ ਜੀਵਨ ਮੈਂਬਰ ਸਨ ਅਤੇ ਪ੍ਰੋਫੈਸਰ ਮੋਹਨ ਸਿੰਘ, ਪੰਜਾਬੀ ਕਵੀ ਕਰਤਾਰ ਸਿੰਘ ਸਮਸ਼ੇਰ ਅਤੇ ਸਾਬਕਾ ਚੀਫ਼ ਪਾਰਲੀਮਾਨੀ ਸੈਕਟਰੀ ਸ: ਗੋਪਾਲ ਸਿੰਘ ਖਾਲਸਾ ਦੇ ਵਿਸਵਾਸ਼ ਪਾਤਰ ਰਹੇ। ਸ: ਜੱਸੋਵਾਲ ਨੇ ਪੰਜਾਬ ਦੀ ਕਿਸਾਨੀ ਨੂੰ ਜਥੇਬੰਦੀ ਕਰਨ ਵਿੱਚ ਵੀ ਪੰਜਾਬ ਜਿਮੀਂਦਾਰਾ ਯੂਨੀਅਨ ਨਾਮ ਹੇਠ ਬਾਬਾ ਮਹਿੰਦਰ ਸਿੰਘ ਥਿੰਦ ਅਤੇ ਸ: ਪ੍ਰਤਾਪ ਸਿੰਘ ਕਾਦੀਆ, ਸਾਬਕਾ ਐਮ ਐਲ ਏ ਦੀ ਅਗਵਾਈ ਹੇਠ ਉੱਘਾ ਯੋਗਦਾਨ ਪਾਇਆ। ਪੰਜਾਬ ਵਿੱਚ ਜਿੰਨੀ ਬਿਜਲੀ ਉਨਾਂ ਬਿੱਲ ਲਹਿਰ ਦਾ ਮੋਰਚਾ ਕੋਟਲੀ ਸੂਰਤ ਮੱਲੀ (ਗੁਰਦਾਸਪੁਰ) ਤੋਂ ਸ਼ੁਰੂ ਕਰਕੇ ਪੂਰੇ ਪੰਜਾਬ ਵਿੱਚ ਫੈਲਾਇਆ। 1978 ਵਿੱਚ ਪ੍ਰੋਫੈਸਰ ਮੋਹਨ ਸਿੰਘ ਮੌਤ ਤੋਂ ਬਾਅਦ ਉਨ੍ਹਾਂ ਦੀ ਯਾਦ ਵਿੱਚ ਪ੍ਰੋਫੈਸਰ ਮੋਹਨ ਸਿੰਘ ਯਾਦਗਰੀ ਫਾਉਂਡੇਸ਼ਨ ਸਥਾਪਿਤ ਕਰਕੇ ਮੇਲਾ ਲਾਉਣਾ ਸ਼ੁਰੂ ਕੀਤਾ ਅਤੇ 36 ਸਾਲ ਲਗਾਤਾਰ ਇਸ ਮੇਲੇ ਦੀ ਅਗਵਾਈ ਕੀਤੀ। ਸ: ਜੱਸੋਵਾਲ ਨੇ ਪੰਜਾਬੀ ਲੇਖਕਾਂ, ਬੁੱਧੀਜੀਵੀਆਂ ਅਤੇ ਸੰਗੀਤਕਾਰਾਂ ਨੂੰ ਇਸ ਮੇਲੇ ਰਾਹੀਂ ਅੱਤਵਾਦ ਲਹਿਰ ਦੌਰਾਨ ਅਗਵਾਈ ਪ੍ਰਦਾਨ ਕੀਤੀ ਅਤੇ ਸੈਕੜੇ ਲੇਖਕਾਂ, ਕਲਾਕਾਰਾਂ ਅਤੇ ਬੁੱਧੀਜੀਵੀਆਂ ਨੂੰ ਸਨਮਾਨਿਤ ਕੀਤਾ। ਪਿੰਡ ਦੀ ਸਰਪੰਚੀ ਤੋਂ ਲੈ ਕੇ ਵਿਧਾਨ ਸਭਾ ਦੀ ਮੈਂਬਰੀ ਤੀਕ ਆਪ ਨੇ ਸਿਆਸੀ ਅਗਵਾਈ ਪ੍ਰਦਾਨ ਕੀਤੀ। ਸ: ਜਗਦੇਵ ਸਿੰਘ ਜੱਸੋਵਾਲ ਚੈਰੀਟੇਬਲ ਟਰੱਸਟ ਸਥਾਪਿਤ ਕਰਕੇ ਪਾਲਮ ਵਿਹਾਰ ਲੁਧਿਆਣਾ ਵਿਖੇ ਵਿਰਾਸਤ ਭਵਨ ਦੀ ਸਥਾਪਨਾ ਕੀਤੀ। ਲੁਧਿਆਣਾ ਜ਼ਿਲ੍ਹੇ ਦੇ ਪਿੰਡ ਜੱਸੋਵਾਲ ਦੇ ਜ਼ੈਲਦਾਰ ਕਰਤਾਰ ਸਿੰਘ ਅਤੇ ਮਾਤਾ ਅਮਰ ਕੌਰ ਦੇ ਘਰ ਪੈਦਾ ਹੋਏ ਸ: ਜੱਸੋਵਾਲ ਜੀ ਪੰਜ ਭਰਾ ਸਨ। ਉਨ੍ਹਾਂ ਦੀ ਜੀਵਨ ਸਾਥਣ ਅਤੇ ਦੋ ਬੇਟੇ ਸੁਖਜਿੰਦਰ ਸਿੰਘ ਤੇ ਜਸਵਿੰਦਰ ਸਿੰਘ ਗਰੇਵਾਲ (ਕੈਨੇਡਾ) ਅੰਤਿਮ ਸਵਾਸਾਂ ਵੇਲੇ ਉਨ੍ਹਾਂ ਦੇ ਕੋਲ ਸਨ। ਸ: ਜਗਦੇਵ ਸਿੰਘ ਜੱਸੋਵਾਲ ਦਾ ਅੰਤਿਮ ਸੰਸਕਾਰ 23 ਦਸੰਬਰ ਬਾਅਦ ਦੁਪਹਿਰ 1.00 ਵਜੇ ਮਾਡਲ ਟਾਊਨ ਐਕਸਟੈਨਸ਼ਨ ਲੁਧਿਆਣਾ ਵਿਖੇ ਕੀਤਾ ਜਾਵੇਗਾ। ਇਹ ਜਾਣਕਾਰੀ ਉਨ੍ਹਾਂ ਦੇ ਭਰਾ ਸ:ਇੰਦਰਜੀਤ ਸਿੰਘ ਗਰੇਵਾਲ ਨੇ ਦਿੰਦਿਆਂ ਦੱਸਿਆ ਕਿ ਸ: ਜੱਸੋਵਾਲ ਦਾ ਭੋਗ ਅਤੇ ਅੰਤਿਮ ਅਰਦਾਸ 29 ਦਸੰਬਰ ਨੂੰ ਗੁਰਦੁਆਰਾ ਮਾਡਲ ਟਾਊਟ ਐਕਸਟੈਨਸ਼ਨ ਵਿਖੇ ਕੀਤੀ ਜਾਵੇਗੀ। ਸ: ਜੱਸੋਵਾਲ ਦੇ ਸੰਗੀ ਸਾਥੀ ਸ: ਮਲਕੀਤ ਸਿੰਘ ਦਾਖਾ, ਸਾਬਕਾ ਮੰਤਰੀ, ਸ੍ਰੀ ਕ੍ਰਿਸ਼ਨ ਕੁਮਾਰ ਬਾਵਾ, ਸਾਬਕਾ ਚੇਅਰਮੈਨ ਹਾਊਸਫੈੱਡ ਪੰਜਾਬ, ਸ: ਪ੍ਰਗਟ ਸਿੰਘ ਗਰੇਵਾਲ, ਪ੍ਰਧਾਨ ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ, ਪ੍ਰੋਫੈਸਰ ਗੁਰਭਜਨ ਸਿੰਘ ਗਿੱਲ, ਸਾਬਕਾ ਪ੍ਰਧਾਨ ਪੰਜਾਬੀ ਸਾਹਿਤ ਅਕੈਡਮੀ, ਡਾ:ਨਿਰਮਲ ਜੌੜਾ, ਡਾਇਰੈਕਟਰ ਯੁਵਕ ਭਲਾਈ ਪੰਜਾਬ ਯੂਨੀਵਰਸਿਟੀ,ਚੰਡੀਗੜ੍ਹ,  ਉੱਘੇ ਫੋਟੋ ਕਲਾਕਾਰ ਸ: ਤੇਜ ਪ੍ਰਤਾਪ ਸਿੰਘ ਸੰਧੂ, ਰਣਜੋਧ ਸਿੰਘ, ਸ: ਜਸਮੇਰ ਸਿੰਘ ਢੱਟ, ਚੇਅਰਮੈਨ ਸਭਿਆਚਾਰਕ ਸੱਥ ਪੰਜਾਬ, ਕੈਨੇਡਾ ਦੀ ਅਲਬਰਟਾ ਸਟੇਟ ਦੇ ਐਮ ਐਲ ਏ ਸ਼੍ਰੀ ਪੀਟਰ ਸੰਧੂ, ਸੁਰਜੀਤ ਸਪੋਰਟਸ ਐਸੋਸੀਏਸ਼ਨ ਬਟਾਲਾ ਦੇ ਪ੍ਰਧਾਨ ਸ: ਪ੍ਰਿਥੀਪਾਲ ਸਿੰਘ, ਸ: ਜਗਦੇਵ ਸਿੰਘ ਜੱਸੋਵਾਲ ਚੈਰੀਟੇਬਲ ਦੇ ਪ੍ਰਧਾਨ ਸ: ਸਾਧੂ ਸਿੰਘ ਗਰੇਵਾਲ, ਟਰੱਸਟੀ ਸ: ਇਕਬਾਲ ਸਿੰਘ ਰੁੜਕਾ, ਗੁਰਨਾਮ ਸਿੰਘ ਧਾਲੀਵਾਲ, ਸ: ਸੋਹਣ ਸਿੰਘ ਆਰੇ ਵਾਲਾ, ਅਮਰਿੰਦਰ ਸਿੰਘ ਜੱਸੋਵਾਲ, ਜਸਵਿੰਦਰ ਸਿੰਘ ਜੱਸੋਵਾਲ, ਪ੍ਰਿਥੀਪਾਲ ਸਿੰਘ ਤੋਂ ਇਲਾਵਾ ਉੱਘੇ ਕਲਾਕਾਰ ਜਸਵਿੰਦਰ ਭਲਾ ਅਤੇ ਬਾਲ ਮੁਕੰਦ ਸ਼ਰਮਾ, ਗੁਰਪ੍ਰੀਤ ਘੁੱਗੀ, ਉੱਘੇ ਲੋਕ ਗਾਇਕ ਰਵਿੰਦਰ ਗਰੇਵਾਲ, ਹਰਬੰਸ ਸਹੋਤਾ, ਪਾਲੀ ਦੇਤਵਾਲੀਆ, ਜਸਵੰਤ ਸੰਦੀਲਾ, ਆਤਮਾ ਸਿੰਘ ਬੁੱਢੇਵਾਲੀਆ, ਜਸਵੰਤ ਬੀਬਾ, ਗੁਰਦਾਸ ਕੈੜਾ, ਮਨਜੋਤ ਸਿੰਘ, ਹਰਦਿਆਲ ਪਰਵਾਨਾ, ਅਮਰਜੀਤ ਸਿੰਘ ਸ਼ੇਰਪੁਰੀ, ਉੱਘੇ ਲੇਖਕ ਅਤੇ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਜਨਰਲ ਸਕੱਤਰ ਡਾ: ਅਨੂਪ ਸਿੰਘ, ਡਾਇਰੈਕਟਰ ਲਾਇਬ੍ਰੇਰੀ ਪ੍ਰਿੰਸੀਪਲ ਪ੍ਰੇਮ ਸਿੰਘ ਬਜਾਜ, ਸਾਬਕਾ ਵਿਧਾਇਕ ਸ: ਰਣਜੀਤ ਸਿੰਘ ਤਲਵੰਡੀ, ਉੱਘੇ ਲੇਖਕ ਸ਼੍ਰੀ ਕੁਲਵੰਤ ਗਰੇਵਾਲ ਪਟਿਆਲਾ, ਸੀਨੀਅਰ ਕਾਂਗਰਸੀ ਆਗੂ ਅਮਰਜੀਤ ਸਿੰਘ ਟਿੱਕਾ, ਸਾਬਕਾ ਮੰਤਰੀ ਜਥੇਦਾਰ ਹੀਰਾ ਸਿੰਘ ਗਾਬੜੀਆ, ਜਥੇਦਾਰ ਕੁਲਵੰਤ ਸਿੰਘ ਦੁਖੀਆ, ਬਾਬਾ ਅਜੀਤ ਸਿੰਘ, ਹਰਦਿਆਲ ਸਿੰਘ ਅਮਨ ਨੇ ਉਨ੍ਹਾਂ ਦੇ ਸਪੁੱਤਰਾਂ ਸੁਖਵਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਤੋਂ ਇਲਾਵਾ ਉਨ੍ਹਾਂ ਦੀ ਸੁਪਤਨੀ ਬੀਬੀ ਸੁਰਜੀਤ ਕੌਰ  ਨਾਲ ਅਫਸੋਸ ਦਾ ਪ੍ਰਗਟਾਵਾ ਕੀਤਾ। ਪਾਂਡੀਚਿਰੀ ਦੇ ਸਾਬਕਾ ਗਵਰਨਰ ਅਤੇ ਸ: ਜਗਦੇਵ ਸਿੰਘ ਜੱਸੋਵਾਲ ਦੇ ਨਿਕਟਵਰਤੀ ਸ: ਇਕਬਾਲ ਸਿੰਘ, ਰੋਜ਼ਾਨਾ ਅਜੀਤ ਦੇ ਮੁੱਖ ਸੰਪਾਦਕ ਸ: ਬਰਜਿੰਦਰ ਸਿੰਘ ਹਮਦਰਦ,  ਪੰਜਾਬ ਕੇਸਰੀ ਗਰੁੱਪ ਦੇ ਸੰਯੁਕਤ ਸੰਪਾਦਕ ਸ਼੍ਰੀ ਅਵਿਨਾਸ ਚੋਪੜਾ, ਰੋਜ਼ਾਨਾ ਪੰਜਾਬੀ ਜਾਗਰਣ ਦੇ ਸੰਪਾਦਕ ਸ: ਸ਼ਿੰਗਾਰਾ ਸਿੰਘ ਭੁੱਲਰ ਤੋਂ ਇਲਾਵਾ ਰੇਡੀਓ ਪੰਜਾਬ ਲਹਿਰਾਂ ਟੋਰਾਂਟੋ ਦੇ ਸੰਚਾਲਕ ਸਤਿੰਦਰਪਾਲ ਸਿੰਘ ਸਿੱਧਵਾਂ, ਸ: ਜੱਸੋਵਾਲ ਦੇ ਵਰੋਸਾਏ ਪੰਜਾਬੀ ਗਾਇਕ ਜੋ ਬੀਤੀ ਸ਼ਾਮ ਸ: ਜੱਸੋਵਾਲ ਕੋਲ ਹੀ ਹਸਪਤਾਲ ਵਿੱਚ ਰਹੇ ਸ਼੍ਰੀ ਹਰਭਜਨ ਮਾਨ ਅਤੇ 20 ਦਸੰਬਰ ਨੂੰ ਮਿਲ ਕੇ ਗਏ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਅਤੇ ਰਵਨੀਤ ਸਿੰਘ ਬਿੱਟੂ ਅਤੇ ਜਸ ਟੀ ਵੀ ਨਿਊਯਾਰਕ ਦੀ ਸੰਸਥਾਪਕ ਸ਼੍ਰੀਮਤੀ ਪੈਨੀ ਸੰਧੂ ਅਤੇ ਮੁੱਖ ਸੰਚਾਲਕ ਹਰਵਿੰਦਰ ਰਿਆੜ, ਪੰਜਾਬ ਵਿਧਾਨ ਸਭਾ ਦੇ ਮੈਂਬਰ ਜਨਾਬ ਮੁਹੰਮਦ ਸਦੀਕ, ਸ: ਸੁਖਜਿੰਦਰ ਸਿੰਘ ਰੰਧਾਵਾ, ਗੁਰਕੀਰਤ ਸਿੰਘ ਕੋਟਲੀ, ਸ: ਤੇਜਪ੍ਰਤਾਪ ਸਿੰਘ ਸਾਬਕਾ ਮੰਤਰੀ, ਸ਼੍ਰੀ ਭਾਰਤ ਭੂਸ਼ਣ ਆਸ਼ੂ, ਸ:ਅਮਰੀਕ ਸਿੰਘ ਢਿੱਲੋਂ, ਸਾਬਕਾ ਮੰਤਰੀ ਸ: ਲਖਮੀਰ ਸਿੰਘ ਰੰਧਾਵਾ,  ਸ: ਜਸਵੀਰ ਸਿੰਘ ਸੰਗਰੂਰ, ਹਰਮਹਿੰਦਰ ਸਿੰਘ ਪ੍ਰਧਾਨ,  ਨੇ ਵੀ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ।

WRITTEN BY