Skip to content
Independent perspectives. Global stories.
BREAKING

ਮਹਿੰਗੇ ਸ਼ੌਂਕਾਂ ਨੇ ਪੱਟ ਤੇ ਅਜੋਕੇ ਪੰਜਾਬੀ

Share this story

ਸੁਖਰਾਜ ਚਹਿਲ ਧਨੌਲਾ
ਸੰਪਰਕ : 97810-48055
ਦੁਨੀਆਂ ਭਰ ਅੰਦਰ ਮਸ਼ਹੂਰ ਪੰਜ ਦਰਿਆਵਾਂ ਵਾਲਾ ਪੰਜਾਬ ਹੁਣ ਉਹ ਪੰਜਾਬ ਨਹੀਂ ਰਿਹਾ, ਜੋ ਪੁਰਾਣੇ ਸਮਿਆਂ ਵਿਚ ਪੰਜਾਬ ਸੀ। ਉਸ ਵਕਤ ਇਸੇ ਪੰਜਾਬ ਵਿਚ ਜੋ ਕੁੱਝ ਦੇਖਣ ਨੂੰ ਮਿਲਦਾ ਸੀ। ਹੁਣ ਉਹ ਸਭ ਕੁੱਝ ਗਾਇਬ ਹੁੰਦਾ ਨਜ਼ਰ ਆ ਰਿਹਾ ਹੈ। ਉਸ ਸਮੇਂ ਇਹ ਪੰਜਾਬ ਸ਼ੈਲ-ਛਬੀਲੇ ਗੱਭਰੂਆਂ ਵਾਲਾ ਅਤੇ ਸੱਭਿਆਚਾਰਕ ਵਸਤੂਆਂ ਨਾਲ ਭਰਪੂਰ ਸੀ। ਪਰ ਹੁਣ ਸਮੇਂ ਦਾ ਬਦਲਾਅ ਕਹਿ ਲਈਏ ਜਾਂ ਸਾਡੀ ਬਦਕਿਸਮਤੀ! ਹੁਣ ਤਾਂ ਉਹਨਾਂ ਸਮਿਆਂ ਨੂੰ ਸਿਰਫ਼ ਯਾਦ ਕਰਨ ਜੋਗੇ ਹੀ ਰਹਿ ਗਏ ਹਾਂ ਕਿਉਂਕਿ ਜਿਸ ਪੰਜਾਬ ਨੂੰ ਸ਼ਾਂਤੀ ਅਤੇ ਖੁਸ਼ਹਾਲੀ ਦਾ ਪ੍ਰਤੀਕ ਕਿਹਾ ਜਾਂਦਾ ਸੀ ਹੁਣ ਉਸ ਪੰਜਾਬ ਨੂੰ ਗੰਭੀਰ ਸਮੱਸਿਆਵਾਂ ਅਤੇ ਲੁੱਟਾਂ-ਖੋਹਾਂ, ਚੋਰੀਆਂ ਵਰਗੀਆਂ ਭੈੜੀਆਂ ਅਲਾਮਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਇਕ ਹੋਰ ਅਜਿਹਾ ਕਾਰਨ ਹੈ ਜਿਸਨੇ ਪੰਜਾਬ ਨੂੰ ਬਿਲਕੁਲ ਬਰਬਾਦੀ ਦੇ ਕੰਢੇ ’ਤੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ। ਇਹ ਕਾਰਨ ਹੈ ਨਸ਼ਿਆਂ ਦਾ ਵਧ ਰਿਹਾ ਰੁਝਾਨ। ਜੋ ਪੰਜਾਬ ਸੋਹਣੇ ਅਤੇ ਅਣਖੀਲੇ ਗੱਭਰੂਆਂ ਕਰਕੇ ਪੂਰੀ ਦੁਨੀਆਂ ਅੰਦਰ ਨਾਮਣਾ ਖੱਟ ਰਿਹਾ ਸੀ, ਅੱਜ ਉਹ ਪੰਜਾਬ ਨਸ਼ੇੜੀ ਗੱਭਰੂਆਂ ਕਰਕੇ ਆਪਣੀ ਵੱਖਰੀ ਪਹਿਚਾਣ ਬਣਾ ਚੁੱਕਾ ਹੈ। ਜਿਸ ਕਰਕੇ ਪਾਣੀ ਦੇ ਪੰਜ ਦਰਿਆਵਾਂ ਵਜੋਂ ਵੱਖਰੀ ਪਹਿਚਾਣ ਬਣਾਉਣ ਵਾਲਾ ਪੰਜਾਬ ਹੁਣ ਨਸ਼ਿਆਂ ਦੇ ਵਗ ਰਹੇ ਛੇਵੇਂ ਦਰਿਆ ਕਾਰਨ ਜਿਆਦਾ ਪ੍ਰਚਾਲਿਤ ਹੈ। ਅਸਲ ਵਿਚ ਜੋ ਕੁੱਝ ਹੁਣ ਪੰਜਾਬ ਵਿਚ ਵਾਪਰ ਰਿਹਾ ਹੈ। ਉਹ ਦੇ ਪੰਜਾਬ ਦੇ ਸ਼ੁਭ ਦਿਨਾਂ ਦਾ ਸੂਚਕ ਨਹੀਂ ਹੈ। ਨਸ਼ਿਆਂ ਵਰਗੀਆਂ ਭੈੜੀਆਂ ਅਲਾਮਤਾਂ ਨੇ ਪੰਜਾਬ ਨੂੰ ਖੋਖਲਾ ਕਰ ਦਿੱਤਾ ਹੈ। ਪਰ ਜਿਸ ਮੰਦਭਾਗੇ ਸਮੇਂ ਦਾ ਪੰਜਾਬ ਸ਼ਿਕਾਰ ਹੋ ਰਿਹਾ ਹੈ ਇਸ ਬਾਰੇ ਸਾਡੇ ਹੁਕਮਰਾਨਾਂ ਨੂੰ ਤਾਂ ਬਿਲਕੁਲ ਪ੍ਰਵਾਹ ਨਹੀਂ ਹੈ। ਸਗੋਂ ਇਹ ਤਾਂ ਆਪਣੀ ਸਿਆਸਤ ਕਾਇਮ ਤੱਕ ਸੀਮਤ ਹੋ ਚੁੱਕੇ ਹਨ ਅਤੇ ਵੋਟਾਂ ਦੇ ਚੱਕਰ ਵਿਚ ਬੁਰੇ ਹਾਲਾਤਾਂ ਨਾਲ ਜੂਝ ਰਹੇ ਪੰਜਾਬ ਨੂੰ ਛੱਡ ਕੇ ਹੋਰ ਗੁਆਂਢੀ ਸੂਬਿਆਂ ਵਿਚ ਵੋਟਾਂ ਹਾਸ਼ਿਲ ਕਰਨ ਵਿਚ ਰੁੱਝੇ ਰਹਿੰਦੇ ਹਨ। ਜਦਕਿ ਆਪਣਾ ਸੂਬਾ

ਗੰਭੀਰ ਸਮੱਸਿਆਵਾਂ ਦਾ ਸ਼ਿਕਾਰ ਹੋ ਰਿਹਾ ਹੈ। ਪਰ ਦੂਜੇ ਸੂਬਿਆਂ ਵਿਚ ਜਾ ਕੇ ਇਸਨੂੰ ਖੁਸ਼ਹਾਲੀ ਦਾ ਪ੍ਰਤੀਕ ਦੱਸ ਕੇ ਇਸ ਦੀਆਂ ਬੇਮਿਸਾਲ ਉਦਾਹਰਣਾਂ ਦਿੱਤੀਆਂ ਜਾਂਦੀਆਂ ਹਨ। ਅਸਲੀਅਤ ਵਿਚ ਸਰਕਾਰਾਂ ਤਾਂ ਆਪਣੀ ਸਿਆਸਤ ਕਾਇਮ ਕਰਕੇ ਰਾਜ ਭਾਗ ਦੀ ਗੱਦੀ ਦਾ ਵਾਰੋ-ਵਾਰੀ ਆਨੰਦ ਮਾਣ ਕੇ ਚਲਦੀਆਂ ਬਣਦੀਆਂ ਹਨ। ਪਰ ਸੂਬੇ ਵਿਚਲੇ ਲੋਕਾਂ ਦੀਆਂ ਸਮੱਸਿਆਵਾਂ ਉਠ ਦੇ ਬੁੱਲ ਵਾਂਗ ਉਥੇ ਦੀਆਂ ਉਥੇ ਹੀ ਰਹਿੰਦੀਆਂ ਹਨ।
ਜੇਕਰ ਹੁਣ ਪੰਜਾਬ ਦੇ ਅਜੋਕੇ ਪੰਜਾਬੀਆਂ ਦੀ ਗੱਲ ਕਰੀਏ ਤਾਂ ਇਹਨਾਂ ਦੀ ਵੀ ਉਹ ਗੱਲ ਨਹੀਂ ਰਹੀ ਜੋ ਪਹਿਲਾਂ ਵਾਲੇ ਪੰਜਾਬੀਆਂ ਦੀ ਹੁੰਦੀ ਸੀ। ਹੁਣ ਦੇ ਪੰਜਾਬੀ ਆਪਣੇ ਆਪ ਨੂੰ ਸਮੇਂ ਦੀ ਬਦਲਦੀ ਤੇਜ਼ ਰਫ਼ਤਾਰ ਨਾਲ ਤੁਲਨਾ ਕਰਕੇ ਆਪਣੇ ਆਪ ਨੂੰ ਵੱਡੇ ਅਖਵਾਉਣ ਲਈ ਪਤਾ ਨਹੀਂ ਕੀ-ਕੀ ਵਿੰਗੇ ਟੇਢੇ ਕੰਮ ਕਰੀ ਜਾ ਰਹੇ ਹਨ। ਜੋ ਪੁਰਾਣੇ ਬਜ਼ੁਰਗਾਂ ਦੀਆਂ ਚੰਗੀਆਂ ਅਤੇ ਸੇਧ ਦੇਣ ਵਾਲੀਆਂ ਗੱਲਾਂ ਹੁੰਦੀਆਂ ਸਨ ਉਹਨਾਂ ਨੂੰ ਨਜ਼ਰ ਅੰਦਾਜ ਕਰਕੇ ਅਜੋਕੇ ਪੰਜਾਬੀ ਆਪਣੀ ਮਰਜੀ ਜਿਆਦਾ ਕਰਦੇ ਹਨ। ਜਿਹੜੀਆਂ ਗੱਲਾਂ ਅਜੋਕੇ ਪੰਜਾਬੀਆਂ ਵਿਚ ਦੇਖਣ ਨੂੰ ਮਿਲ ਰਹੀਆਂ ਹਨ ਉਹਨਾਂ ਦਾ ਤੇ ਪੁਰਾਣੇ ਬਜ਼ੁਰਗਾਂ ਦੀਆਂ ਗੱਲਾਂ ਵਿਚ ਜਮੀਨ ਅਸਮਾਨ ਦਾ ਅੰਤਰ ਆ ਚੁੱਕਾ ਹੈ। ਹੁਣ ਦੇ ਲੋਕਾਂ ਵੱਲੋਂ ਜਿਆਦਾਤਰ ਘਰ ਦੇ ਮਨੁੱਖੀ ਸਰੀਰ ਨੂੰ ਤਾਕਤ ਦੇਣ ਵਾਲੇ ਭੋਜਨ ਛੱਡ ਕੇ ਘਰ ਤੋਂ ਬਾਹਰਲੇ ਹੋਟਲਾਂ ਆਦਿ ਵਿਚ ਜਾ ਕੇ ਮਹਿੰਗੇ ਭੋਜਨ ਪਰੋਸੇ ਜਾਂਦੇ ਹਨ, ਇਸ ਤਰ੍ਹਾਂ ਦੇ ਭੋਜਨ ਲੋਕਾਂ ਨੂੰ ਬਿਮਾਰੀਆਂ ਦੇ ਸ਼ਿਕਾਰ ਬਣਾ ਦਿੰਦੇ ਹਨ ਪਰ ਜੋ ਆਮ ਘਰਾਂ ਦੇ ਭੋਜਨ ਹੁੰਦੇ ਹਨ ਉਹ ਮਨੁੱਖੀ ਸਰੀਰ ਨੂੰ ਬਿਮਾਰੀਆਂ ਤੋਂ ਬਚਾਉਂਦੇ ਹਨ। ਅੱਜ ਕੱਲ੍ਹ ਲੋਕਾਂ ਵਿਚ ਮਹਿੰਗੇ ਮੋਬਾਇਲ ਰੱਖਣ ਦਾ ਵੀ ਸ਼ੌਂਕ ਵੱਡੀ ਪੱਧਰ ਤੇ ਪਾਇਆ ਜਾ ਰਿਹਾ ਹੈ ਇਹ ਮੋਬਾਇਲ ਤਾਂ ਹੁਣ ਹਰ ਇਨਸਾਨ ਕੋਲ ਮੌਜੂਦ ਹੈ। ਇੰਟਰਨੈਟ ਆਦਿ ਵਰਗੇ ਸਿਸਟਮਾਂ ਵਾਲੇ ਮੋਬਾਇਲ ਖਰੀਦਣ ਵਿਚ ਲੋਕਾਂ ਵੱਲੋਂ ਸਭ ਤੋਂ ਵੱਧ ਦਿਲਚਸਪੀ ਦਿਖਾਈ ਜਾ ਰਹੀ ਹੈ। ਨਵੀਂ ਪੀੜ੍ਹੀ ਵਿਚ ਤਾਂ ਮਹਿੰਗੇ ਬ੍ਰਾਂਡਡ ਕੱਪੜੇ ਪਾਉਣ ਦਾ ਵੀ ਸ਼ੌਂਕ ਵੀ ਬਹੁਤ ਹੈ ਜਦਕਿ ਕਿਸੇ ਸਮੇਂ ਲੋਕ ਪੰਜਾਬੀ ਪਹਿਰਾਵੇ ਵਾਲੇ ਕੁੜਤੇ ਚਾਦਰੇ ਅਤੇ ਕੁੜਤੇ ਪਜਾਮੇ ਪਾਉਂਦੇ ਹੁੰਦੇ ਸੀ ਜਿਸ ਕਰਕੇ ਉਦੋਂ ਕੱਪੜਿਆਂ ਤੇ ਫ਼ਜੂਲ ਖਰਚ ਨਹੀਂ ਹੁੰਦਾ ਸੀ ਪਰ ਹੁਣ ਅਜਿਹੇ ਕੱਪੜਿਆਂ ਨੂੰ ਦੇਸੀ ਪਹਿਰਾਵਾ ਕਹਿ ਕੇ ਨਕਾਰਿਆ ਜਾਂਦਿਆਂ ਹੈ। ਵੈਸੇ ਇਕ ਗੱਲ ਸਭ ਤੋਂ ਮਹੱਤਵਪੂਰਨ ਜ਼ਰੂਰ ਹੈ ਕਿ ਅਜੋਕੇ ਪੰਜਾਬੀ ਕਿਰਤ ਨਾਲੋਂ ਜਿਆਦਾਤਰ ਟੁੱਟੇ ਹੋਏ ਹਨ ਕੰਮ ਕਰਨ ਨੂੰ ਜਿਆਦਾ ਤਰਜੀਂਹ ਨਹੀਂ ਦੇ ਰਹੇ ਹਨ। ਪਰ ਖਰਚਾ ਖੁੱਲ੍ਹਾ ਕਰਨ ਬਾਰੇ ਜ਼ਰੂਰ ਸੋਚਦੇ ਹਨ। ਅਜਿਹਾ ਨਹੀਂ ਸੋਚਦੇ ਕਿ ਜਦੋਂ ਕੋਈ ਕੰਮ ਨਹੀਂ ਕਰਾਂਗੇ ਤਾਂ ਪੈਸੇ ਵੀ ਖਰਚ ਕਰਨ ਲਈ ਕਿੱਥੋਂ ਆਉਂਣਗੇ? ਅਸਲ ਵਿਚ ਜੋ ਅੱਜ ਦੀ ਮਨੁੱਖਤਾ ਹੈ ਇਹ ਸਧਾਰਣ ਜ਼ਿੰਦਗੀ ਜਿਉਣ ਤੋਂ ਕੋਹਾਂ ਦੂਰ ਹੋਈ ਪਈ ਜਾਪਦੀ ਹੈ। ਨਿੱਤ ਨਵੇਂ ਰੰਗਾਂ-ਢੰਗਾਂ ਅਨੁਸਾਰ ਹੀ ਜ਼ਿੰਦਗੀ ਬਿਤਾਉਣ ਬਾਰੇ ਸੋਚਦੇ ਹਨ, ਜਦਕਿ ਸਧਾਰਣ ਜ਼ਿੰਦਗੀ ਹੀ ਮਨੁੱਖ ਨੂੰ ਸਹੀ ਮੰਜ਼ਿਲ ’ਤੇ ਪਹੁੰਚਾ ਸਕਦੀ ਹੈ ਅਤੇ ਦਿਲ ਨੂੰ ਸਕੂਨ ਦਿਵਾ ਸਕਦੀ ਹੈ। ਇਸ ਤੋਂ ਇਲਾਵਾ ਇਨ੍ਹਾਂ ਪੰਜਾਬੀਆਂ ਵਿਚ ਆਪਸੀ ਭਾਈਚਾਰਕ ਸਾਂਝ ਵੀ ਖ਼ਤਮ ਹੋ ਰਹੀ ਹੈ ਜਿਸ ਕਰਕੇ ਹੁਣ ਸਾਂਝੇ ਟੱਬਰ, ਸਾਂਝੀ ਖੇਤੀ ਅਤੇ ਹੋਰ ਸਾਂਝੇ ਪ੍ਰੋਜੈਕਟ ਚਲਦੇ ਦਿਖਾਈ ਨਹੀਂ ਦਿੰਦੇ ਹਨ।
ਹੁਣ ਦੇ ਪੰਜਾਬੀ ਤਾਂ ਕੁੱਝ ਨਸ਼ਿਆਂ ਨੇ ਪੱਟ ਦਿੱਤੇ ਹਨ ਅਤੇ ਕੁੱਝ ਮਹਿੰਗੇ ਸ਼ੌਂਕਾਂ ਨੇ। ਮਹਿੰਗੇ ਸ਼ੌਂਕਾਂ ਵਾਲੀ ਗੱਲ ਕੁੱਝ ਹੱਦ ਤੱਕ ਸਾਡੇ ਪੰਜਾਬੀ ਖੁਦ ਕਬੂਲ ਵੀ ਕਰਦੇ ਹਨ ਜਿਸ ਕਰਕੇ ਉਹ ਆਪਣੇ ਵਾਹਨਾਂ/ਵਹੀਕਲਾਂ ’ਤੇ ਲਿਖਾਵਾਉਂਦੇ ਹਨ ਕਿ ‘ਅਸੀਂ ਨੀ ਮਾੜੇ ਸਾਡੇ ਸ਼ੌਂਕ ਮਾੜੇ ਨੇ’। ਪੰਜਾਬੀਆਂ ਦੇ ਮਹਿੰਗੇ ਸ਼ੌਂਕਾਂ ਦਾ ਸਬੂਤ ਇਨ੍ਹਾਂ ਸ਼ਬਦਾਂ ਤੋਂ ਸਹਿਜੇ ਹੀ ਮਿਲ ਰਿਹਾ ਹੈ। ਅੱਜ ਜਿੱਧਰ ਮਰਜੀ ਨਜਰ ਮਾਰ ਲਉ ਤਕਰੀਬਨ ਹਰੇਕ ਇਨਸਾਨ ਮੋਟਰਸਾਈਕਲ ਆਸਾਨੀ ਨਾਲ ਨਜ਼ਰ ਆ ਜਾਵੇਗਾ। ਸਾਈਕਲ ਵਰਗੇ ਪੁਰਾਣੇ ਸਾਧਨਾਂ ਵਾਲੇ ਤਾਂ ਹੁਣ ਟਾਂਵੇ-ਟਾਂਵੇ ਹੀ ਮਿਲਦੇ ਹਨ ਕਿਉਂਕਿ ਅਜੋਕੇ ਪੰਜਾਬੀ ਸਾਈਕਲ ਵਰਗੇ ਸਾਧਨਾਂ ਨੂੰ ਪੁਰਾਣੇ ਜਮਾਨੇ ਵਾਲੇ ਸਾਧਨ ਪੁਕਾਰਦੇ ਹਨ ਅਤੇ ਅਜਿਹੇ ਸਾਧਨਾਂ ਚਲਾਉਣਾ ਤਾਂ ਆਪਣੇ ਆਪ ਲਈ ਸ਼ਰਮ ਜਿਹੀ ਮਹਿਸੂਸ ਕਰਦੇ ਹਨ। ਜਿਸ ਕਰਕੇ ਮੋਟਰਸਾਈਕਲਾਂ ਵਰਗੇ ਸਾਧਨਾਂ ਵਿਚ ਅਥਾਹ ਵਾਧਾ ਹੋ ਚੁੱਕਿਆ। ਬਹੁਤੇ ਤਾਂ ਮੋਟਰਸਾਈਕਲਾਂ ਤੋਂ ਵੀ ਉਪਰ ਉਠ ਚੁੱਕੇ ਹਨ, ਉਹ ਕਾਰਾਂ ਅਤੇ ਵੱਡੀਆਂ-ਵੱਡੀਆਂ ਗੱਡੀਆਂ ਤੱਕ ਪਹੁੰਚ ਗਏ ਹਨ ਅਤੇ ਸਾਰਾ-ਸਾਰਾ ਦਿਨ ਇਨ੍ਹਾਂ ਵਿਚੋਂ ਪੈਰ ਥੱਲੇ ਨਹੀਂ ਲਾਉਂਦੇ। ਪਹਿਲੀ ਗੱਲ ਤਾਂ ਇਹ ਪੈਸੇ ਦੀ ਬਰਬਾਦੀ ਦਾ ਕਾਰਨ ਬਣਦੇ ਹਨ ਕਿਉਂਕਿ ਰੋਜ਼ਾਨਾਂ ਅਨੇਕਾਂ ਰੁਪਏ ਦਾ ਤੇਲ ਅਜਾਈਂ ਹੀ ਫੂਕਿਆ ਜਾਂਦਾ ਹੈ। ਫਿਰ ਨਿੱਤ ਨਵੇਂ ਸਾਧਨ ਲੈਣ ਲਈ ਬਹੁਤ ਰੁਪਏ ਖਰਚ ਕੀਤੇ ਜਾਂਦੇ ਹਨ। ਬੇਸ਼ੱਕ ਇਹ ਵੀ ਮੰਨ ਸਕਦੇ ਹਾਂ, ਕਿ ਬਹੁਤੇ ਲੋਕਾਂ ਕੋਲ ਵਾਧੂ ਰੁਪਏ ਹਨ। ਪਰ ਫਿਰ ਵੀ ਬੇਲੋੜਾ ਖਰਚ ਕਰਨਾ ਦਾ ਕੀ ਫ਼ਾਇਦਾ? ਦੂਸਰੀ ਗੱਲ ਵਹੀਕਲਾਂ ਦੀ ਜਿਆਦਾ ਵਰਤੋਂ ਮਨੁੱਖੀ ਸਰੀਰ ਲਈ ਘਾਤਕ ਵੀ ਸਿੱਧ ਹੁੰਦੀ ਹੈ ਕਿਉਂਕਿ ਵਹੀਕਲਾਂ ’ਤੇ ਆਉਣ ਜਾਣ ਨਾਲ ਸਰੀਰ ਦੀ ਕਸਰਤ ਨਹੀਂ ਹੁੰਦੀ ਜਿਸ ਕਰਕੇ ਅੱਜ ਦੇ ਮਨੁੱਖ ਦਾ ਸਰੀਰ ਬਿਮਾਰੀਆਂ ਦੀ ਸ਼ਿਕਾਰ ਹੋ ਰਿਹਾ ਹੈ। ਇਸ ਤੋਂ ਅੱਗੇ ਵਹੀਕਲਾਂ ਦੀ ਦਿਨੋਂ-ਦਿਨ ਵਧਦੀ ਗਿਣਤੀ ਭਿਆਨਕ ਸੜ੍ਹਕ ਹਾਦਸਿਆਂ ਦਾ ਵੀ ਕਾਰਨ ਬਣ ਰਹੇ ਹਨ। ਇਸ ਦੇ ਗਵਾਹ ਹਨ ਰੋਜ਼ਾਨਾਂ ਵਾਂਗ ਵਾਪਰਦੇ ਸੜਕ ਹਾਦਸੇ, ਇਨ੍ਹਾਂ ਹਾਦਸਿਆਂ ਵਿਚ ਕੀਮਤੀ ਮਨੁੱਖੀ ਜਾਨਾਂ ਵੀ ਜਾ ਰਹੀਆਂ ਹਨ। ਇਸ ਤੋਂ ਅੱਗੇ ਇਸ ਤਰ੍ਹਾਂ ਵਹੀਕਲਾਂ ਕਾਰਨ ਸਾਡਾ ਵਾਤਾਵਰਣ ਵੀ ਗੰਧਲਾ ਹੋ ਰਿਹਾ ਹੈ, ਕਿਉਂਕਿ ਵਹੀਕਨਾਂ ਦੀ ਸੰਖਿਆ ਵਧਣ ਕਾਰਨ ਪ੍ਰਦੂਸ਼ਣ ਵਿਚ ਦਿਨੋਂ-ਦਿਨ ਵਾਧਾ ਹੋ ਰਿਹਾ ਹੈ। ਜਿਸ ਕਰਕੇ ਬਿਮਾਰੀਆਂ ਵਧ ਰਹੀਆਂ ਹਨ। ਕਿਉਂਕਿ ਇਸ ਤਰ੍ਹਾਂ ਵਧਦੇ ਪ੍ਰਦੂਸ਼ਣ ਦੇ ਮੁਕਾਬਲੇ ਦਰੱਖਤਾਂ ਦਾ ਦਿਨੋਂ-ਦਿਨ ਵੱਡੀ ਪੱਧਰ ’ਤੇ ਉਜਾੜਾ ਹੋ ਰਿਹਾ ਹੈ।
ਮਹਿੰਗੇ ਵਹੀਕਲਾਂ/ਵਾਹਨਾਂ ਤੋਂ ਬਾਅਦ ਗੱਲ ਕਰਦੇ ਹਾਂ ਮਹਿੰਗੀਆਂ ਕੋਠੀਆਂ ਅਤੇ ਉਸ ਵਿਚ ਨਵੇਂ-ਨਵੇਂ ਢੰਗਾਂ ਦੇ ਪ੍ਰਬੰਧ ਕਰਨ ਦੀ। ਅੱਜ ਕੱਲ੍ਹ ਲੋਕਾਂ ਸਿਰ ਨਵੇਂ-ਨਵੇਂ ਢੰਗਾਂ ਅਨੁਸਾਰ ਮਹਿਲ ਉਸਾਰਨ ਦਾ ਭੂਤ ਸਵਾਰ ਹੋਇਆ ਪਿਆ ਹੈ। ਤਕਰੀਬਨ ਹਰੇਕ ਇਨਸਾਨ ਦੀ ਦਿਲੀ ਇੱਛਾ ਜ਼ਰੂਰ ਹੈ, ਕਿ ਉਹ ਵੀ ਵਧੀਆ ਤਰੀਕੇ ਅਨੁਸਾਰ ਕੋਠੀ ਪਾਵੇ ਅਤੇ ਉਸ ਵਿਚ ਰਿਹਾਇਸ਼ ਕੀਤੀ ਜਾਵੇ। ਅਸਲ ਵਿਚ ਪਹਿਲਾਂ ਜੋ ਘਰ ਬਣਦੇ ਸਨ ਉਹ ਆਮ ਤਰ੍ਹਾਂ ਦੇ ਬਣਾਏ ਜਾਂਦੇ ਸਨ ਪਰ ਹੁਣ ਅਜਿਹਾ ਨਹੀਂ ਹੈ ਹੁਣ ਤਾਂ ਵੱਡੇ-ਵੱਡੇ ਮਹਿਲ ਉਸਾਰੇ ਜਾਂਦੇ ਹਨ। ਪਰ ਇਕੱਲੇ ਮਹਿਲ ਉਸਾਰ ਕੇ ਵੀ ਨਹੀਂ ਸਰਦਾ ਜੋ ਨਵੇਂ ਜਮਾਨੇ ਅਨੁਸਾਰ ਮਟੀਰੀਅਲ ਲਗਾਇਆ ਜਾਂਦਾ ਹੈ ਉਸ ’ਤੇ ਵੀ ਖਰਚ ਬਹੁਤ ਆਉਂਦਾ ਹੈ। ਕਈ ਵਾਰੀ ਅਜਿਹਾ ਵੀ ਦੇਖਣ ਵਿਚ ਆਉਂਦਾ ਹੈ ਕਿ ਇਕ ਵਾਰੀ ਮਹਿਲ ਉਸਾਰਨਾ ਸ਼ੁਰੂ ਕੀਤਾ ਜਾਂਦਾ ਹੈ ਪਰ ਬਾਅਦ ਦੇ ਵਿਚ ਅਜਿਹੇ ਮਹਿਲ ਕਾਫ਼ੀ ਸਮਾਂ ਵਿਚਕਾਰ ਹੀ ਲਟਕਦੇ ਰਹਿੰਦੇ ਹਨ ਕਿਉਂਕਿ ਜੋ ਮੁਰੰਮਤ ਅਨੁਸਾਰ ਉਮੀਦ ਲਗਾ ਕੇ ਬਜਟ ਰੱਖਿਆ ਹੁੰਦਾ ਹੈ ਕਈ ਵਾਰੀ ਗੱਲ ਉਸ ਤੋਂ ਕਿਤੇ ਅੱਗੇ ਪਹੁੰਚ ਜਾਂਦੀ ਹੈ ਜਿਸ ਕਰਕੇ ਆਖਰੀ ਮੰਜਿਲ ਤੱਕ ਪਹੁੰਚਦੇ-ਪਹੁੰਚਦੇ ਕਾਫ਼ੀ ਸਮਾਂ ਗੁਜ਼ਰ ਜਾਂਦਾ ਹੈ।
ਬਹੁਤੇ ਗਾਇਕਾਂ ਵੱਲੋਂ ਲੱਚਰਤਾ ਨਾਲ-ਨਾਲ ਆਪਣੇ ਗੀਤਾਂ ਵਿਚ ਮਹਿੰਗੀਆਂ ਚੀਜਾਂ ਦਾ ਜਿਕਰ ਕੀਤਾ ਜਾਂਦਾ ਹੈ। ਜਿਸ ਨੂੰ ਦੇਖ ਕੇ ਸਾਡੇ ਅਜੋਕੇ ਪੰਜਾਬੀ ਗੱਲ ਦਿਲ ਤੇ ਲਾ ਜਾਂਦੇ ਹਨ ਅਤੇ ਉਹਨਾਂ ਵੱਲੋਂ ਜਿਨ੍ਹਾਂ ਚੀਜਾਂ ਦਾ ਜ਼ਿਕਰ ਕੀਤਾ ਜਾਂਦਾ ਹੈ। ਉਸੇ ਤਰਜ ’ਤੇ ਖ਼ੁਦ ਮਹਿੰਗੀਆਂ ਚੀਜਾਂ ਖਰੀਦਦੇ ਹਨ ਅਤੇ ਵਾਧੂ ਖਰਚ ਕਰਦੇ ਹਨ। ਬਹੁਤੇ ਤਾਂ ਆਪਣੇ ਸ਼ੌਂਕ ਪੂਰੇ ਕਰਨ ਲਈ ਕਰਨ ਲਈ ਕਰਜਾ ਵੀ ਚੁੱਕਦੇ ਰਹਿੰਦੇ ਹਨ। ਇਸ ਤੋਂ ਇਲਾਵਾ ਇਕ ਸ਼ੌਂਕ ਹੋਰ ਵੀ ਹੈ ਜੋ ਅੱਜ ਕੱਲ੍ਹ ਦੇ ਪੰਜਾਬੀਆਂ ਵਿਚ ਬਹੁਤ ਪਾਇਆ ਜਾ ਰਿਹਾ ਹੈ। ਇਹ ਵੀ ਨਸ਼ਿਆਂ ਵਾਂਗੂੰ ਪੰਜਾਬ ਲਈ ਬੇਹੱਦ ਖ਼ਤਰਨਾਕ ਹੈ ਇਹ ਸ਼ੌਂਕ ਹੈ ਹਥਿਆਰ (ਰਿਵਾਲਰ/ਪਿਸਟਲ) ਰੱਖਣ ਦਾ ਸ਼ੌਂਕ। ਅਜੋਕੇ ਪੰਜਾਬੀ ਡੱਬ ’ਚ ਅਸਲਾ ਰੱਖਣ ਦਾ ਸ਼ੌਂਕ ਜਿਆਦਾ ਪਾਲ ਰਹੇ ਹਨ। ਇਹ ਸ਼ੌਂਕ ਦਾ ਫਾਇਦਾ ਘੱਟ ਅਤੇ ਨੁਕਸਾਨ ਜਿਆਦਾ ਕਰਦਾ ਹੈ, ਕਿਉਂਕਿ ਅੱਜ ਕੱਲ੍ਹ ਲੋਕਾਂ ਵਿਚ ਸ਼ਹਿਣਸ਼ੀਲਤਾ ਦੀ ਬਹੁਤ ਵੱਡੀ ਕਮੀ ਹੈ। ਜਿਸ ਕਰਕੇ ਕਈ ਵਾਰ ਅਜਿਹਾ ਹੁੰਦਾ ਹੈ। ਕਿ ਜੇਕਰ ਕਦੇ ਕਿਸੇ ਨਾਲ ਕੋਈ ਨਿੱਕਾ ਜਿਹਾ ਝਗੜਾ ਹੋ ਜਾਵੇ ਤਾਂ ਇਕਦਮ ਕੋਲ ਰੱਖਿਆ ਅਸਲਾ ਚਲਾ ਦਿੰਦੇ ਹਨ। ਇਸ ਤੋਂ ਇਲਾਵਾ ਇਹ ਹਥਿਆਰ ਵਿਆਹ ਸ਼ਾਦੀਆਂ ਮੌਕੇ ਖੁਸ਼ੀਆਂ ਦੇ ਰੰਗ ਵਿਚ ਭੰਗ ਪਾ ਦਿੰਦੇ ਹਨ ਕਿਉਂਕਿ ਜਦੋਂ ਕੋਈ ਵਿਆਹ ਸ਼ਾਦੀ ਦਾ ਪ੍ਰੋਗਰਾਮ ਹੁੰਦਾ ਹੈ ਤਾਂ ਆਪਣੀ ਹੈਸੀਅਤ ਦਿਖਾਉਣ ਦੇ ਨਾਂਅ ’ਤੇ ਕਿਸੇ ਸ਼ਰਾਬ ਵਰਗੇ ਨਸ਼ੇ ਦਾ ਸੇਵਨ ਕਰਕੇ ਸਟੇਜ ਤੇ ਚਲਦੇ ਗੀਤਾਂ ’ਤੇ ਨੱਚਦੇ-ਨੱਚਦੇ ਜਦੋਂ ਕੋਈ ਹਥਿਆਰਾਂ ਨਾਲ ਸੰਬੰਧਿਤ ਗੀਤ ਚੱਲ ਪੈਂਦਾ ਹੈ, ਤਾਂ ਫਿਰ ਕਈ ਸਖ਼ਸ਼ ਆਪਣੇ ਹਥਿਆਰ ਬਾਹਰ ਕੱਢ ਕੇ ਦਿਖਾਏਬਾਜੀ ਕਰਦੇ ਹਨ ਅਤੇ ਨਸ਼ੇ ਵਿਚ ਧੁੱਤ ਹੋ ਕੇ ਗੋਲੀ ਚਲਾ ਦਿੰਦੇ ਹਨ ਜਿਸ ਨਾਲ ਅਕਸਰ ਜਾਨੀ ਮਾਲੀ ਨੁਕਸਾਨ ਦੀਆਂ ਖ਼ਬਰਾਂ ਅਸੀਂ ਪੜ੍ਹਦੇ ਹੀ ਰਹਿੰਦੇ ਹਾਂ। ਹੁਣ ਲੋਕ ਆਪਣੀ ਪਸੰਦ ਦਾ ਵੀ.ਆਈ.ਪੀ. ਫੈਂਸੀ ਨੰਬਰ ਲੈਣ ਲਈ ਲੱਖਾਂ ਤੋਂ ਕਰੋੜਾਂ ਰੁਪਏ ਲਗਾ ਦਿੰਦੇ ਹਨ। ਪਰ ਇਹ ਆਪਣੀ ਪਸੰਦ ਦਾ ਨੰਬਰ ਜ਼ਰੂਰ ਖਰੀਦਦੇ ਹਨ। ਜਿਸ ਨੂੰ ਦੇਖ ਕੇ ਇਕ ਸਵਾਲ ਜ਼ਰੂਰ ਪੈਦਾ ਹੁੰਦਾ ਹੈ ਕਿ ਇੱਥੇ ਕਿਹੋ ਜਿਹਾ ਸਿਸਟਮ ਹੈ,ਕਿ ਅਤੇ ਕਿਹੋ ਜਿਹਾ ਸਾਡਾ ਮੁਲਕ ਹੈ, ਜਿੱਥੇ ਇਕ ਪਾਸੇ ਇਸ ਤਰ੍ਹਾਂ ਫ਼ੈਂਸੀ ਨੰਬਰ ਲੈਣ ਲਈ ਹੀ ਕਰੋੜਾਂ ਰੁਪਏ ਲਗਾਏ ਜਾਂਦੇ ਹਨ ਅਤੇ ਇਕ ਪਾਸੇ ਉਹ ਲੋਕ ਵੀ ਹਨ, ਜੋ ਦੋ ਡੰਗ ਦੀ ਰੋਟੀ ਤੋਂ ਮੁਥਾਜ ਹਨ ਅਤੇ ਰਹਿਣ ਲਈ ਨਾ ਕੋਈ ਆਪਣੀ ਜਗ੍ਹਾ ਹੈ ਨਾ ਕੋਈ ਮਕਾਨ ਅਤੇ ਭੁੱਖੇ ਪੇਟ ਸੌਣਾ ਪੈਂਦਾ ਹੈ?
ਸੋ ਹੁਣ ਜ਼ਰੂਰਤ ਹੈ ਅਜੋਕੇ ਪੰਜਾਬੀਆਂ ਨੂੰ ਸੋਚਣ ਵਿਚਾਰਨ ਦੀ। ਸਿਰਫ਼ ਸ਼ੌਂਕ ਪੂਰੇ ਕਰਨ ਦੇ ਨਾਮ ’ਤੇ ਆਪਣੀ ਬਰਬਾਦੀ ਨਾ ਕੀਤੀ ਜਾਵੇ, ਕਿਉਂਕਿ ਬਹੁਤ ਲੋਕ ਸੋਚਦੇ ਹਨ, ਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ। ਪਰ ਅਜਿਹਾ ਨਾ ਹੋਵੇ ਕਿ ਸ਼ੌਂਕ ਦਾ ਮੁੱਲ ਨਾਪਦੇ-ਨਾਪਦੇ ਆਪਣੇ ਕੋਲ ਕੁੱਝ ਨਾ ਬਚੇ ਅਤੋ ਮਗਰੋਂ ਸਿਰਫ਼ ਲੋਕਾਂ ਦੇ ਸ਼ੌਂਕ ਵੇਖਣ ਜੋਗੇ ਹੀ ਰਹਿ ਜਾਈਏ। ਹਰੇਕ ਇਨਸਾਨ ਨੂੰ ਆਪਣੀ ਪਹੁੰਚ ਭਾਵ ਜੇਬ ਮੁਤਾਬਕ ਹੀ ਖਰਚ ਕਰਨਾ ਚਾਹੀਦਾ ਹੈ, ਨਾ ਕਿ ਦੂਜਿਆਂ ਦੇ ਮਗਰ ਲੱਗ ਕੇ ਆਪਣਾ ਕੱਚਾ ਢਾਹੁਣਾ ਚਾਹੀਦਾ ਹੈ। ਇਸ ਤੋਂ ਅੱਗੇ ਵਿਆਹ ਵਰਗੇ ਪ੍ਰੋਗਰਾਮਾਂ ਵਿਚ ਫ਼ਜੂਲ ਖਰਚ ਨਹੀਂ ਕਰਨਾ ਚਾਹੀਦਾ ਹੈ, ਕਿਉਂਕਿ ਵਿਆਹਾਂ ਵਿਚ ਕੀਤੇ ਫ਼ਜੂਲ ਖਰਚ ਕਾਰਨ ਸਿਰ ਚੜ੍ਹਿਆ ਕਰਜਾ ਕਈਆਂ ਨੂੰ ਤਾਂ ਆਪਣੀ ਜਮੀਨ,ਜਾਇਦਾਦ ਆਦਿ ਕੇ ਹੀ ਉਤਾਰਨਾ ਪੈਂਦਾ ਹੈ ਅਤੇ ਮਹਿੰਗੇ ਵਹੀਕਲ ਖਰੀਦਣ ਅਤੇ ਵੱਡੇ ਮਹਿਲ(ਵੱਡੇ ਘਰ/ਕੋਠੀਆਂ) ਉਸਾਰਨ ਤੋਂ ਵੀ ਗੁਰੇਜ਼ ਕਰਨਾ ਚਾਹੀਦਾ ਹੈ, ਕਿ ਕਿਸੇ ਸਿਰ ਕੋਈ ਕਰਜਾ ਨਾ ਚੜ੍ਹੇ ਅਤੇ ਆਪਣੀ ਜ਼ਿੰਦਗੀ ਵਧੀਆ ਢੰਗ ਨਾਲ ਬਤੀਤ ਕੀਤੀ ਜਾ ਸਕੇ। ਜਿਨ੍ਹਾਂ ਕੋਲ ਚੰਗੀਆਂ ਜਮੀਨਾਂ ਜਾਇਦਾਦਾਂ ਹਨ। ਉਹ ਬਿਨ੍ਹਾਂ ਲੋੜ ਤੋਂ ਵਾਧੂ ਰੁਪਏ ਖਰਚ ਕਰਨ ਦੀ ਬਿਜਾਏ ਕਿਸੇ ਲੋੜਵੰਦ ਗਰੀਬ ਇਨਸਾਨ ਦੀ ਮਦਦ ਕਰ ਸਕਦੇ ਹਨ ਤਾਂ ਕਿ ਕਿਸੇ ਨੂੰ ਗਰੀਬੀ ਤੋਂ ਛੁਟਕਾਰਾ ਮਿਲ ਜਾਵੇ।

WRITTEN BY