ਦੋਵੇਂ ਦੇਸ਼ ਸਾਰਕ ਸੰਮੇਲਨ ’ਚ ਉਸਾਰੂ ਗੱਲਬਾਤ ਅਤੇ ਦੂਰ ਰਸ ਸਿੱਟਿਆਂ ਲਈ ਆਸਵੰਦ
ਥਿੰਪੂ, 8 ਨਵੰਬਰ (ਪੀ. ਟੀ. ਲਾਇਵ)- ਭਾਰਤ ਦੇ ਭੁਟਾਨ ਨਾਲ ਸੰਬੰਧਾਂ ਨੂੰ ਮਿਸਾਲੀ ਆਖਦਿਆਂ ਜਿਹੜੇ ਇਕ ਦੂਸਰੇ ਦੀਆਂ ਚਿੰਤਾਵਾਂ ਅਤੇ ਹਿੱਤਾਂ ਦਾ ਖ਼ਿਆਲ ਰੱਖਦੇ ਹਨ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਨੇ ਅੱਜ ਕਿਹਾ ਕਿ ਦੋਵੇਂ ਦੇਸ਼ ਆ ਰਹੇ ਸਾਰਕ ਸੰਮੇਲਨ ਵਿਖੇ ਉਸਾਰੂ ਗੱਲਬਾਤ ਅਤੇ ਦੂਰ ਰਸ ਸਿੱਟਿਆਂ ਵਿਚ ਸਾਂਝੇ ਤੌਰ ’ਤੇ ਯੋਗਦਾਨ ਪਾ ਸਕਦੇ ਹਨ। ਇਥੇ ਇਕ ਕਨਵੈੱਨਸ਼ਨ ਜਿਥੇ ਭੁਟਾਨ ਵਿਚ ਭਾਰਤ ਦੀ ਸਹਾਇਤਾ ਨਾਲ ਕਈ ਪ੍ਰੋਗਰਾਮ ਸ਼ੁਰੂ ਕੀਤੇ ਗਏ ਹਨ, ਨੂੰ ਸੰਬੋਧਨ ਕਰਦਿਆਂ ਸ੍ਰੀ ਮੁਖਰਜੀ ਨੇ ਦੋਵਾਂ ਦੇਸ਼ਾਂ ਨੂੰ ਸੱਦਾ ਦਿੱਤਾ ਕਿ ਦੋਵੇਂ ਦੇਸ਼ ਇਸ ਖੇਤਰ ਨੂੰ ਅੱਗੇ ਲਿਜਾਣ ਅਤੇ ਵਿਸ਼ਵ ਵਿਚ ਸ਼ਾਂਤੀ ਸੁਰੱਖਿਆ ਅਤੇ ਵਿਕਾਸ ਲਈ ਸਾਰਕ ਅੰਦਰ ਆਪਣੀ ਭੂਮਿਕਾ ਨੂੰ ਪੂਰੀ ਸ਼ਿੱਦਤ ਨਾਲ ਨਿਭਾਉਣ।ਆਪਣੀ ਦੋ ਦਿਨਾ ਯਾਤਰਾ ਦੇ ਆਖ਼ਰੀ
ਦਿਨ ਉਨ੍ਹਾਂ ਕਨਵੈੱਨਸ਼ਨ ਕੇਂਦਰ ਵਿਖੇ ਉੱਘੀਆਂ ਸ਼ਖ਼ਸੀਅਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਠਮੰਡੂ ਵਿੱਚ ਆ ਰਿਹਾ ਸਾਰਕ ਸੰਮੇਲਨ ਅਹਿਮ ਮੀਟਿੰਗ ਸਾਬਤ ਹੋਵੇਗਾ ਜਿਸ ਵਿਚ ਭੁਟਾਨ ਅਤੇ ਭਾਰਤ ਉਸਾਰੂ ਗੱਲਬਾਤ ਅਤੇ ਦੂਰ ਰਸ ਨਤੀਜਿਆਂ ’ਚ ਯੋਗਦਾਨ ਪਾਉਣ ਲਈ ਮਿਲ ਕੇ ਕੰਮ ਕਰ ਸਕਦੇ ਹਨ। ਇਸ ਮੌਕੇ ਹੈਦਰਾਬਾਦ ਯੂਨੀਵਰਸਿਟੀ ਅਤੇ ਭੁਟਾਨ ਰਾਇਲ ਯੂਨੀਵਰਸਿਟੀ ਵਿਚਕਾਰ ਇਕ ਸਮਝੌਤੇ ’ਤੇ ਵੀ ਦਸਤਖ਼ਤ ਕੀਤੇ ਗਏ।



