Skip to content
Independent perspectives. Global stories.
BREAKING

ਬੱਸ ਏਕ ਹਿੰਦ ਮੇਂ ਤੀਰਥ ਹੈ ਯਾਤਰਾ ਕੇ ਲਿਯੇ

Share this story

ਜਥੇਦਾਰ ਅਵਤਾਰ ਸਿੰਘ
ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ।

image ਸਿੱਖ ਇਤਿਹਾਸ ਸ਼ਹਾਦਤਾਂ ਅਤੇ ਜੰਗਾਂ-ਯੁੱਧਾਂ ਦੇ ਮਹਾਨ ਕਾਰਨਾਮਿਆਂ ਨਾਲ ਭਰਿਆ ਪਿਆ ਹੈ। ਇਨ੍ਹਾਂ ਜੰਗਾਂ-ਯੁੱਧਾਂ ਅਤੇ ਸ਼ਹਾਦਤਾਂ ਦਾ ਕਾਰਨ ਸਿੱਖ ਧਰਮ ਦੁਆਰਾ ਹੱਕ-ਸੱਚ ਅਤੇ ਧਰਮ ਦੀ ਸਥਾਪਤੀ ਕਰਦਿਆਂ ਦੁਨੀਆਂ ਨੂੰ ਅਨਿਆਂ, ਦੁਰਾਚਾਰ ਅਤੇ ਜ਼ੁਲਮ ਤੋਂ ਛੁਟਕਾਰਾ ਦਿਵਾ ਕੇ ਇਕ ਆਦਰਸ਼ ਅਤੇ ਕਲਿਆਣਕਾਰੀ ਸਮਾਜ ਦੀ ਸਿਰਜਣਾ ਕਰਨਾ ਸੀ। ਇਹ ਸੰਕਲਪ ਸਿੱਖ ਧਰਮ ਦੇ ਬਾਨੀਆਂ ਦਾ ਸੀ। ਇਕ ਪਾਸੇ ਸਿੱਖ ਧਰਮ ਦੇ ਬਾਨੀ ਕਲਿਆਣਕਾਰੀ ਧਰਮ ਦੀ ਲੋਚਾ ਕਰ ਰਹੇ ਸਨ ਦੂਜੇ ਪਾਸੇ ਸਮੇਂ ਦੇ ਧਾਰਮਿਕ ਅਤੇ ਰਾਜਨੀਤਕ ਲੋਕ ਆਪਣੇ ਢੰਗ ਨਾਲ ਧਾਰਮਿਕ ਪਰਪੰਚ ਕਰਦਿਆਂ ਜ਼ੁਲਮ, ਅਨਿਆਂ ਅਤੇ ਮਨ-ਮਾਨੀਆਂ ਕਰ ਰਹੇ ਸਨ। ਕੂੜ ਦਾ ਪੱਲੜਾ ਭਾਰੀ ਹੋ ਸੱਚ-ਧਰਮ ਖੰਭ ਲਾ ਕੇ ਅੱਗੇ-ਅੱਗੇ ਭੱਜ ਰਿਹਾ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਅੰਦਰ ਇਸ ਦੀ ਗਵਾਹੀ ਦਾ ਵਰਣਨ ਇਸ ਤਰ੍ਹਾਂ ਹੋਇਆ ਹੈ:
ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ॥
ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ॥               (ਪੰਨਾ 145)

ਭਾਰਤ ਦੇ ਇਤਿਹਾਸ ਵਿਚ ਗੁਰੂ ਸਾਹਿਬਾਨ ਦੀ ਸ਼ਹਾਦਤ, ਸਾਹਿਬਜ਼ਾਦਿਆਂ  ਦੀ ਕੁਰਬਾਨੀ ਅਤੇ ਮਹਾਨ ਸੂਰਮਿਆਂ ਦੁਆਰਾ ਲੜੀਆਂ ਸਿੱਧੀਆਂ ਜੰਗਾਂ ਅਤੇ ਦਿੱਤੀਆਂ ਸ਼ਹਾਦਤਾਂ ਦੀ ਅਨੂਠੀ ਗਾਥਾ ਉਕਰੀ ਹੋਈ ਹੈ। ਸੰਸਾਰ ਦੇ ਹੋਰ ਧਰਮਾਂ ਦੇ ਰਹਿਬਰਾਂ ਅਤੇ ਪੈਰੋਕਾਰਾਂ ਨੇ ਵੀ ਸ਼ਹਾਦਤਾਂ ਦਿੱਤੀਆਂ ਹਨ ਪਰੰਤੂ ਸਿੱਖ ਇਤਿਹਾਸ ਵਿਚ ਸ਼ਹਾਦਤਾਂ ਦਾ ਸਰੂਪ ਅਨੋਖਾ ਅਤੇ ਵਿਲੱਖਣ ਹੈ। ਜ਼ੁਲਮ ਅਤੇ ਅਨਿਆਂ ਵਿਰੁੱਧ ਲੜੀਆਂ ਗਈਆਂ ਜੰਗਾਂ ਵਿਚ ਚਮਕੌਰ ਸਾਹਿਬ ਦੀ ਜੰਗ ਸੰਸਾਰ ਦੀ ਅਸਾਵੀਂ ਤੇ ਅਨੋਖੀ ਜੰਗ ਮੰਨੀ ਜਾਂਦੀ ਹੈ। ਇਸ ਜੰਗ ਦੀ ਪਿੱਠ ਭੂਮੀ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੋਂ ਸ਼ੁਰੂ ਹੁੰਦੀ ਹੈ। 1704 ਈਸਵੀ ’ਚ ਪਹਾੜੀ ਰਾਜਿਆਂ ਅਤੇ ਮੁਗਲਈ ਫੌਜਾਂ ਵਲੋਂ ਲਗਾਤਾਰ ਕਈ ਮਹੀਨੇ ਅਨੰਦਪੁਰ ਸਾਹਿਬ ਦੀ ਘੇਰਾਬੰਦੀ ਕੀਤੀ ਹੋਈ ਸੀ। ਕਈ ਹਮਲੇ ਹੋਏ ਅਤੇ ਖੂਨ ਦੀਆਂ ਹੋਲੀਆਂ ਖੇਡੀਆਂ ਗਈਆਂ। ਅਖੀਰ ਪਹਾੜੀ ਰਾਜਿਆਂ ਦੇ ਵਿਸ਼ਵਾਸ ਅਤੇ ਸਮੇਂ ਦੇ ਬਾਦਸ਼ਾਹ ਵਲੋਂ ਪੇਸ਼ ਭਰੋਸੇ ਕਿ ਜੇ ਗੁਰੂ ਸਾਹਿਬ ਅਨੰਦਪੁਰ ਛੱਡ ਜਾਣ ਤਾਂ ਉਨ੍ਹਾਂ ਉਤੇ ਹਮਲਾ ਨਹੀਂ ਕੀਤਾ ਜਾਵੇਗਾ। ਦਿੱਤੇ ਬਚਨਾਂ ਅਤੇ ਕੀਤੇ ਕਰਾਰਾਂ ਉਤੇ ਯਕੀਨ ਕਰਕੇ ਕਲਗੀਆਂ ਵਾਲੇ ਗੁਰਦੇਵ ਪਿਤਾ ਨੇ ਕਿਲ੍ਹਾ ਖਾਲੀ ਕਰ ਦਿੱਤਾ। ਗੁਰੂ ਸਾਹਿਬ ਦਾ ਕਾਫਲਾ ਅਜੇ ਕੀਰਤਪੁਰ ਹੀ ਪੁੱਜਾ ਸੀ ਕਿ ਵਿਸ਼ਵਾਸਘਾਤੀ ਦੁਸ਼ਮਣ ਨੇ ਸਭ ਸੌਹਾਂ-ਸੁਗੰਧਾਂ ਤੋੜ ਦਿੱਤੀਆਂ। ਕੀਤੇ ਕੌਲ ਕਰਾਰ ਭੁੱਲ ਕੇ ਹਮਲਾ ਕਰ ਦਿੱਤਾ। ਸਰਸਾ ਨਦੀ ਕੰਢੇ ਭਾਰੀ ਯੁੱਧ ਹੋਇਆ। ਇਸ ਹਮਲੇ ਨੇ ਗੁਰੂ ਪਰਿਵਾਰ ਵਿਚ ਵਿਛੋੜਾ ਪਾ ਦਿੱਤਾ। ਛੋਟੇ ਸਾਹਿਬਜ਼ਾਦੇ ਅਤੇ ਦਾਦੀ ਮਾਂ ਗੁਜਰੀ ਨੂੰ ਇਕ ਪਾਸੇ, ਖੇੜੀ ਵੱਲ ਗੰਗੂ ਨਾਲ ਜਾਣਾ ਪਿਆ। ਗੁਰੂ ਸਾਹਿਬ ਜੀ ਦੇ ਮਹਿਲ ਮਾਤਾ ਸੁੰਦਰ ਕੌਰ ਜੀ ਤੇ ਮਾਤਾ ਸਾਹਿਬ ਕੌਰ ਜੀ ਭਾਈ ਮਨੀ ਸਿੰਘ ਨਾਲ ਦਿੱਲੀ ਵਲ ਚਲੇ ਗਏ। ਗੁਰੂ ਗੋਬਿੰਦ ਸਿੰਘ ਜੀ ਅਤੇ ਵੱਡੇ ਸਾਹਿਬਜ਼ਾਦੇ ਕੁਝ ਸੂਰਮਿਆਂ ਨਾਲ ਚਮਕੌਰ ਵੱਲ ਨਿਕਲ ਗਏ। ਮੁਗਲ ਫੌਜਾਂ ਅਤੇ ਪਹਾੜੀ ਰਾਜੇ ਵੀ ਰਾਹ ਦੇ ਖੁਰੇ ਨਪਦੇ ਚਮਕੌਰ ਆ ਗਏ। ਸਿੰਘਾਂ ਨੂੰ ਕੱਚੀ ਗੜ੍ਹੀ ’ਚ ਭੁੱਖੇ ਢਿੱਡ, ਕੋਲ ਨਾ ਗੋਲਾ ਨਾ ਬਰੂਦ, ਦੁਸ਼ਮਣ ਦਾ ਮੁਕਾਬਲਾ ਬਸ ਤੇਗਾਂ, ਤਲਵਾਰਾਂ ਤੇ ਬਰਛਿਆਂ ਨਾਲ ਕਰਨਾ ਪੈਣਾ ਸੀ, ਪਰ ਇਕ ਬੁਲੰਦ ਹੌਂਸਲਾ, ਨੀਲੇ ਦਾ ਸ਼ਾਹ ਅਸਵਾਰ, ਬਾਜ਼ਾਂ ਵਾਲਾ ਸਤਿਗੁਰੂ ਨਾਲ ਸੀ, ਇਸ ਲਈ ਸਿੱਖਾਂ ਦੇ ਮਨ ’ਤੇ ਡਰ, ਭੈ ਦਾ ਨਾਮੋ ਨਿਸ਼ਾਨ ਨਹੀਂ ਸੀ। 7 ਪੋਹ ਦੀ ਠੰਢੀ ਰਾਤ ਪਿਛੋਂ 8 ਪੋਹ ਦੇ ਸੂਰਜ ਦੀ ਲਾਲੀ ਦੀ ਪੁਹ ਫੁੱਟੀ ਤਾਂ ਬਾਹਰ ਮੁਗਲ ਸੈਨਾ ਅੰਗੜਾਈਆਂ ਲੈ ਰਹੀ ਸੀ। ਗੜ੍ਹੀ ਦੇ ਅੰਦਰ ਸਿੰਘ ਰਣਤੱਤੇ ਜੂਝਣ ਦਾ ਚਾਅ ਲੈ ਕੇ ਚਾਈਂ-ਚਾਈਂ ਤਿਆਰੀਆਂ ਕੱਸ ਰਹੇ ਸਨ। ਸੰਸਾਰ ਦੀ ਪਹਿਲੀ ਅਸਾਵੀਂ ਤੇ ਬੇਜੋੜ ਜੰਗ ਦੀ ਤਿਆਰੀ ਹੋਣ ਲੱਗੀ। ਇਹ ਅਜੋੜ ਅਤੇ ਅਸਾਵਾਂਪਣ ਸੁੱਖਾ ਸਿੰਘ ਦੀ ਜ਼ੁਬਾਨੀ ਬਸ ਏਨਾ ਕੁ ਸੀ:
ਕਹਾ ਚਾਲਈਸੰ ਕਹਾ ਦਸ ਲੱਛੰ॥
ਮਚਿਯੋ ਜੰਗ ਏਤਾ ਸੁਨੋ ਮੱਤ ਸਵੱਛੰ॥
(ਗੁਰ ਬਿਲਾਸ, ਪਾ: 10, ਅਧਿਆਇ 21)
ਇਕ ਪਾਸੇ ਚਾਲੀ ਦੂਜੇ ਪਾਸੇ ਦਸ ਲੱਖ, ਪਾਤਸ਼ਾਹ ਨੇ ਪੰਜ-ਪੰਜ ਸਿੰਘਾਂ ਦੇ ਜਥੇ ਬਣਾ ਕੇ ਗੜ੍ਹੀ ਤੋਂ ਬਾਹਰ ਭੇਜਣੇ ਸ਼ੁਰੂ ਕਰ ਦਿੱਤੇ। ਭਿਆਨਕ ਯੁੱਧ ’ਚ ਸਿੰਘ ਸੂਰਮੇ ਆਹਮੋ ਸਾਹਮਣੇ ਹੋ ਕੇ ਲੜ ਰਹੇ ਸਨ, ਸਿੰਘਾਂ ਨੂੰ ਰਣ ਜੂਝਣ ਖੁਮਾਰੀ ਚੜ੍ਹੀ ਹੋਈ ਸੀ। ਇਸ ਜੰਗ ਦਾ ਵਰਣਨ ਕਵੀ ਸੈਨਾਪਤਿ ਇਸ ਤਰ੍ਹਾਂ ਕਰਦਾ ਹੈ:
ਦਉਰ ਦਉਰ ਫਉਜਨ ਮੈ ਪਰ ਹੀ। ਸਿੰਘ ਸਬੈ ਐਸੀ ਬਿਧਿ ਕਰ ਹੀ।
ਬਜੇ ਸਾਰ ਸੋ ਸਾਰ ਅਪਾਰਾ। ਝੜ ਝੜਾਕ ਬਾਜੈ ਝੁਨਕਾਰਾ॥ 23॥ 491॥
ਪੜ ਪੜਾਕ ਧਰਤੀ ਪਰ ਪਰ ਹੀ। ਜੂਝੇ ਸੂਰ ਬਹੁਤ ਤਹਿ ਮਰ ਹੀ।…
ਇਕ ਭਾਜੇ ਫਿਰਿ ਨਿਕਟਿ ਨ ਆਵੈ। ਇਕ ਸਨਮੁਖਿ ਹ੍ਵੋ ਜੁੱਧ ਮਚਾਵੈ।
ਲਰੈ ਸਿੰਘ ਇਹ ਭਾਂਤਿ ਅਪਾਰੇ। ਚੜ੍ਹੀ ਖੁਮਾਰ ਭਏ ਮਤਵਾਰੇ॥ 24॥ 493
ਸਿੰਘਾਂ ਨੂੰ ਜੂਝਦਿਆਂ ਦੇਖਕੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਦੇ ਡੌਲੇ ਫਰਕੇ। ਯੁੱਧ ਚਾਉ ਮਨ ਉਬਾਲੇ ਖਾ ਰਿਹਾ ਸੀ। ਪਿਤਾ ਦਸਮੇਸ਼ ਤੋਂ ਆਗਿਆ ਲੈ ਕੇ ਸਾਹਿਬਜ਼ਾਦਾ ਅਜੀਤ ਸਿੰਘ ਪੰਜ ਸਿੰਘਾਂ ਨਾਲ ਮੈਦਾਨੇ-ਜੰਗ ਵਿਚ ਕੁੱਦ ਪਏ, ਅਨੇਕਾਂ ਵੈਰੀਆਂ ਨੂੰ ਮੌਤ ਦੇ ਘਾਟ ਉਤਾਰਕੇ ਮੌਤ ਰਾਣੀ ਨੂੰ ਪਰਨਾ ਲਿਆ। ਲੜਾਈ ਦੇ ਦ੍ਰਿਸ਼ ਨੂੰ ਕਵੀ ਨੇ ਇਸ ਤਰ੍ਹਾਂ ਦਰਸਾਇਆ ਹੈ:
ਟੂਟ ਕੈ ਸਾਂਗ ਦੁਇ ਟੂਕ ਹੁਇ ਭੁਇ ਪਰੀ,
ਗਹੀ ਤਰਵਾਰ ਦਲ ਬਹੁਤ ਮਾਰੇ।
ਏਕ ਕੇ ਸੀਸ ਧਰਿ ਦੁਇ ਟੁਕਰੇ ਕਰੈ,
ਦੁਇ ਕੇ ਸੀਸ ਧਰਿ ਕਰਤ ਚਾਰੇ।
ਭਾਂਤਿ ਇਹ ਪੂਰ ਪਰਵਾਹ ਦੀਨੇ ਕਈ,
ਰਕਤ ਦਰੀਆਉ ਮੈ ਪਰੇ ਸਾਰੇ॥41॥509॥
(ਸ੍ਰੀ ਗੁਰੂ ਸੋਭਾ)
ਸਾਹਿਬਜ਼ਾਦਾ ਅਜੀਤ ਸਿੰਘ ਦੀ ਸ਼ਹਾਦਤ ਪਿਛੋਂ ਸਾਹਿਬਜ਼ਾਦਾ ਜੁਝਾਰ ਸਿੰਘ ਨੇ ਰਣਭੂਮੀ ਵਿਚ ਜਾਣ ਦੀ ਆਗਿਆ ਮੰਗੀ। ਨਿੱਕੀ ਜਿਹੀ ਜਿੰਦ, ਫੁੱਲਾਂ ਵਰਗਾ ਕੋਮਲ ਸਰੀਰ ਜੋ ਅਜੇ ਤੀਰਾਂ ਦੀ ਮਾਰ ਸਹਿਣ ਦੇ ਕਾਬਲ ਨਹੀਂ ਸੀ ਹੋਇਆ। ਪਿਤਾ ਦਸਮੇਸ਼ ਨੇ ਹੱਥੀਂ ਤਿਆਰ ਕਰਕੇ ਭਾਈ ਹਿੰਮਤ ਸਿੰਘ, ਭਾਈ ਨੰਦ ਸਿੰਘ ਅਤੇ ਭਾਈ ਆਲਮ ਸਿੰਘ ਆਦਿ ਸਿੰਘਾਂ ਨਾਲ ਮੈਦਾਨੇ ਜੰਗ ’ਚ ਜੌਹਰ ਦਿਖਾਉਣ ਲਈ ਤੋਰ ਦਿੱਤਾ। ਨਿੱਕੀ ਜਿੰਦ ਨੇ ਭਾਰੀ ਜੰਗ ਕਰਦਿਆਂ ਅਣਗਿਣਤ ਵੈਰੀਆਂ ਨੂੰ ਪਾਰ ਬੁਲਾਇਆ। ਗਿਆਨੀ ਗਿਆਨ ਸਿੰਘ ਨੇ ਬਾਬਾ ਜੁਝਾਰ ਸਿੰਘ ਦੀ ਸੂਰਬੀਰਤਾ ਨੂੰ ਇਸ ਤਰ੍ਹਾਂ ਵਰਣਨ ਕੀਤਾ ਹੈ:
ਭਾਰਥ ਸਮਾਨ ਮਹਾਂ ਭਾਰਥ ਪ੍ਰਚੰਡ ਮੰਡਯੋ,
ਖੰਡਪੋ ਦਲ ਦੁੱਜਨ ਕਾ ਛੰਡਪੋ ਕਾਰ ਜਾਰ ਹੈ।
ਕੇਤਿਨ ਕੇ ਮੂੰਡ ਬੱਖ ਸੱਥਲ ਕਟੇ ਹੈਂ ਮੱਥ,
ਹੱਥ ਤਲਫੱਤ ਜੈਸੇ  ਸਫਰੀ ਅਪਾਰ ਹੈਂ।
ਕੇਤਿਨ ਕੇ ਫਾਰਿ ਉਰ ਪਰੇ ਹੈਂ ਦੁਫਾਰ ਧਰੇ,
ਲੁੱਥ ਪੈ ਚਢਾਈ ਲੁੱਥ ਜੁੱਥ ਗੁੱਥ ਭਾਰ ਹੈ।
ਕਾਲੀ ਕੀ ਕਰਵਾਰ ਹੈ ਕਿ ਕਾਲ ਹੀ ਕੀ ਧਾਰ ਹੈ,
ਕਿ ਗਯਾਨ ਸਿੰਘ ਸਿੰਘ ਯੇ ਜੁਝਾਰ ਕੀ ਤ੍ਰਵਾਰ ਹੈ॥ 52॥           
(ਸ੍ਰੀ ਗੁਰ ਪੰਥ ਪ੍ਰਕਾਸ਼)
ਦੋਨੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਪਿਛੋਂ ਦਸਮੇਸ਼ ਪਿਤਾ ਨੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਦਿਆਂ ਕਿਹਾ ਕਿ ਧੰਨ ਭਾਗ ਹਨ ਮੇਰੇ, ਇਹ ਅੱਲ੍ਹਾ ਦੀ ਅਮਾਨਤ ਸਨ, ਉਸ ਨੂੰ ਸੌਂਪ ਕੇ ਮੈਂ ਮੈਦਾਨੇ ਜੰਗ ਤੋਂ ਸੁਰਖਰੂ ਹੋ ਕੇ ਜਾ ਰਿਹਾ ਹਾਂ। ਚਮਕੌਰ ਦੀ ਅਸਾਵੀਂ ਜੰਗ ਵਿਚ ਵੱਡੇ ਸਾਹਿਬਜ਼ਾਦਿਆਂ ਸਮੇਤ ਸ਼ਹੀਦ ਹੋਏ ਚਾਲੀ ਸਿੰਘਾਂ ਨੇ ਇਸ ਪਾਵਨ ਧਰਤੀ ਨੂੰ ਪਵਿੱਤਰ ਬਣਾ ਦਿੱਤਾ। ਇਹ ਧਰਤੀ ਇਕ ਤੀਰਥ ਅਸਥਾਨ ਬਣ ਗਈ ਜੋ ਸ਼ਹਾਦਤ ਦੇ ਇਤਿਹਾਸ ਦੀ ਸ਼ਾਹਦੀ ਭਰਦੀ ਹੈ। ਕਵੀ ਅੱਲ੍ਹਾ ਯਾਰ ਖਾਂ ਨੇ ਇਸ ਧਰਤੀ ਪ੍ਰਤੀ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਲਿਖਿਆ ਹੈ :
ਬੱਸ ਏਕ ਹਿੰਦ ਮੇਂ ਤੀਰਥ ਹੈ ਯਾਤਰਾ ਕੇ ਲਿਯੇ,
ਕਟਾਏ ਬਾਪ ਨੇ ਬੱਚੇ ਜਹਾਂ, ਖੁਦਾ ਕੇ ਲਿਯੇ।
ਚਮਕ ਹੈ ਮਿਹਰ ਕੀ ਚਮਕੌਰ! ਤੇਰੇ ਜ਼ੱਰੋਂ ਮੇਂ,
ਯਹੀਂ ਸੇ ਬਨ ਕੇ ਸਿਤਾਰੇ ਗਏ ਸੱਮਾ ਕੇ ਲਿਯੇ।
(ਗੰਜਿ ਸ਼ਹੀਦਾਂ)
ਸਾਕਾ ਚਮੌਕਰ, ਇਤਿਹਾਸ ਦੀ ਬੇਜੋੜ ਤੇ ਅਸਾਵੀਂ ਜੰਗ ਹੋਣ ਕਰਕੇ ਸਿੱਖ-ਪੰਥ ਦੀ ਗੌਰਵਮਈ ਤੇ ਸੂਰਬੀਰਤਾ ਦੀ ਅਨੋਖੀ ਦਾਸਤਾਨ ਹੈ। ਅਜੋਕੇ ਯੁੱਗ ਦੇ ਸਿੱਖ ਨੌਜੁਆਨਾਂ ਨੂੰ ਸਾਹਿਬਜ਼ਾਦਿਆਂ ਦੀ ਸੂਰਬੀਰਤਾ ਵਾਲੀ ਅਤੇ ਧਰਮ ਪ੍ਰਤੀ ਪਰਪੱਕਤਾ ਨੂੰ ਆਪਣੇ ਜੀਵਨ ਵਿਚ ਅਪਣਾਉਂਦਿਆਂ ਸਿੱਖੀ ਸਰੂਪ ਦੀ ਸੰਭਾਲਣਾ ਕਰਨ ਲਈ ਪ੍ਰੇਰਨਾ ਸਰੋਤ ਹੈ। ਸਾਕਾ ਚਮਕੌਰ ਸਾਡੀਆਂ ਯਾਦਾਂ ਦਾ ਹਿੱਸਾ ਬਣ ਕੇ ਸਾਨੂੰ ਆਪਣੇ ਪੁਰਖਿਆਂ ਦੀ ਸੂਰਬੀਰਤਾ ਦੀ ਦਾਸਤਾਨ ਨੂੰ ਮੁੜ-ਮੁੜ ਸੁਣਨ ਲਈ ਪ੍ਰੇਰਿਤ ਕਰਦਾ ਹੈ। ਇਸ ਯਾਦ ਦੇ ਸਾਲਾਨਾ ਅਵਸਰ ਉਤੇ ਚਮਕੌਰ ਦੇ ਸ਼ਹੀਦਾਂ ਪ੍ਰਤੀ ਸ਼ਰਧਾ ਭੇਟ ਕਰਦਿਆਂ, ਆਓ! ਆਪਣੇ ਸਿੱਖੀ ਸਰੂਪ ਦੀ ਸੰਭਾਲਣਾ ਕਰੀਏ, ਖੰਡੇ ਬਾਟੇ ਦੀ ਪਾਹੁਲ ਛੱਕ ਗੁਰਮਤਿ ਜੀਵਨ ਵਿਚ ਪ੍ਰਪੱਕ ਹੋਈਏ, ਇਹੀ ਮੇਰੀ ਦਿਲੀ ਰੀਝ ਅਤੇ ਲੋਚਾ ਹੈ।

WRITTEN BY