ਬਲਵਿੰਦਰ ਅਜ਼ਾਦ
ਸੰਪਰਕ : 84274-46544
ਪੰਜਾਬ ਦਾ ਸੱਭਿਆਚਾਰ ਅਤੇ ਵਿਰਾਸਤ ਬਹੁਤ ਪੁਰਾਣੀ ਤੇ ਅਣਮੁੱਲੀ ਹੈ। ਪਰ ਅਫ਼ਸੋਸ ਇਸ ਨੂੰ ਸਮੇਂ ਦਾ ਗੇੜ ਕਹਿ ਲਉ ਜਾਂ ਫਿਰ ਸਾਡੀ ਬਦਕਿਸਮਤੀ ਕਿ ਇਸ ਦੀ ਸੰਭਾਲ ਲਈ ਨਾ ਹੀ ਸਾਡੀਆਂ ਸਰਕਾਰਾਂ ਅੱਗੇ ਆ ਰਹੀਆਂ ਹਨ ਨਾ ਹੀ ਅਸੀਂ ਖੁਦ ਯਤਨਸ਼ੀਲ ਹਾਂ। ਅਸੀਂ ਬੜੇ ਹੀ ਤੇਜ਼ੀ ਨਾਲ ਬਦਲ ਰਹੇ ਸੰਸਾਰ ਵਿਚ ਵਿਚਰ ਰਹੇ ਹਾਂ। ਅੱਜ ਤੋਂ ਕੁੱਝ ਦਹਾਕੇ ਪਹਿਲਾਂ ਜ਼ਿੰਦਗੀ ਦੀ ਰਫ਼ਤਾਰ ਏਨ੍ਹੀ ਗਤੀਸ਼ੀਲ ਨਹੀਂ ਸੀ ਜਿੰਨੀ ਕਿ ਮੌਜੂਦਾ ਦੌਰ ਵਿਚ ਹੈ। ਅੱਜ ਕੱਲ੍ਹ ਤਾਂ ਸਵੇਰੇ ਸ਼ਾਮ ਸੜਕਾਂ ਉਪਰ ਲੋਕ ਇੰਝ ਘੁੰਮਦੇ ਦਿਖਾਈ ਦੇ ਰਹੇ ਹਨ। ਜਿਵੇਂ ਕਿ ਆਪਣਾ ਹੀ ਘਰ ਭੁੱਲ ਗਏ ਹੋਣ। ਜੇ ਗੱਲ ਸਾਡੇ ਸੱਭਿਆਚਾਰ ’ਤੇ ਵਿਰਾਸਤ ਦੀ ਕਰੀਏ ਤਾਂ ਅੱਜ ਕੋਈ ਵੀ ਪੱਚੀ ਸਾਲ ਪਹਿਲਾਂ ਵਿਆਹ, ਮੰਗਣਿਆਂ, ਭੋਗ ਅਤੇ ਹੋਰ ਖੁਸ਼ੀ ਜਾਂ ਗ਼ਮੀ ਵਾਲੇ ਪ੍ਰੋਗਰਾਮਾਂ ਵਿਚ ਸਿਰਫ਼ ਲਾਊਡ ਸਪੀਕਰ ਹੀ ਵਰਤਿਆਂ ਜਾਂਦਾ ਸੀ। ਉਸ ਸਮੇਂ ਜਿਆਦਾ ਸ਼ੋਰ-ਸਰਾਬੇ ਵਾਲੇ ਸੰਗੀਤ ਅਤੇ ਕੈਸਟਾਂ ਦਾ ਯੁੱਗ ਨਹੀਂ ਸੀ। ਜਦੋਂ ਪਿੰਡਾਂ ਵਿਚ ਕੋਈ ਵਿਆਹ ਸ਼ਾਦੀ ਜਾਂ ਕੋਈ ਹੋਰ ਧਾਰਮਿਕ ਪ੍ਰੋਗਰਾਮ ਹੁੰਦਾ ਸੀ ਤਾਂ ਲਾਊਡ ਸਪੀਕਰ ਵਾਲੇ ਨੂੰ ਬੁੱਕ ਕੀਤਾ ਜਾਂਦਾ ਸੀ। ਇਕ ਸਮਾਂ ਉਹ ਵੀ ਸੀ ਜਦ ਪੰਜਾਬ ਦੇ ਬਹੁਤੇ ਪਿੰਡਾਂ ਵਿਚ ਪੱਕੇ ਘਰ ਵੀ ਘੱਟ ਹੀ ਨਜ਼ਰ ਆਉਂਦੇ ਸਨ ਉਹਨਾਂ ਸਮਿਆਂ ’ਚ ਪੇਂਡੂ ਖਿੱਤੇ ਵਿਚ ਰਹਿਣ ਵਾਲੀਆਂ ਔਰਤਾਂ ਘਰਾਂ ਉਪਰ ਮਿੱਟੀ ਲਿੱਪ ਕੇ ਬਾਦ ਵਿਚ ਉਸ ਉਪਰ ਪਾਂਡੂ ਦਾ ਪੋਚਾ ਲਗਾ ਦਿੰਦੀਆਂ ਸਨ ਅਤੇ ਇਸੇ ਤਕਨੀਕ ਨੂੰ ਹੀ ਇਹ ਔਰਤਾਂ ਰੋਟੀ ਬਣਾਉਣ ਲਈ ਮਿੱਟੀ ਦੇ ਚੁੱਲ੍ਹੇ ਤੇ ਹਾਰੀ (ਜਿਸ ਵਿਚ ਦੁੱਧ ਰੱਖਿਆ ਜਾਂਦਾ ਹੈ) ਨੂੰ ਹੱਥੀਂ ਤਿਆਰ ਕਰਨ ਸਮੇਂ ਵਰਤਦੀਆਂ ਸਨ। ਜਦੋਂ ਪਿੰਡ ਵਿਚ ਕਿਸੇ ਦੇ ਵਿਆਹ ਸ਼ਾਦੀ ਹੁੰਦੀ ਤਾਂ ਘਰ ਦੀ ਛੱਤ ਉਪਰ ਸੂਤ ਜਾਂ ਵਾਣ ਦੇ ਹੱਥੀਂ ਤਿਆਰ ਕੀਤੇ ਦੋ ਮੰਜੇ ਖੜ੍ਹੇ ਕਰਕੇ ਉਹਨਾਂ ਉਪਰ ਲਾਊਡ ਸਪੀਕਰ ਲਾ ਦਿੱਤਾ ਜਾਂਦਾ ਸੀ। ਮੰਜਿਆਂ ਉਪਰ ਲੱਗਾ ਲਾਊਡ ਸਪੀਕਰ ਜਿੱਥੇ ਹਰ ਪਿੰਡ ਵਾਸੀ ਨੂੰ ਨਜ਼ਰ ਆਉਂਦਾ ਸੀ ਉਥੇ ਹੀ ਸੰਬੰਧਿਤ ਘਰ ਵਿਚ ਵਿਆਹ ਸ਼ਾਦੀ ਹੋਣ ਦਾ ਸੁਨੇਹਾ ਦਿੰਦਾ ਸੀ
। ਵਿਆਹ ਮੌਕੇ ਇਸ ਸਪੀਕਰ ਰਾਹੀਂ ਬੇਲੋੜੇ ਸੰਗੀਤ ਤੋਂ ਮੁਕਤ ਵੱਜਣ ਵਾਲੇ ਸੁਰੀਲੇ ਗੀਤ ਪਿੰਡ ਵਾਸੀਆਂ ਲਈ ਪੈਗ਼ਾਮ ਦਾ ਕੰਮ ਕਰਦੇ ਸਨ। ਜਿਸ ਤੋਂ ਪਿੰਡ ਦੇ ਲੋਕਾਂ ਨੂੰ ਸਹਿਜੇ ਪਤਾ ਲੱਗ ਜਾਂਦਾ ਸੀ, ਕਿ ਬਈ ਅੱਜ ਫਲਾਣੈ ਦੇ ਘਰ ਕਿਸੇ ਦਾ ਮੰਗਣਾ ਜਾਂ ਵਿਆਹ ਹੈ। ਕਈ ਵਾਰ ਤਾਂ ਵਿਆਹ ਵਾਲੇ ਘਰ ਲਾਊਡ ਸਪੀਕਰ ਹਫ਼ਤਾ-ਹਫ਼ਤਾ ਪਹਿਲਾਂ ਹੀ ਵੱਜਣਾ ਸ਼ੁਰੂ ਹੋ ਜਾਂਦਾ ਸੀ।
ਉਸ ਸਮੇਂ ਦੌਰਾਨ ਸਪੀਕਰ ਵਜਾਉਣ ਵਾਲੇ ਕੋਲ ਇਕ ਲੱਕੜ ਦੀ ਸੰਦੂਕੜੀ ਹੁੰਦੀ ਸੀ ਜਿਸ ਉਪਰ ਪਿੱਤਲ ਦੇ ਕੋਕੇ ਲੱਗੇ ਹੁੰਦੇ ਸਨ। ਇਸ ਤੋਂ ਇਲਾਵਾ ਬਹੁਤੇ ਸਪੀਕਰ ਵਾਲੇ ਇਸ ਪੇਟੀ (ਸੰਦੂਕੜੀ) ਨੂੰ ਦੇ ਕੁੰਡੇ ਹੇਠ ਕੋਕਿਆਂ ਜਾਂ ਰੰਗ ਨਾਲ ਆਪਣਾ ਨਾਮ ਪਤਾ ਵੀ ਲਿਖ ਕੇ ਰੱਖਦੇ ਸਨ ਕਿ ਫਲਾਣਾ ਸਿੰਘ ਸਪੀਕਰ ਵਾਲਾ। ਜਿਵੇਂ ਅੱਜ ਕੱਲ੍ਹ ਡੀ.ਜੇ. ਵਾਲੇ ਸਪੀਕਰ ਬਕਸਿਆਂ ਦੇ ਬਾਹਰ ਲਿਖ ਕੇ ਰੱਖਦੇ ਹਨ। ਇਸੇ ਪੇਟੀ ਵਿਚ ਹੀ ਲਾਊਡ ਸਪੀਕਰ ਦਾ ਸਾਰਾ ਸਮਾਨ ਹੁੰਦਾ ਸੀ। ਤਵਿਆਂ ਦੇ ਯੁੱਗ ਵਿਚ ਸਪੀਕਰ ਵਾਲੇ ਦੀ ਟੌਅਰ ਦੇਖਿਆ ਹੀ ਬਣਦੀ ਸੀ। ਹਰ ਵਰਗ ਦੇ ਲੋਕਾਂ ਲਈ ਉਹ ਖਿੱਚ ਦਾ ਕੇਂਦਰ ਹੁੰਦਾ ਸੀ ਅਤੇ ਬੱਚੇ ਵੀ ਉਸ ਦੀ ਮਸ਼ੀਨ (ਗਰਾਮੋਂ ਫ਼ੋਨ) ਦੀਆਂ ਵਰਹੀਆਂ ਸੂਈਆਂ ਚੁੱਕਣ ਦਾ ਪੂਰਾ ਆਨੰਦ ਲੈਂਦੇ ਤੇ ਵਿਆਹ ਵਿਚ ਆਏ ਬਰਾਤੀ ਅਤੇ ਪਿੰਡ ਦੇ ਦੂਸਰੇ ਨੌਜਵਾਨ ਕਰਮਜੀਤ ਧੂਰੀ, ਚਾਂਦੀ ਰਾਮ, ਮੁਹੰਮਦ ਸਦੀਕ,ਬੀਬਾ ਰਣਜੀਤ ਕੌਰ, ਸੁਰਿੰਦਰ ਸਿੰਦਾ, ਦੀਦਾਰ ਸੰਧੂ, ਰੰਗੀਲਾ ਜੱਟ, ਸਰੂਪ ਸਿੰਘ ਸਰੂਪ, ਕੁਲਦੀਪ ਮਾਣਕ, ਜਗਮੋਹਣ ਕੌਰ ਜਿਹੇ ਗਾਇਕਾਂ ਦੇ ਗੀਤ ਸੁਨਣ ਲਈ ਉਸਦੇ ਤਰਲੇ ਕੱਢਦੇ ਜਦਕਿ ਬਜ਼ੁਰਗ ਲੋਕ ਫਾਡੀ ਅਮਰ ਸਿੰਘ ਸ਼ੌਂਕੀ ਦੀਆਂ ਕਲੀਆਂ ਅਤੇ ਯਮਲਾ ਜੱਟ ਦੇ ਗੀਤ ‘‘ਸਤਿਗੁਰ ਤੇਰੀ ਲੀਲਾ ਨਿਆਰੀ ਆ’’ ਜਿਹੇ ਧਾਰਮਿਕ ਗੀਤ ਸੁਨਣ ਨੂੰ ਤਰਜੀਂਹ ਦਿੰਦੇ ਸਨ। ਉਹਨਾਂ ਸਮਿਆਂ ਵਿਚ ਸਪੀਕਰ ਦਾ ਕੰਮ ਕਰਨ ਵਾਲੇ ਬਰਨਾਲਾ ਨਿਵਾਸੀ ਅਮਰਜੀਤ ਸਿੰਘ ਨੇ ਦੱਸਿਆ ਕਿ ਉਸ ਸਮੇਂ ਵਿਆਹ ਸ਼ਾਦੀ ਦੇ ਪ੍ਰੋਗਰਾਮ ਲਈ 30 ਰੁਪਏ ਤੋਂ ਲੈ ਕੇ 50 ਰੁਪਏ ਤੱਕ ਲਏ ਜਾਂਦੇ ਸਨ, ਜਦਕਿ ਆਖੰਠ ਪਾਠ ਦੇ ਭੋਗ ਦੇ ਲਈ 15 ਤੋਂ 20 ਰੁਪਏ ਪ੍ਰਤੀ ਪ੍ਰੋਗਰਾਮ ਦੇ ਲਏ ਜਾਂਦੇ ਸਨ। ਬਰਾਤ ਨਾਲ ਗਏ ਸਪੀਕਰ ਵਾਲੇ ਦੀ ਜਿੱਥੋਂ ਦੋਨੋਂ ਪ੍ਰੀਵਾਰਾਂ ਵੱਲੋਂ ਪੂਰੀ ਖਾਤਰਦਾਰੀ ਕੀਤੀ ਜਾਂਦੀ ਸੀ ਉਥੇ ਹੀ ਲਾੜੇ ਦੇ ਦੋਸਤਾਂ ਵੱਲੋਂ ਆਪਣੀ ਪਸੰਦ ਦਾ ਗੀਤ ਸੁਣਨ ਲਈ ਉਸ ਨੂੰ ਪੈਸੇ ਟਕੇ ਵੀ ਦਿੱਤੇ ਜਾਂਦੇ ਸਨ। ਉਸ ਨੇ ਦੱਸਿਆ ਕਿ ਜਦੋਂ ਬਰਾਤ ਲੜਕੀ ਵਾਲਿਆਂ ਦੇ ਪਿੰਡ ਪਹੁੰਚ ਜਾਂਦੀ ਤਾਂ ਸਪੀਕਰ ਵਾਲੇ ਨੂੰ ਪਹਿਲਾਂ ਤੋਂ ਬਰਾਤ ਦੇ ਬੈਠਣ ਲਈ ਧਰਮਸ਼ਾਲਾ ਭੇਜ ਦਿੱਤਾ ਜਾਂਦਾ ਅਤੇ ਸਪੀਕਰ ਵਾਲਾ ਧਰਮਸ਼ਾਲਾ ਦੀ ਛੱਤ ਉਪਰ ਦੋ ਮੰਜੇ ਜੋੜ ਕੇ ਸਪੀਕਰ ਲਗਾਉਣ ਉਪਰੰਤ ਰਿਕਾਰਡ ਚਾਲੂ ਕਰ ਦਿੰਦਾ। ਜਿਸ ਨਾਲ ਵਿਆਹ ਵਾਲੇ ਘਰ ਵਿਚ ਆਉਣ ਵਾਲੇ ਰਿਸ਼ਤੇਦਾਰਾਂ ਨੂੰ ਕੋਠੇ ਉਪਰ ਲੱਗੇ ਸਪੀਕਰ ਤੋਂ ਪਤਾ ਲੱਗ ਜਾਂਦਾ ਸੀ।
ਪਰ ਵਕਤ ਆਪਣੀ ਤੋਰ ਤੁਰਦਾ ਗਿਆ। ਇਲੈਕਟ੍ਰੋਨਿਕ ਸਾਧਨਾਂ ਵਿਚ ਨਵੇਂ-ਨਵੇਂ ਯੰਤਰ ਈਜਾਦ ਹੋ ਗਏ। ਜਿਸ ਨਾਲ ਕੈਸਟ ਕਲਚਰ ਯੁੱਗ ਦਾ ਆਗਾਜ਼ ਹੋਇਆ। ਕੈਸਟ ਸੱਭਿਆਚਾਰ ਦੇ ਆ ਜਾਣ ਨਾਲ ਪੰਜਾਬੀ ਗਾਇਕੀ ਦਾ ਪਸਾਰਾ ਏਨਾ ਵਧ ਗਿਆ ਕਿ ਘਰ-ਘਰ ਵਿਚ ਸੰਗੀਤ ਦੇ ਸਾਧਨ ਆ ਗਏ। ਆਧੁਨਿਕ ਯੁੱਗ ਨੇ ਹੋਰ ਤਰੱਕੀ ਕੀਤੀ ਟੇਪ ਤੋਂ ਬਾਅਦ ਵੋਕਮੈਨ, ਡੈਕ, ਸੀ.ਡੀ.ਵੀ.ਡੀ. ਤੋਂ ਬਾਅਦ ਹੁਣ ਭਾਰੀ ਸ਼ੋਰ ਪ੍ਰਦੂਸ਼ਣ ਵਾਲੇ ਸੰਗੀਤ ਡੀ.ਜੇ. ਆ ਗਿਆ। ਜਿਸ ਵਿਚ ਮਨੁੱਖੀ ਦਿਮਾਗ ਦੁਆਰਾ ਕੱਢੀ ਗਈ ਕਾਢ (ਚਿੱਪ) ਪੈਨਡਰਾਈਵ ਰਾਹੀਂ ਦਿਨ ਰਾਤ ਹਜ਼ਾਰਾਂ ਗੀਤ ਸੁਣ ਸਕਦਾ ਹੈ। ਪੌਪ ਗਾਇਕੀ ਦੇ ਰੰਗਾਂ ਵਿਚ ਰੰਗੀ ਨਵੀਂ ਪੀੜ੍ਹੀ ਵਿਚ ਕੋਈ ਟਾਵਾਂ ਟੱਲਾ ਹੀ ਹੋਵੇਗਾ ਜੋ ਤਵਿਆਂ ਵਾਲੇ ਗਾਇਕਾਂ ਦੇ ਨਾਵਾਂ ਤੋਂ ਵਾਕਫ਼ ਹੋਵੇਗਾ। ਦੂਸਰੇ ਪਾਸੇ ਅੱਜ ਕੱਲ੍ਹ ਦੇ ਵਿਆਹ ਵੀ ਅਜਿਹੇ ਹੋ ਗਏ ਹਨ ਕਿ ਗੁਆਂਢੀਆਂ ਨੂੰ ਵੀ ਵਿਆਹ ਦਾ ਪਤਾ ਹਫ਼ਤਾ ਪੰਦਰਾਂ ਦਿਨ ਬਾਅਦ ਪਤਾ ਚਲਦਾ ਹੈ। ਪਹਿਲੇ ਸਮਿਆਂ ਵਿਚ ਵਿਆਹ ਤੋਂ ਹਫਤਾ ਪਹਿਲਾਂ ਮੰਜੇ ਬਿਸਤਰੇ ਇਕੱਠੇ ਕੀਤੇ ਜਾਂਦੇ ਸਨ। ਵਿਆਹ ਮੌਕੇ ਬਰਾਤ ਨੂੰ ਦਿੱਤੀ ਜਾਣ ਵਾਲੀ ਮਿਠਾਈ ਸਬਜ਼ੀ ਭਾਜੀ ਸਭ ਕੁੱਝ ਘਰ ਵਿਚ ਤਿਆਰ ਹੁੰਦਾ ਅਤੇ ਇਸ ਕਾਰਜ ਵਿਚ ਲੜਕਾ-ਲੜਕੀ ਪ੍ਰੀਵਾਰ ਨਾਲ ਸੰਬੰਧਿਤ ਉਹਨਾਂ ਦੇ ਗੁਆਂਢੀ ਮਰਦ, ਔਰਤਾਂ ਅਤੇ ਨੌਜਵਾਨ ਤਨੋ-ਮਨੋ ਆਪਣਾ ਸਹਿਯੋਗ ਦਿੰਦੇ ਸਨ। ਵਿਆਹ ਮੌਕੇ ਨਾਨਕਾ ਮੇਲ ਵੱਲੋਂ ਰਾਤ ਸਮੇਂ ਪੂਰੇ ਪਿੰਡ ਵਿਚੋਂ ਦੀ ਜਾਗੋ ਕੱਢੀ ਜਾਂਦੀ। ਕੰਗਣ ਖਿਡਾਉਣ, ਸਟੀਆਂ ਖਿਡਾਉਣ ਆਦਿ ਦੀ ਰਸਮ ਹੁੰਦੀ ਪਰ ਮੈਰਿਜ ਪੈਲਸ ਦੀ ਹੋਂਦ ਨਾਲ ਵਿਆਹ ਦੇ ਅਰਥ ਵੀ ਬਦਲ ਗਏ ਹਨ। ਅੱਜ ਕੱਲ੍ਹ ਦੀ ਗਾਇਕੀ ਤੇ ਸੰਗੀਤ ਤਾਂ ਇੰਝ ਲੱਗਦਾ ਹੈ ਜਿਵੇਂ ਗੀਤ ਸੰਗੀਤ ਦੇ ਨਾਮ ਉਪਰ ਬੰਬ ਸੁੱਟੇ ਜਾ ਰਹੇ ਹੋਣ। ਆਓ ਅਸੀਂ ਸਾਰੇ ਆਪਣੇ ਪੰਜਾਬੀ ਸੱਭਿਆਚਾਰਕ ਵਿਰਸੇ ਨਾਲ ਜੁੜ ਕੇ ਆਪਣੇ ਰੀਤੀ ਰਿਵਾਜਾਂ ਨੂੰ ਮੁੜ ਤੋਂ ਸੁਰਜੀਤ ਕਰੀਏ।


