Skip to content
Independent perspectives. Global stories.
BREAKING

ਪੰਜਾਬ ਸਰਕਾਰ ਰਣਜੀਤ ਸਾਗਰ ਡੈਮ ਝੀਲ ਨੂੰ ਸੈਰ ਸਪਾਟਾ ਕੇਂਦਰ ਵਜੋਂ ਵਿਕਸਤ ਕਰੇਗੀ : ਸੁਖਬੀਰ ਸਿੰਘ ਬਾਦਲ

Share this story

ਰਿਜ਼ੋਰਟਸ, ਗੋਲਫ ਕੋਰਸ ਅਤੇ ਵਾਟਰ ਸਪੋਰਟਸ ਬਣਨਗੀਆਂ ਖਿੱਚ ਦਾ ਕੇਂਦਰ

Page3_06 ਜਲੰਧਰ/ਪਠਾਨਕੋਟ, 8 ਨਵੰਬਰ- ਪੰਜਾਬ ਸਰਕਾਰ ਵੱਲੋਂ ਰਣਜੀਤ ਸਾਗਰ ਡੈਮ ਦੀ ਝੀਲ ’ਚ ਸਥਿਤ ਟਾਪੂਆਂ ਨੂੰ ਸੈਰ ਸਪਾਟੇ ਵਜੋਂ ਵਿਕਸਤ ਕਰਨ ਲਈ ਵਿਸ਼ੇਸ਼ ਯੋਜਨਾ ਉਲੀਕੀ ਗਈ ਹੈ ਅਤੇ ਉੱਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਦੇਸ਼ ਦੇ ਨਾਮੀ ਹੋਟਲ ਕਾਰੋਬਾਰੀਆਂ ਤੇ ਨਿਵੇਸ਼ਕਾਂ ਨਾਲ ਇੰਨ੍ਹਾਂ ਟਾਪੂਆਂ ਦਾ ਵਿਸ਼ੇਸ਼ ਦੌਰਾ ਕੀਤਾ। ਰਾਜ ਸਰਕਾਰ ਦੀ ਇੰਨ੍ਹਾਂ ਟਾਪੂਆਂ ’ਤੇ ਪੰਜ ਤਾਰਾ ਹੋਟਲ, ਰਿਜੋਰਟ, ਗੋਲਫ ਰੇਂਜ, ਵਾਟਰ ਸਪੋਰਟਸ, ਮੋਟਰ ਬੋਟਸ ਤੇ ਸ਼ਿਕਾਰੇ ਚਲਾਉਣ ਦੀ ਯੋਜਨਾ ਹੈ।ਸ. ਬਾਦਲ ਨੇ ਦੇਸ਼ ਦੇ ਨਾਮੀ ਹੋਟਲ ਕਾਰੋਬਾਰੀਆਂ ਤੇ ਨਿਵੇਸ਼ਕਾਰਾਂ ਨਾਲ ਸਟੀਮਰ ਬੇੜੇ ਰਾਹੀਂ ਝੀਲ ’ਚ ਸਥਿਤ ਮੁਸ਼ਰਬਾ, ਕਲਾਰਾ ਤੇ ਅਠਾਰਵਾਂ ਟਾਪੂਆਂ ਦਾ ਦੌਰਾ ਕੀਤਾ ਅਤੇ ਸੈਰ ਸਪਾਟੇ ਨੂੰ ਵਿਕਸਤ ਕਰਨ ਦੀਆਂ

ਸੰਭਾਵਨਾਵਾਂ ਦਾ ਪਤਾ ਲਗਾਇਆ। ਇਸ ਮੌਕੇ ਓਬਰਾਏ ਗਰੁੱਪ ਦੇ ਪ੍ਰਧਾਨ ਸ਼੍ਰੀ ਕਿਪਲ ਚੋਪੜਾ, ਆਈ.ਟੀ.ਸੀ. ਹੋਟਲਾਂ ਦੇ ਕਾਰਜਕਾਰੀ ਉੱਪ ਪ੍ਰਧਾਨ ਸ਼੍ਰੀ ਅਰੁਣ ਪਾਠਕ, ਕਾਰਜਕਾਰੀ ਡਾਇਰੈਕਟਰ ਸ਼੍ਰੀ ਮੁਕੁਲ ਅਨੰਦ, ਡੀ.ਐਲ.ਐਫ. ਗਰੁੱਪ ਦੇ ਚੇਅਰਮੈਨ ਮੋਹਿਤ ਗੁਜਰਾਲ, ਡਾਇਰੈਕਟਰ ਰਾਕੇਸ਼ ਕਰਵਲ, ਤਾਜ ਹੋਟਲ ਦੇ ਵਾਈਸ ਪ੍ਰਧਾਨ ਸ਼੍ਰੀ ਡੀ.ਕੇ. ਬੇਰੀ, ਸਟਾਰ ਵੂਡ ਹੋਟਲਾਂ ਤੇ ਰਿਜੋਰਟਸ ਦੇ ਐਮ.ਡੀ ਸ਼੍ਰੀ ਦਲੀਪ ਪੁਰੀ, ਲਲਿਤ ਹੋਟਲਾਂ ਦੇ ਮਿਸਟਰ ਅਸ਼ੀਸ਼ ਗਾਵਰੀ ਅਤੇ ਲੈਮਨ ਟ੍ਰੀ ਹੋਟਲਾਂ ਦੇ ਉੱਪ ਪ੍ਰਧਾਨ ਸ਼੍ਰੀ ਸਾਈਰਸ ਮਦਾਨ ਵੀ ਸ. ਬਾਦਲ ਦੇ ਨਾਲ ਸਨ। ਸ. ਸੁਖਬੀਰ ਸਿੰਘ ਬਾਦਲ ਨੇ ਮੁੱਖ ਸਕੱਤਰ ਸਰਵੇਸ਼ ਕੌਸ਼ਲ ਨੂੰ ਕਿਹਾ ਕਿ ਦੇਸ਼ ਦੇ ਨਾਮੀ ਹੋਟਲ ਮਾਲਕਾਂ ਅਤੇ ਵਿਸ਼ਵ ਵਿਖਿਆਤ ਆਰਟੀਟੈਕਚਰਾਂ ਦੇ ਸਹਿਯੋਗ ਨਾਲ ਜਨਵਰੀ, 2015 ਤੱਕ ਵਿਸ਼ੇਸ਼ ਯੋਜਨਾ ਤਿਆਰ ਕੀਤੀ ਜਾਵੇ ਤਾਂ ਜੋ ਇੰਨ੍ਹਾਂ ਟਾਪੂਆਂ ਨੂੰ ਦੇਸ਼ ਦੇ ਸਭ ਤੋਂ ਖੂਬਸੂਰਤ ਸੈਰ ਸਪਾਟੇ ਸਥਾਨ ਵਜੋਂ ਵਿਕਸਤ ਕੀਤਾ ਜਾ ਸਕੇ।
        ਆਈ.ਟੀ.ਸੀ. ਦੇ ਉੱਪ ਪ੍ਰਧਾਨ ਸ਼੍ਰੀ ਪਾਠਕ ਨੇ ਉੱਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਦੀ ਦੂਰ ਅੰਦੇਸ਼ੀ ਦੀ ਸ਼ਲਾਘਾ ਕਰਦਿਆਂ ਇਸ ਟਾਪੂ ਉੱਪਰ ਹੋਟਲ, ਰਿਜੋਰਟਸ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਬੁਨਿਆਦੀ ਢਾਂਚੇ ਦੇ ਵਿਕਾਸ ਸਬੰਧੀ ਪੁੱਛੇ ਜਾਣ ’ਤੇ ਸ. ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਇੰਨ੍ਹਾਂ ਟਾਪੂ ’ਤੇ ਸੈਰ ਸਪਾਟੇ ਨੂੰ ਵਿਕਸਤ ਕਰਨ ਲਈ ਅਤਿ ਅਧੁਨਿਕ ਬੁਨਿਆਦੀ ਢਾਂਚਾ ਵਿਕਸਤ ਕਰੇਗਾ। ਉਨ੍ਹਾਂ ਕਿਹਾ ਕਿ ਇੰਨ੍ਹਾਂ ਟਾਪੂਆਂ ਤੱਕ ਸਿੱਧਾ ਸੰਪਰਕ ਬਣਾਉਣ ਲਈ ਪਠਾਨਕੋਟ ਏਅਰ ਪੋਰਟ ਤੋਂ ਛੇ ਮਾਰਗੀ ਸੜਕ ਫੰਗੋਤਾ ਤੱਕ ਬਣਾਈ ਜਾਵੇਗੀ। ਇਸ ਤੋਂ ਇਲਾਵਾ 24 ਘੰਟੇ ਨਿਰਵਿਘਨ ਬਿਜਲੀ ਸਪਲਾਈ ਅਤੇ ਹੋਟਲ, ਰਿਜ਼ੋਰਟ ਖੋਲ੍ਹਣ ਲਈ ਇੱਕ ਮਹੀਨੇ ਦੇ ਵਿੱਚ ਸਾਰੀਆਂ ਐਨ.ਓ.ਸੀ. ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੈਰ ਸਪਾਟਾ ਨੀਤੀ ਤਹਿਤ ਪਹਿਲਾਂ ਹੀ ਵੱਡੀ ਰਿਆਇਤਾਂ ਦਾ ਐਲਾਨ ਕਰ ਚੁੱਕੀ ਹੈ ਅਤੇ ਸਰਕਾਰ ਵੱਲੋਂ ਟੈਕਸ ਤੇ ਵੈਟ ਵਿੱਚ ਵੱਡੀ ਰਾਹਤ ਦਿੱਤੀ ਜਾ ਰਹੀ ਹੈ।
        ਸ਼੍ਰੀ ਮੋਹਿਤ ਗੁਜਰਾਲ ਨੇ ਵਾਤਾਵਰਣ ਅਤੇ ਪ੍ਰਦੁਸ਼ਣ ਕਲੀਅਰੈਂਸ ਬਾਰੇ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਸ. ਬਾਦਲ ਨੇ ਦੱਸਿਆ ਕਿ ਰਾਜ ਸਰਕਾਰ ਨੇ ਪਹਿਲਾਂ ਹੀ ਪੰਜਾਬ ਬਿਊਰੋ ਆਫ਼ ਇੰਨਵੈਸਟਮੈਂਟ ਦਾ ਗਠਨ ਕਰਕੇ ਸਾਰੇ ਵਿਭਾਗਾਂ ਨੂੰ ਤੁੰਰਤ ਕਲੀਅਰੈਂਸ ਦੇਣ ਲਈ ਹਦਾਇਤਾਂ ਕੀਤੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਸ਼ਿਵਾਲਕ ਦੀਆਂ ਪਹਾੜੀਆਂ ਵਿੱਚ ਸੈਰ ਸਪਾਟੇ ਨੂੰ ਵਿਕਸਤ ਕਰਨ ਲਈ ਰਾਜ ਸਰਕਾਰ ਵੱਲੋਂ ਸ਼ਿਵਾਲਕ(ਧੋਲਾਧਾਰ) ਟੂਰਿਜ਼ਮ ਬੋਰਡ ਦਾ ਗਠਨ ਕੀਤਾ ਗਿਆ ਹੈ ਅਤੇ ਇਸ ਦੇ ਸੀ.ਈ.ਓ. ਨੂੰ ਪ੍ਰਾਜੈਕਟ ਦੇ ਸਾਰੇ ਡਿਜਾਇਨ, ਨਿਵੇਸ਼ ਅਤੇ ਸਾਰੀਆਂ ਜ਼ਰੂਰੀ ਕਲੀਅਰੈਂਸ ਦੇਣ ਲਈ ਅਧਿਕਾਰਤ ਕੀਤਾ ਹੋਇਆ ਹੈ।
        ਓਬਰਾਏ ਗਰੁੱਪ ਦੇ ਪ੍ਰਧਾਨ ਸ਼੍ਰੀ ਕਿਪਲ ਚੋਪੜਾ ਨੇ ਸ. ਸੁਖਬੀਰ ਸਿੰਘ ਬਾਦਲ ਦੇ ਇਸ ਪ੍ਰਾਜੈਕਟ ਦੀ ਸਰਾਹਨਾ ਕਰਦਿਆਂ ਕਿਹਾ ਕਿ ਸ. ਬਾਦਲ ਦੀਆਂ ਇੰਨ੍ਹਾਂ ਕੋਸ਼ਿਸ਼ਾਂ ਸਦਕਾ ਵੈਸ਼ਨੋਦੇਵੀ, ਡਲਹੌਜੀ ਅਤੇ ਹੋਰ ਪਹਾੜੀ ਸਥਾਨਾਂ ਨੂੰ ਜਾਣ ਵਾਲੇ ਸੈਲਾਨੀਆਂ ਵਾਸਤੇ ਇਹ ਟਾਪੂ ਖਿੱਚ ਦਾ ਕੇਂਦਰ ਹੋਣਗੇ ਅਤੇ ਸ. ਬਾਦਲ ਨੇ ਇੰਨ੍ਹਾਂ ਟਾਪੂਆਂ ਨੂੰ ਸੈਰ ਸਪਾਟੇ ਵਜੋਂ ਵਿਕਸਤ ਕਰਨ ਦਾ ਜੋ ਸੁਪਾਨਾ ਲਿਆ ਹੈ ਉਹ ਜੰਗਲ ਵਿੱਚ ਮੰਗਲ ਦੇ ਬਰਾਬਰ ਹੈ। ਇਸ ਪ੍ਰਾਜੈਕਟ ਲਈ ਬਿਜਲੀ ਸਪਲਾਈ ਬਾਰੇ ਪੁੱਛੇ ਜਾਣ ’ਤੇ ਸ. ਬਾਦਲ ਨੇ ਕਿਹਾ ਕਿ ਪੰਜਾਬ ਬਿਜਲੀ ਦੇ ਖੇਤਰ ਵਿੱਚ ਪਹਿਲਾਂ ਹੀ ਵਧੂ ਬਿਜਲੀ ਵਾਲਾ ਰਾਜ ਹੈ ਅਤੇ ਹੁਣ ਵੱਡੇ ਪੱਧਰ ਸੂਰਜੀ ਊਰਜਾ ਦੇ ਪ੍ਰਾਜੈਕਟ ਵੀ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਾਲਾਂ ’ਚ ਪੰਜਾਬ ਵਿੱਚ ਦੇਸ਼ ਦੇ ਦੂਸਰੇ ਰਾਜਾਂ ਨਾਲੋਂ ਸਸਤੀ ਬਿਜਲੀ ਦਿੱਤੀ ਜਾਵੇਗੀ। ਕਲਾਰਾ ਟਾਪੂ ਉੱਪਰ ਵਿਚਾਰ ਚਰਚਾ ਵਿੱਚ ਭਾਗ ਲੈਂਦਿਆਂ ਮੋਹਿਤ ਗੁਜਰਾਲ ਨੇ ਦੱਸਿਆ ਕਿ ਦੇਸ਼ ਦੇ 40 ਲੱਖ ਸੈਲਾਨੀ ਹਰ ਸਾਲ ਵਿਦੇਸ਼ਾਂ ਵਿੱਚ ਸੈਰ ਸਪਾਟੇ ਲਈ ਜਾਂਦੇ ਹਨ ਅਤੇ ਜੇਕਰ ਆਪਣੇ ਦੇਸ਼ ਵਿੱਚ ਅਜਿਹੇ ਖੂਬਸੂਰਤ ਸਥਾਨਾਂ ਨੂੰ ਵਿਕਸਤ ਕਰ ਲਿਆ ਜਾਵੇ ਤਾਂ ਵੱਡੀ ਗਿਣਤੀ ਵਿੱਚ ਸੈਲਾਨੀ ਇੰਨ੍ਹਾਂ ਸਥਾਨਾਂ ਵੱਲ ਅਕਰਸ਼ਿਤ ਹੋ ਸਕਦੇ ਹਨ।
        ਦੇਸ਼ ਦੇ ਨਾਮੀ ਹੋਟਲ ਕਾਰੋਬਾਰੀਆਂ ਅਤੇ ਨਿਵੇਸ਼ਕਾਰਾਂ ਦਾ ਧੰਨਵਾਦ ਕਰਦਿਆਂ ਲੋਕ ਸਭਾ ਮੈਂਬਰ ਸ਼੍ਰੀ ਵਿਨੋਦ ਖੰਨਾ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਇਸ ਖਿੱਤੇ ਨੂੰ ਸੈਰ ਸਪਾਟੇ ਵਜੋਂ ਵਿਕਸਤ ਕਰਨ ਲਈ ਹਰ ਸੰਭਵ ਸਹਾਇਤਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਫਿਲਮ ਇੰਡਸਟਰੀ ਨੂੰ ਵੀ ਰਣਜੀਤ ਸਾਗਰ ਡੈਮ ਝੀਲ ਅਤੇ ਸ਼ਿਵਾਲਕ ਦੀਆਂ ਇੰਨ੍ਹਾਂ ਖੂਬਸੂਰਤ ਪਹਾੜੀਆਂ ’ਚ ਫਿਲਮਾਂ ਦੀ ਸੂਟਿੰਗ ਕਰਨ ਲਈ ਪ੍ਰੇਰਿਤ ਕੀਤਾ ਜਾਵੇਗਾ।
        ਇਸ ਮੌਕੇ ਹੋਰਨਾਂ ਤੋਂ ਇਲਾਵਾ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਸ਼੍ਰੀ ਦਿਨੇਸ਼ ਸਿੰਘ ਬੱਬੂ, ਮੁੱਖ ਸਕੱਤਰ ਪੰਜਾਬ ਸਰਕਾਰ ਸ਼੍ਰੀ ਸਰਵੇਸ਼ ਕੌਸ਼ਲ, ਉੱਪ ਮੁੱਖ ਮੰਤਰੀ ਪੰਜਾਬ ਦੇ ਪ੍ਰਿੰਸੀਪਲ ਸਕੱਤਰ ਸ਼੍ਰੀ ਪੀ.ਐਸ. ਔਜਲਾ, ਪੀ.ਆਈ.ਡੀ.ਬੀ. ਦੇ ਐਮ.ਡੀ.  ਸ਼੍ਰੀ ਅਰੁਣ ਅਗਰਵਾਲ, ਨਿਵੇਸ਼ ਪ੍ਰੋਤਸਾਹਨ ਸੈਕਟਰੀ ਸ਼੍ਰੀ ਡੀ.ਕੇ. ਤਿਵਾੜੀ, ਡਿਪਟੀ ਕਮਿਸ਼ਨਰ ਸ਼੍ਰੀ ਸੁਖਵਿੰਦਰ ਸਿੰਘ, ਐਸ.ਐਸ.ਪੀ. ਸ਼੍ਰੀ ਰਾਕੇਸ਼ ਕੌਸ਼ਲ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।

WRITTEN BY