May 27, 2026 4:26 pm

ਬਠਿੰਡਾ ’ਚ ਨੌਜਵਾਨ ਵਿਦਿਆਰਥੀ ਦਾ ਕਤਲ

ਬਠਿੰਡਾ, 25 ਅਕਤੂਬਰ (ਅਗਰੋਈਆ)- ਸਥਾਨਕ ਪ੍ਰਤਾਪ ਨਗਰ ਵਿਖੇ ਬੀਤੀ ਰਾਤ 10 ਵਜੇ ਇੱਕ ਨੌਜਵਾਨ ਵਿਦਿਆਰਥੀ ਵੀਰਪਾਲ ਸਿੰਘ (21) ਦਾ ਸਿਰ ਵਿੱਚ ਲੋਹੇ ਦੀ ਰਾਡ ਮਾਰਕੇ 5 ਨੌਜਵਾਨਾਂ ਨੇ ਉਸ ਦੇ ਘਰ ਦੇ ਨੇੜੇ ਹੀ ਕਤਲ ਕਰ ਦਿੱਤਾ। ਮ੍ਰਿਤਕ ਨੌਜਵਾਨ ਸਥਾਨਕ ਆਈ. ਟੀ. ਆਈ. ਵਿਖੇ ਪਲੰਬਰ ਦਾ ਕੋਰਸ ਕਰ ਰਿਹਾ ਸੀ। ਘਟਨਾ ਦੇ ਬਾਅਦ ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਏ। ਪੁਲਿਸ ਸੂਤਰਾਂ ਅਨੁਸਾਰ ਵੀਰਪਾਲ ਦਾ ਕੁਝ ਦਿਨ ਪਹਿਲਾਂ ਕੁਝ ਨੌਜਵਾਨਾਂ ਨਾਲ ਝਗੜਾ ਹੋਇਆ ਸੀ, ਜਿਸ ਸਬੰਧੀ ਉਨ੍ਹਾਂ ਦਾ ਆਪਿਸ ਵਿਚ ਸਮਝੌਤਾ ਕਰਵਾਇਆ ਗਿਆ ਸੀ, ਪਰ ਦੋਸ਼ੀਆਂ ਨੇ ਮਨ ਵਿਚ ਰੰਜ਼ਿਸ ਕਾਇਮ ਰੱਖੀ, ਜੋ ਕਿ ਇਸ ਦੁਖਾਂਤ ਦਾ ਕਾਰਣ ਬਣੀ। ਪੁਲਸ ਨੇ ਮ੍ਰਿਤਕ ਨੌਜਵਾਨ ਦੇ ਪਰਿਵਾਰ ਮੈਂਬਰਾਂ ਦੀ ਸ਼ਿਕਾਇਤ ’ਤੇ ਮੁਕੱਦਮਾ ਦਰਜ ਕਰਕੇ ਘਟਨਾ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਪਤਾ ਲੱਗਾ ਹੈ ਕਿ ਪਿਛਲੇ ਸ਼ੁੱਕਰਵਾਰ ਦੀ ਰਾਤ ਵੀਰਪਾਲ ਆਪਣੇ ਦੋਸਤ ਮੁਕੇਸ਼ ਦੇ ਘਰ ਪਹੁੰਚਿਆ ਤੇ ਉਹ

ਮਕਾਨ ਦੀ ਛੱਤ ’ਤੇ ਪਟਾਖੇ ਚਲਾ ਰਹੇ ਸਨ, ਇਸ ਦੌਰਾਨ ਤਾਕ ਵਿਚ ਬੈਠੇ ਦੋਸ਼ੀ ਉਸ ਨਾਲ ਉਲਝ ਪਏ ਤੇ ਉਸ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ ਤੇ ਸਿਰ ਵਿਚ ਰਾਡ ਮਾਰਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਉਸ ਨੂੰ ਤੁਰੰਤ ਸਿਵਲ ਹਸਪਤਾਲ ਬਠਿੰਡਾ ਵਿਖੇ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।

Send this to a friend