ਚੰਡੀਗੜ੍ਹ, 8 ਦਸੰਬਰ (ਪੀ. ਟੀ.)- ਪੰਜਾਬ ਦੇ ਵਿੱਤ ਵਿਭਾਗ ਨੇ ਸਾਰੇ ਵਿਭਾਗ ਮੁਖੀਆਂ, ਕਮਿਸ਼ਨਾਂ ਦੇ ਡਵੀਜ਼ਨਰਾਂ ਅਤੇ ਡਿਪਟੀ ਕਮਿਸ਼ਨਰਾਂ ਨੂੰ ਇਕ ਪੱਤਰ ਰਾਹੀਂ ਸਪੱਸ਼ਟ ਕੀਤਾ ਹੈ ਕਿ ਹਾਲ ਹੀ ਵਿਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਦਿੱਤੇ ਫੈਸਲੇ ਰਾਹੀਂ ਧੀਆਂ ਵੀ ਪਰਿਵਾਰਕ ਪੈਨਸ਼ਨ ਲੈਣ ਲਈ ਯੋਗ ਹਨ। ਇਸ ਸਬੰਧੀ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਜੇਕਰ ਕੋਈ ਧੀ, 25 ਸਾਲ ਦੀ ਉਮਰ ਤੱਕ ਚਾਹੇ ਉਸ ਦਾ ਵਿਆਹ ਹੀ ਕਿਉਂ ਨਾ ਹੋ ਗਿਆ ਹੋਵੇ ਅਤੇ ਜੇਕਰ ਉਹ 25 ਸਾਲ ਦੀ ਉਮਰ ਤੋਂ ਬਾਅਦ ਵੀ ਕੁਆਰੀ ਰਹਿੰਦੀ ਹੈ ਤਾਂ ਉਹ ਪਰਿਵਾਰਕ ਪੈਨਸ਼ਨ ਲੈਣ ਦੀ ਇਸ ਸ਼ਰਤ ਅਧੀਨ ਹੱਕਦਾਰ ਹੈ ਕਿ ਉਹ ਕਿਸੇ ਜ਼ਰੀਏ ਰੋਜ਼ੀ-ਰੋਟੀ ਨਾ ਕਮਾਉਂਦੀ ਹੋਵੇ। ਜੇਕਰ ਉਹ ਕਿਸੇ ਸਾਧਨ ਰਾਹੀਂ ਰੋਜ਼ੀ-ਰੋਟੀ ਕਮਾਉਂਦੀ ਹੈ ਤਾਂ ਉਸਦੀ ਪੈਨਸ਼ਨ ਬੰਦ ਕਰ ਦਿੱਤੀ ਜਾਵੇਗੀ। ਬੁਲਾਰੇ ਨੇ ਅੱਗੇ ਸਪੱਸ਼ਟ ਕੀਤਾ ਕਿ ਜੇਕਰ ਬੇਟੀ ਦੀ ਕਿਸੇ ਅਪੰਗਤਾ ਕਾਰਣ ਰੋਜ਼ੀ-ਰੋਟੀ ਬੰਦ ਹੋ ਗਈ ਹੈ ਤਾਂ ਉਹ 25
ਸਾਲ ਦੀ ਉਮਰ ਤੋਂ ਬਾਅਦ ਵੀ ਪਰਿਵਾਰਕ ਪੈਨਸ਼ਨ ਲੈਣ ਦੇ ਯੋਗ ਹੋਵੇਗੀ, ਭਾਵੇਂ ਕਿ ਉਹ ਵਿਆਹੀ ਹੋਈ ਕਿਉਂ ਨਾ ਹੋਵੇ। ਉਨ੍ਹਾਂ ਦੱਸਿਆ ਕਿ ਪਰਿਵਾਰਕ ਪੈਨਸ਼ਨ ਲੈਣ ਲਈ ਪੂਰੀਆਂ ਕਰਨਯੋਗ ਬਾਕੀ ਸ਼ਰਤਾਂ ਦੇ ਨਾਲ-ਨਾਲ ਉਪਰੋਕਤ ਨਿਯਮਾਂ ਨੂੰ ਪੂਰਾ ਕਰਨਾ ਵੀ ਜ਼ਰੂਰੀ ਹੈ। ਬੁਲਾਰੇ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਉਪਰੋਕਤ ਨਿਯਮਾਂ ਦੇ ਅਨੁਸਾਰ ਪੰਜਾਬ ਸਿਵਲ ਸੇਵਾਵਾਂ ਨਿਯਮ ਦੀਆਂ ਵਿਵਸਥਾਵਾਂ ਵਿਚ ਵੀ ਸੋਧ ਕਰ ਦਿੱਤੀ ਹੈ।



