ਮੋਗਾ, 22 ਦਸੰਬਰ (ਮਨਮੀਤ ਸੰਧੂ, ਗੁਰਮੀਤ ਸਿੰਘ)- ਜ਼ਿਲ੍ਹਾ ਮੋਗਾ ਦੇ ਇਤਿਹਾਸਕ ਨਗਰ ਡਰੋਲੀ ਭਾਈ ਦੇ ਗੁਰਦੁਆਰਾ ਗੁਰੂ ਕੇ ਮਹਿਲ ਅਟਾਰੀ ਸਾਹਿਬ ਪਾਤਸ਼ਾਹੀ ਛੇਵੀਂ, ਸੱਤਵੀਂ, ਨੌਵੀਂ ਵਿਖੇ ਸਾਹਿਬਜ਼ਾਦੇ ਪਾਤਸ਼ਾਹੀ ਦਸਵੀਂ ਸਮੇਤ 1704 ਈ: ਦੇ ਸਮੂਹ ਸ਼ਹੀਦਾਂ ਦੀ ਯਾਦ ’ਚ ਮਹਾਨ ਗੁਰਮਤਿ ਸਮਾਗਮ ਕੀਤੇ ਗਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਛਤਰਛਾਇਆ ਅਤੇ ਕਾਰ ਸੇਵਾ ਸੰਸਥਾ ਬੀੜ ਸਾਹਿਬ ਦੇ ਮਹਾਪੁਰਸ਼ ਸ੍ਰੀਮਾਨ ਸੰਤ ਬਾਬਾ ਖੜਕ ਸਿੰਘ ਜੀ ਸ੍ਰੀਮਾਨ ਸੰਤ ਬਾਬਾ ਚਰਨ ਸਿੰਘ ਜੀ ਦੇ ਉਤ੍ਰਾਧਿਕਾਰੀ ਡਾ. ਸੰਤ ਬਾਬਾ ਗੁਰਨਾਮ ਸਿੰਘ ਜੀ ਡਰੋਲੀ ਭਾਈ ਕਾਰ ਸੇਵਾ ਵਾਲਿਆਂ ਦੀ ਦੇਖ-ਰੇਖ ਹੇਠ ਹੋਏ ਇਸ ਸਮਾਗਮ ਵਿੱਚ ਭਾਈ ਪਿਆਰਾ ਸਿੰਘ, ਭਾਈ ਜਗਰੂਪ ਸਿੰਘ, ਭਾਈ ਗੁਰਸੇਵਕ
ਸਿੰਘ ਦੇ ਜਥਿਆਂ ਵੱਲੋਂ ਗੁਰੂ ਸ਼ਬਦ ਕੀਰਤਨ ਉਪਰੰਤ ਗਿਆਨੀ ਜਗਜੀਤ ਸਿੰਘ, ਗਿਆਨੀ ਹੀਰਾ ਸਿੰਘ, ਗਿਆਨੀ ਕੁਲਵੰਤ ਸਿੰਘ ਪੰਡੋਰੀ ਦੇ ਢਾਡੀ ਜਥਿਆਂ ਵੱਲੋਂ ਜੰਗ ਚਮਕੌਰ ਸਮੇਤ 1704 ਈ: ਦੇ ਸ਼ਹੀਦਾਂ ਦੇ ਸ਼ਹੀਦੀ ਪ੍ਰਸੰਗ ਸ੍ਰਵਣ ਕਰਵਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ।ਇਸ ਮੌਕੇ ਸਥਾਨਕ ਅਤੇ ਲਾਗਲੇ ਪਿੰਡਾਂ ਦੀਆਂ ਸੰਗਤਾਂ ਨੇ ਵੱਡੀ ਗਿਣਤੀ ’ਚ ਸਮਾਗਮ ਵਿੱਚ ਸ਼ਮੂਲੀਅਤ ਕੀਤੀ ਅਤੇ ਇਲਾਹੀ ਬਾਣੀ ਦੇ ਕੀਰਤਨ ਦਾ ਆਨੰਦ ਮਾਣਿਆ।



