ਮੁੱਖ ਮੰਤਰੀ ਵੱਲੋਂ 60ਵੀਂਆਂ ਕੌਮੀ ਸਕੂਲ ਖੇਡਾਂ ਦਾ ਉਦਘਾਟਨ
ਮਲੋਟ, 8 ਦਸੰਬਰ (ਲੱਖਾ ਸ਼ਰਮਾ)- ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਅੱਜ 60ਵੀਆਂ ਕੌਮੀ ਸਕੂਲ ਖੇਡਾਂ ਦੇ ਉਦਘਾਟਨ ਦੇ ਨਾਲ ਇਹ ਖੇਡਾਂ ਸ਼ੁਰੂ ਹੋ ਗਈਆਂ ਹਨ। 13 ਦਸੰਬਰ ਤੱਕ ਹੋਣ ਵਾਲੀਆਂ ਇਨ੍ਹਾਂ ਖੇਡਾਂ ਵਿੱਚ ਲੜਕੇ ਅਤੇ ਲੜਕੀਆਂ ਦੇ ਡੌਜ਼ਬਾਲ ਅੰਡਰ-19 ਅਤੇ ਕਬੱਡੀ ਨੈਸ਼ਨਲ ਸਟਾਈਲ ਅੰਡਰ-19 ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਇਨ੍ਹਾਂ ਖੇਡਾਂ ਵਿੱਚ ਵੱਖ-ਵੱਖ ਸੂਬਿਆਂ ਤੋਂ ਆਏ 1200 ਦੇ ਲਗਭਗ ਖਿਡਾਰੀ ਆਪਣੀ ਖੇਡ ਦਾ ਪ੍ਰਦਰਸ਼ਨ ਕਰਨਗੇ। ਮ੍ਯੁੱਖ ਮੰਤਰੀ ਵੱਲੋਂ ਸਕੂਲ ਗੇਮਜ਼ ਆਫ਼ ਇੰਡੀਆ ਦਾ ਝੰਡਾ ਲਹਿਰਾਉਣ ਅਤੇ ਰੰਗ ਬਿਰੰਗੇ ਗੁਬਾਰੇ ਛੱਡਣ ਦੇ ਨਾਲ ਇਨ੍ਹਾਂ ਖੇਡਾਂ ਦਾ ਦੂਜਾ ਪੜਾਅ ਆਰੰਭ ਹੋਇਆ। ਇਸ ਮੌਕੇ ਸ. ਬਾਦਲ ਨੇ 28 ਸੂਬਿਆਂ ਦੇ ਖਿਡਾਰੀਆਂ ਦੇ ਮਾਰਚ ਪਾਸਟ ਤੋਂ ਸਲਾਮੀ ਲਈ ਜਿਸ ਦੀ ਅਗਵਾਈ ਮਾਤਾ ਜਸਵੰਤ ਕੌਰ ਯਾਦਗਾਰੀ ਸਕੂਲ ਦੇ ਬੈਂਡ ਨੇ ਕੀਤੀ। ਇਸ ਮੌਕੇ ਬਾਸਕਟ ਬਲਾ ਦੀ ਖਿਡਾਰਨ ਲਕਸ਼ਦੀਪ ਕੌਰ ਨੇ ਖਿਡਾਰੀਆਂ ਨੂੰ ਨਿਯਮਾਂ ਦੇ ਅਨੁਸਾਰ ਖੇਡ
ਖੇਡਣ ਦੀ ਸਹੁੰ ਚੁਕਾਈ। ਇਸ ਮੌਕੇ ਇੱਕ ਪ੍ਰਭਾਵਸ਼ਾਲੀ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਮੌਕੇ ਆਪਣੇ ਸੰਬੋਧਨ ਵਿੱਚ ਸ. ਬਾਦਲ ਨੇ ਖਿਡਾਰੀਆਂ ਨੂੰ ਪੂਰੀ ਤਰ੍ਹਾਂ ਖੇਡ ਭਾਵਨਾ ਦੇ ਨਾਲ ਖੇਡਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਖੇਡਾਂ ਵਿੱਚ ਦੇਸ਼ ਦੇ ਚੋਣਵੇਂ ਬੱਚੇ ਹਿੱਸਾ ਲੈ ਰਹੇ ਹਨ ਜਿਨ੍ਹਾਂ ਨੇ ਬਾਅਦ ਵਿੱਚ ਦੇਸ਼ ਦੀਆਂ ਖੇਡਾਂ ਦੇ ਖੇਤਰ ਵਿੱਚ ਕਮਾਨ ਸੰਭਾਲਣੀ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਦੇ ਨਾਲ ਖੇਡਾਂ ਬਹੁਤ ਜ਼ਰੂਰੀ ਹਨ ਅਤੇ ਸਿਹਤਮੰਦ ਮਨੁੱਖ ਵੀ ਵਧੀਆ ਤਰੀਕੇ ਨਾਲ ਆਪਣੀ ਜ਼ਿੰਮੇਵਾਰੀ ਨਿਭਾਅ ਸਕਦਾ ਹੈ।
ਇਸ ਤੋਂ ਪਹਿਲਾਂ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਜਿੱਥੇ ਸਕੂਲੀ ਬੱਚਿਆਂ ਲਈ ਖੇਡਾਂ ਵਾਸਤੇ ਵਿਸ਼ੇਸ਼ ਉਪਰਾਲੇ ਕੀਤੇ ਹਨ, ਉਥੇ ਵੀ ਖੇਡਾਂ ਦਾ ਬੁਨਿਆਦੀ ਢਾਂਚਾ ਮਜ਼ਬੂਤ ਕਰਨ ਲਈ ਵੱਡੇ ਪ੍ਰਾਜੈਕਟ ਆਰੰਭੇ ਹਨ। ਸਕੂਲੀ ਪੱਧਰ ਤੋਂ ਬੱਚਿਆਂ ਨੂੰ ਖੇਡਾਂ ਲਈ ਉਤਸ਼ਾਹਿਤ ਕਰਨ ਲਈ ਸੂਬਾ ਸਰਕਾਰ ਨੇ ਬੀਤੇ ਵਰ੍ਹੇ ਵਿਸ਼ੇਸ਼ ਨੀਤੀ ਤਿਆਰ ਕੀਤੀ ਜਿਸ ਤਹਿਤ ਕਿਸੇ ਵੀ ਖੇਡ ਵਿੱਚ ਸੂਬਾਈ ਅਤੇ ਰਾਸ਼ਟਰੀ ਪੱਧਰ ’ਤੇ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਖਿਡਾਰੀ ਨੂੰ ਬੋਰਡ ਪ੍ਰੀਖਿਆ ਵਿੱਚ 25 ਅੰਕ ਅਤੇ ਦੂਸਰੇ ਸਥਾਨ ਵਾਲੇ ਨੂੰ 15 ਅੰਕ ਦੇਣ ਦਾ ਕਾਰਜ ਸ਼ੁਰੂ ਕੀਤਾ ਗਿਆ। ਪੰਜਾਬ ਸਰਕਾਰ ਦੇ ਯਤਨਾਂ ਦੇ ਸਦਕੇ ਕਬੱਡੀ ਨੂੰ ਅੱਜ ਕੌਮਾਂਤਰੀ ਪਛਾਣ ਮਿਲੀ ਹੈ ਅਤੇ ਇਸ ਵੇਲੇ ਪੰਜਾਬ ਵਿੱਚ ਪੰਜਵਾਂ ਵਿਸ਼ਵ ਕਬੱਡੀ ਕੱਪ ਚੱਲ ਰਿਹਾ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਨੂੰ ਝੋਨੇ ਦੀ ਅਦਾਇਗੀ ਜਲਦ ਹੋ ਜਾਵੇਗੀ। ਉਨ੍ਹਾਂ ਨੇ ਇਕ ਹੋਰ ਸਵਾਲ ਦੇ ਜਵਾਬ ਵਿਚ ਕਿਹਾ ਕਿ ਖੇਡਾਂ ਅਤੇ ਝੋਨੇ ਦੀ ਅਦਾਇਗੀ ਦੋ ਵੱਖ ਵੱਖ ਵਿਸ਼ੇ ਹਨ ਅਤੇ ਇਨ੍ਹਾਂ ਨੂੰ ਰਲਗੱਡ ਕਰਨਾ ਉਚਿਤ ਨਹੀਂ ਹੋਵੇਗਾ। ਇਸ ਮੌਕੇ ਮਲੋਟ ਦੇ ਵਿਧਾਇਕ ਸ: ਹਰਪ੍ਰੀਤ ਸਿੰਘ, ਪ੍ਰਮੁੱਖ ਸਕੱਤਰ ਸਕੂਲ ਸਿੱਖਿਆ ਸ੍ਰੀ ਸੀ. ਰਾਊਲ, ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨ ਸ੍ਰੀ ਜਸਕਰਨ ਸਿੰਘ, ਸ੍ਰੀ ਤੇਜਿੰਦਰ ਸਿੰਘ ਮਿੱਡੂਖੇੜਾ ਚੇਅਰਮੈਨ, ਡੀ. ਪੀ. ਆਈ. ਸੈਕੰਡਰੀ ਸ੍ਰੀ ਕਮਲ ਗਰਗ, ਪਿੰ੍ਰਸੀਪਲ ਐਸ.ਐਸ. ਸੰਘਾ, ਪਿੰ੍ਰਸੀਪਲ ਸ੍ਰੀ ਅਨੰਦ ਸਵਰੂਪ, ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਦਵਿੰਦਰ ਰਜੌਰੀਆ ਆਦਿ ਹਾਜ਼ਰ ਸਨ।



