ਅਮਰੀਕੀ ਏਜੰਸੀ ਦੀ ਰਿਪੋਰਟ ’ਚ ਸਨਸਨੀਖ਼ੇਜ਼ ਖ਼ੁਲਾਸਾ
ਨਿਊਯਾਰਕ, 22 ਦਸੰਬਰ (ਪੀ. ਟੀ.)- ਇੱਕ ਅਮਰੀਕੀ ਰਿਪੋਰਟ ਮੁਤਾਬਿਕ ਨਵੰਬਰ 2008 ਵਿਚ ਹੋਇਆ ਮੁੰਬਈ ਹਮਲਾ ਖ਼ੁਫ਼ੀਆ ਏਜੰਸੀਆਂ ਦੀ ਲਾਪਰਵਾਹੀ ਅਤੇ ਆਪਸੀ ਤਾਲਮੇਲ ਦੀ ਘਾਟ ਕਾਰਨ ਹੋਇਆ ਸੀ। ਇੱਕ ਅਮਰੀਕੀ ਰਿਪੋਰਟ ਵਿਚ ਇਹ ਦਾਅਵਾ ਕੀਤਾ ਗਿਆ ਹੈ ਕਿ ਅਮਰੀਕਾ ਨੇ ਹਮਲੇ ਤੋਂ ਪਹਿਲਾਂ ਇਸ ਸਬੰਧੀ ਜਾਣਕਾਰੀ ਵੱਖ-ਵੱਖ ਖ਼ੁਫ਼ੀਆ ਏਜੰਸੀਆਂ ਨੂੰ ਦੇ ਦਿੱਤੀ ਸੀ। ਅਮਰੀਕਾ ਦੇ ਚੋਟੀ ਦੇ ਅਖ਼ਬਾਰ ‘ਨਿਊਯਾਰਕ ਟਾਈਮਜ਼‘ ਨੇ ਇਸ ਗੱਲ ਦਾ ਖ਼ੁਲਾਸਾ ਕਰਦਿਆਂ ਕਿਹਾ ਕਿ ਬਰਤਾਨੀਆ, ਅਮਰੀਕਾ ਅਤੇ ਇੱਥੋਂ ਤੱਕ ਭਾਰਤੀ ਸੁਰੱਖਿਆ ਤੇ ਖ਼ੁਫ਼ੀਆ ਏਜੰਸੀਆਂ ਨੇ ਇਸ ‘ਤੇ ਧਿਆਨ ਦੇਣਾ ਜ਼ਰੂਰੀ ਨਹੀਂ ਸਮਝਿਆ। ਇਸ ਰਿਪੋਰਟ ਮੁਤਾਬਕ ਲਸ਼ਕਰ-ਏ-ਤਾਇਬਾ ਦੇ ਕੰਪਿਊਟਰ ਮਾਹਿਰ 30 ਸਾਲਾ ਜ਼ਰਾਰ ਸ਼ਾਹ ਨੇ ਇਹ ਸਾਜ਼ਿਸ਼ ਰਚੀ ਸੀ ਅਤੇ ਉਸ ਦੀ ਸੰਗਠਨ ਵਿਚ ਕੰਪਿਊਟਰ ਮਾਹਿਰ ਵਜੋਂ ਪਛਾਣ ਕੀਤੀ ਜਾਂਦੀ ਹੈ। ਉਸ ਨੇ ਭਾਰਤੀ ਵਪਾਰੀ ਖੜਕ ਸਿੰਘ ਬਣ ਕੇ ਇੱਕ ਅਮਰੀਕੀ ਕੰਪਨੀ ਤੋਂ ਵਾਇਸ-ਓਵਰ-
ਇੰਟਰਨੈੱਟ ਫ਼ੋਨ ਸੇਵਾ ਖ਼ਰੀਦੀ ਸੀ ਅਤੇ ਇਹ ਸੇਵਾ ਲਸ਼ਕਰ-ਏ-ਤਾਇਬਾ ਦੇ ਆਗੂਆਂ ਨੇ ਹਮਲੇ ਸਮੇਂ ਹਮਲਾਵਰਾਂ ਨਾਲ ਸੰਚਾਰ ਸੰਪਰਕ ਰੱਖਦੇ ਹੋਏ ਆਪਣੀ ਅਸਲੀ ਥਾਂ ਛੁਪਾਉਣ ਲਈ ਵਰਤੋਂ ਕੀਤੀ ਸੀ। ਉਸ ਨੇ ਆਪਣੀ ਥਾਂ ਛੁਪਾਉਣ ਲਈ ਇੰਟਰਨੈੱਟ ਫ਼ੋਨ ਸਿਸਟਮ ਸਥਾਪਤ ਕੀਤਾ ਸੀ ਜਿਸ ਨਾਲ ਉਸ ਦੀਆਂ ਟੈਲੀਫ਼ੋਨ ਕਾਲਾਂ ਨਿਊਜਰਸੀ ਰਾਹੀਂ ਘੁੰਮ ਕੇ ਆਉਂਦੀਆਂ ਸਨ। ਉਸ ਨੇ ਗੂਗਲ ਅਰਥ ਦੀ ਮਦਦ ਨਾਲ ਮੁੰਬਈ ਦੀਆਂ ਉਨ੍ਹਾਂ ਥਾਵਾਂ ਬਾਰੇ ਅੱਤਵਾਦੀਆਂ ਨੂੰ ਜਾਣਕਾਰੀ ਮੁਹੱਈਆ ਕੀਤੀ ਜਿਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾਣਾ ਸੀ। ਇੱਥੇ ਦੱਸਣਯੋਗ ਹੈ ਕਿ ਮੁੰਬਈ ਹਮਲਿਆਂ ਵਿਚ ਨਾਰੀਮਨ ਹਾਊਸ, ਤਾਜ ਹੋਟਲ ਅਤੇ ਓਬਰਾਏ ਟ੍ਰਾਈਡੈਂਟ ਹਮਲੇ ਦਾ ਵੱਡਾ ਨਿਸ਼ਾਨ ਬਣੇ ਸਨ।ਇਨ੍ਹਾਂ ਹਮਲਿਆਂ ਵਿਚ 6 ਅਮਰੀਕੀ ਨਾਗਰਿਕਾਂ ਸਮੇਤ 166 ਵਿਅਕਤੀ ਮਾਰੇ ਗਏ ਸਨ। ਰਿਪੋਰਟ ਮੁਤਾਬਕ ਭਾਰਤ ਦੇ ਸੁਰੱਖਿਆ ਅਧਿਕਾਰੀਆਂ ਨੂੰ ਮੁੰਬਈ ਹਮਲਿਆਂ ਸਬੰਧੀ ਕਈ ਮਹੀਨੇ ਪਹਿਲਾਂ ਚਿਤਾਵਨੀ ਦੇ ਦਿੱਤੀ ਗਈ ਸੀ ਪਰ ਉਨ੍ਹਾਂ ਨੇ ਇਸ ਚਿਤਾਵਨੀ ਨੂੰ ਨਜ਼ਰਅੰਦਾਜ਼ ਕਰ ਦਿੱਤਾ ਸੀ।



