ਸੰਗਰੂਰ, 27 ਅਕਤੂਬਰ (ਹਰਜੀਤ ਸਿੰਘ ਹਸਨਪੁਰੀ)- ਜਾਣਕਾਰੀ ਮਿਲੀ ਹੈ ਕਿ ਪੰਜਾਬ ਦੇ ਕਰੀਬ 20 ਲੱਖ ਬਜ਼ੁਰਗਾਂ, ਵਿਧਵਾਵਾਂ ਅਤੇ ਅੰਗਹੀਣਾਂ ਦੀ ਦੀਵਾਲੀ ਫਿੱਕੀ ਰਹੀ ਕਿਉਂਕਿ ਇਹ ਲਾਭਪਾਤਰੀ ਪੰਜ ਮਹੀਨਿਆਂ ਤੋਂ ਪੈਨਸ਼ਨਾਂ ਤੋਂ ਵਾਂਝੇ ਹਨ। ਸਮਾਜਿਕ ਸਿੱਖਿਆ, ਇਸਤਰੀ ਅਤੇ ਬਾਲ ਭਲਾਈ ਵਿਭਾਗ ਦੇ ਸੂਤਰਾਂ ਮੁਤਾਬਕ ਖਜ਼ਾਨਾ ਖਾਲੀ ਹੋਣ ਕਾਰਨ ਇਨ੍ਹਾਂ ਪੈਨਸ਼ਨਰਾਂ ਨੂੰ ਅਪ੍ਰੈਲ ਤੋਂ ਬਾਅਦ ਪੈਨਸ਼ਨ ਨਹੀਂ ਦਿੱਤੀ ਗਈ। ਸਰਕਾਰ ਨੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅਪ੍ਰੈਲ ਤੱਕ ਦੀਆਂ ਪੈਨਸ਼ਨਾਂ ਦਾ ਭੁਗਤਾਨ ਮਾਰਚ ਵਿੱਚ ਕਰ ਦਿੱਤਾ ਸੀ, ਪਰ ਉਸ ਤੋਂ ਬਾਅਦ ਮੁੂੰਹ ਫੇਰ ਲਿਆ। ਵਿਭਾਗ ਵੱਲੋਂ ਮਈ, ਜੂਨ, ਜੁਲਾਈ ਦੀਆਂ ਪੈਨਸ਼ਨਾਂ ਦੇ ਬਿੱਲ ਖਜ਼ਾਨੇ ਨੂੰ ਭੇਜੇ ਗਏ ਸਨ, ਪਰ ਪੈਸਾ ਨਾ ਹੋਣ ਕਾਰਨ ਜਾਰੀ ਨਹੀਂ ਕੀਤੇ ਜਾ ਸਕੇ।
ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇੱਕ ਜਨਹਿੱਤ ਪਟੀਸ਼ਨ ਦਾ ਨਿਪਟਾਰਾ ਕਰਦਿਆਂ ਬਿਰਧਾਂ, ਵਿਧਵਾਵਾਂ ਅਤੇ ਹੋਰ ਲਾਭਪਾਤਰੀਆਂ ਨੂੰ ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਪੈਨਸ਼ਨ ਅਦਾ ਕਰਨ ਦੇ ਨਿਰਦੇਸ਼ ਦਿੱਤੇ ਹੋਏ ਹਨ ਪਰ ਸਰਕਾਰ ਵੱਲੋਂ ਅਦਾਲਤੀ ਹੁਕਮਾਂ ਦੀ ਪਰਵ੍ਹਾ ਨਹੀਂ ਕੀਤੀ ਜਾ ਰਹੀ। ਪੰਜਾਬ ਵਿੱਚ ਬੁਢਾਪਾ ਪੈਨਸ਼ਨਰਾਂ ਦੀ ਗਿਣਤੀ 14 ਲੱਖ 14 ਹਜ਼ਾਰ 801, ਪੈਨਸ਼ਨਰ ਵਿਧਵਾਵਾਂ 305577, ਬੇਸਹਾਰਾ ਬੱਚੇ 126226 ਅਤੇ ਅੰਗਹੀਣਾਂ ਦੀ ਗਿਣਤੀ 149535 ਹੈ। ਇਸ ਤਰ੍ਹਾਂ ਸਰਕਾਰ ਵੱਲੋਂ ਚਾਰਾਂ ਵਰਗਾਂ ਦੇ 19ਲੱਖ 96 ਹਜ਼ਾਰ 139 ਵਿਅਕਤੀਆਂ ਨੂੰ ਹਰ ਮਹੀਨੇ ਪ੍ਰਤੀ ਵਿਅਕਤੀ 250 ਰੁਪਏ ਪੈਨਸ਼ਨ ਦਿੱਤੀ ਜਾਂਦੀ ਹੈ। ਜਦੋਂ ਕਿ ਹਰਿਆਣਾ ਸਰਕਾਰ ਇੱਕ ਹਜ਼ਾਰ ਰੁਪਏ ਹਰ ਮਹੀਨੇ ਪ੍ਰਤੀ ਵਿਅਕਤੀ ਪੈਨਸ਼ਨ ਦਿੰਦੀ ਹੈ। ਸਮਾਜਿਕ ਸੁੱਰਖਿਆ ਵਿਭਾਗ ਵੱਲੋਂ ਖਜ਼ਾਨੇ ਨੂੰ ਪਹਿਲੀ ਮਈ ਫਿਰ ਜੂਨ ਉਸ ਤੋਂ ਬਾਅਦ ਜੁਲਾਈ ਮਹੀਨੇ ਦੀ ਪੈਨਸ਼ਨ ਅਦਾ ਕਰਨ ਲਈ ਬਿੱਲ ਭੇਜਿਆ ਗਿਆ ਇਹਨਾਂ ਮਹੀਨਿਆਂ ਦੀ ਕੁੱਲ ਪੈਨਸ਼ਨ ਕਰੀਬ 150 ਕਰੋੜ ਰੁਪਏ ਬਣਦੀ ਹੈ। ਵਿਭਾਗ ਵੱਲੋ ਅਗਸਤ ਅਤੇ ਸਤੰਬਰ ਮਹੀਨੇ ਦੇ ਬਿੱਲ ਪਹਿਲਾਂ ਹੀ ਨਹੀ ਭੇਜੇ ਗਏ ਕਿਉ ਪਹਿਲਾਂ ਹੀ ਤਿੰਨ ਮਹੀਨਿਆਂ ਦੇ ਬਿੱਲ ਅਟਕੇ ਪਏ ਹਨ। ਇਸ ਤਰ੍ਹਾਂ ਸਰਕਾਰ ਸਿਰ 20 ਲੱਖ ਪੈਨਸ਼ਨਰਾਂ ਦਾ ਲਗਭਗ 2 ਲੱਖ 50 ਕਰੋੜ ਰੁਪਏ ਦਾ ਬਕਾਇਆ ਖੜ੍ਹਾ ਹੈ ਅਕਾਲੀ ਭਾਜਪਾ ਗਠਜੋੜ ਵੱਲੋਂ 2007 ਅਤੇ 2012 ਵਿੱਚ ਸੱਤਾ ਲਾਲਚ ਵਿੱਚ ਗਰੀਬਾਂ ਨਾਲ ਵਾਧਾ ਕੀਤਾ ਗਿਆ ਸੀ ਕਿ ਪੈਨਸ਼ਨ 250 ਰੁਪਏ ਤੋਂ ਵਧਾ ਕੇ 500 ਰੁਪਏ ਮਹੀਨਾ ਕੀਤੀ ਜਾਵੇਗੀ। ਪਰ ਸਰਕਾਰ ਵੱਲੋਂ 250 ਰੁਪਏ ਪੈਨਸ਼ਨ ਦੀ ਕਈ ਕਈ ਮਹੀਨੇ ਅਦਾਇਗੀ ਨਹੀਂ ਕੀਤੀ ਜਾਂਦੀ। ਸਰਕਾਰ ਵੱਲੋਂ 10 ਸਾਲ ਪਹਿਲਾਂ ਪੈਨਸ਼ਨ ਵਿੱਚ 50 ਰੁਪਏ ਦਾ ਵਾਧਾ ਕੀਤਾ ਗਿਆ ਸੀ ਪਰ ਉਸ ਤੋਂ ਬਾਅਦ ਗਰੀਬਾਂ ਦੀ ਸਾਰ ਨਹੀਂ ਲਈ ਗਈ ।ਜ਼ਿਕਰਯੋਗ ਹੈ ਕਿ ਸਰਕਾਰ ਵੱਲੋਂ ਇਹਨਾਂ ਪੈਨਸ਼ਨਰਾਂ ਨੂੰ ਨਿਬਿਗਨ ਜਾਰੀ ਰਖੱਣ ਲਈ (ਸ਼ੋਸ਼ਲ ਡੈਡਿਕੈਟਿਡ ਫੰਡ ) ਕਾਇਮ ਕੀਤਾ ਹੋਇਆ ਹੈ। ਇਹ ਫੰਡ ਸ਼ਹਿਰੀ ਖੇਤਰਾਂ ਵਿੱਚ ਜ਼ਮੀਨਾਂ ਦੀ ਰਜਿਸਟਰੀ ਕਰਾਉਣ ਅਤੇ ਬਿਜਲੀ ਦੀ ਖਪਤ ’ਤੇ ਉਗਰਾਹਿਆਂ ਜਾਂਦਾ ਹੈ ।ਸਰਕਾਰ ਨੂੰ ਪੈਨਸ਼ਨਰਾਂ ਲਈ ਨਿਬਿਗਨ ਪੈਸਾ ਆਉਣ ਦੇ ਬਾਵਜੂਦ ਵੀ ਗਰੀਬਾਂ ਦੀਆਂ ਪੈਨਸ਼ਨਰਾਂ ਰੋਕ ਲਈਆਂ ਜਾਂਦੀਆਂ ਹਨ ਅਤੇ ਹੋਰ ਭੁਗਤਾਨਾਂ ਨੂੰ ਪਹਿਲ ਦਿੱਤੀ ਜਾਂਦੀ ਹੈ । ਸਮਾਜਿਕ ਸੁਰੱਖਿਆ ,ਇਸਤਰੀ ਅਤੇ ਬਾਲ ਭਲਾਈ ਵਿਭਾਗ ਦੇ ਇੱਕ ਜ਼ਿੰਮੇਵਾਰ ਅਧਿਕਾਰੀ ਨੇ ਮੰਨਿਆ ਕਿ ਪੈਨਸ਼ਨਾਂ ਕੋਈ ਤਕੱਨੀਕੀ ਕਾਰਨ ਕਰਕੇ ਨਹੀਂ ਭੇਜੀਆਂ ਜਾ ਰਹੀਆਂ ਇਹਨਾਂ ਪੈਨਸ਼ਨਾਂ ਦਾ ਭੁਗਤਾਨ ਜਲਦੀ ਹੀ ਕੀਤਾ ਜਾਵੇਗਾ। ਜ਼ਿਲ੍ਹਾ ਅਫਸਰ ਸਮਾਜਿਕ ਸੁਰੱਖਿਆ ਭਲਾਈ ਵਿਭਾਗ ਸੰਗਰੂਰ ਦੇ ਦਫਤਰ ਵਿੱਚ ਅੱਜ ਕੁਝ ਬੁੱਢੇ ਵਿਅਕਤੀ ਆਪਣੀ ਪੈਨਸ਼ਨ ਲੈਣ ਲਈ ਹੱਥ ਬੰਨ੍ਹ ਕੇ ਬੇਨਤੀ ਕਰ ਰਹੇ ਸਨ ਉਨ੍ਹਾਂ ਵਿੱਚੋ ਇੱਕ ਬਿਰਧ ਮਾਤਾ ਨੂੰ ਪੁੱਛਿਆ ਤਾਂ ਉਸਨੇ ਕਿਹਾ ਕਿ ਪੁੱਤ ੂਅੱਗਾ ਨੇੜੇ ਪਿੱਛਾ ਦੂਰ ੂ ਪਤਾ ਨਹੀ ਸਾਲ ਜਾਂ ਛੇ ਮਹੀਨੇ ਸਾਡੀ ਉਮਰ ਹੈ ਫਿਰ ਵੀ ਸਰਕਾਰ ਸਾਨੂੰ ਜ਼ਲੀਲ ਕਰਨ ’ਤੇ ਤੁਲੀ ਹੋਈ ਹੈ। ਇਸ ਮਾਤਾ ਦੀ ਫੋਟੋ ਪੰਜਾਬ ਟਾਇਮਜ਼ ਅਖਬਾਰ ਦੇ ਪੱਤਰਕਾਰ ਨੇ ਖਿੱਚ ਲਈ ਜ਼ੋ ਕਿ ਆਪਣੇ ਆਪ ਵਿੱਚ ਇੱਕ ਸਬੂਤ ਹੈ ਕਿ ਬੁਢਿਆਂ ਦੇ ਪ੍ਰਤੀ ਪੰਜਾਬ ਸਰਕਾਰ ਦਾ ਮੋਹ ਭੰਗ ਹੋ ਚੁੱਕਿਆ ਹੈ ਅਤੇ ਰਤਾਂ ਵੀ ਤਰਸ ਇਸ ਪੰਜਾਬ ਸਰਕਾਰ ਨੂੰ ਨਹੀਂ ਆਉਂਦਾ।ਕਾਮਰੇਡ ਸੋਹਣ ਸਿੰਘ ਜਰਨਲ ਸਕੱਤਰ ਕ੍ਰਾਂਤੀਕਾਰੀ ਖੇਤ ਮਜ਼ਦੂਰ ਸਭਾ ਪੰਜਾਬ ਗੁਰਦਿਆਲ ਸਿੰਘ ਸ਼ੀਤਲ ਕੁਦਰਤ ਮਾਨਵ ਕੇਂਦਰਿਤ ਲੋਕ ਲਹਿਰ ਪੰਜਾਬ ਅਤੇ ਹਰਭਗਵਾਨ ਭਿੱਖੀ ਭਾਰਤੀ ਕਮਿਊਨਿਸਟ ਪਾਰਟੀ ਲਿਬਰੈਸ਼ਨ ਨੇ ਮੰਗ ਕੀਤੀ ਹੈ ਕਿ ਪੈਨਸ਼ਨਾਂ 250 ਤੋਂ ਵਧਾ ਕੇ 1000 ਰੁਪਇਆ ਪ੍ਰਤੀ ਵਿਅਕਤੀ ਮਹੀਨਾ ਵਾਧਾ ਕੀਤਾ ਜਾਵੇ ਅਤੇ ਹੁਣ ਤੱਕ ਦੀਆਂ ਪੈਨਸ਼ਨਾਂ ਦੀ ਅਦਾਇਗੀ ਕੀਤੀ ਜਾਵੇ।



