May 28, 2026 1:37 pm

ਫੰਡ ਵਿਦਿਆਰਥੀਆਂ ਦੇ, ਮੌਜਾਂ ਕਾਲਜ ਪ੍ਰਬੰਧਕਾਂ ਨੂੰ

ਸਰਕਾਰੀ ਕਾਲਜਾਂ ਲਈ ਪੀ ਟੀ ਏ ਫੰਡ ਬਣੇ ਕਾਰੂੰ ਦਾ ਖਜ਼ਾਨਾ
Page-1_27 ਬਰਨਾਲਾ, 17 ਅਕਤੂਬਰ- ਸੂਬੇ ਦੇ ਸਰਕਾਰੀ ਕਾਲਜਾਂ ਲਈ ਪੀ ਟੀ ਏ ਫੰਡ ਕਾਰੂੰ ਦਾ ਖਜ਼ਾਨਾ ਬਣ ਗਏ ਹਨ। ਤਾਹੀਉਂ ਗਰੀਬ ਵਿਦਿਆਰਥੀਆਂ ਵੱਲੋਂ ਦਿੱਤੇ ਇਨ੍ਹਾਂ ਫੰਡਾਂ ਦੀ ਸਰਕਾਰੀ ਕਾਲਜ ਖੁੱਲ੍ਹ ਕੇ ਦੁਰਵਰਤੋਂ ਕਰ ਰਹੇ ਹਨ। ਵਿਦਿਆਰਥੀਆਂ ਦੀ ਭਲਾਈ ਲਈ ਵਰਤੇ ਜਾਣ ਵਾਲੇ ਇਹ ਪੀ ਟੀ ਏ (ਮਾਪੇ ਅਧਿਆਪਕ ਸੰਸਥਾ) ਫੰਡ ਹੁਣ ਕਾਲਜਾਂ ਦੀਆਂ ਲੋੜਾਂ ਤੇ ਸਹੂਲਤਾਂ ਲਈ ਵਰਤੇ ਜਾ ਰਹੇ ਹਨ। ਸੂਚਨਾ ਦੇ ਅਧਿਕਾਰ ਤਹਿਤ ਜੋ ਸੂਚਨਾ ਪੰਜਾਬ ਦੇ 14 ਸਰਕਾਰੀ ਕਾਲਜਾਂ ਵੱਲੋਂ ਭੇਜੀ ਗਈ ਹੈ। ਉਸ ਵਿੱਚ ਲੰਘੇ ਸੱਤ ਵਰ੍ਹਿਆਂ ਵਿੱਚ ਪੀ ਟੀ ਏ ਫੰਡਾਂ ਦੀ ਹੋਈ ਦੁਰਵਰਤੋਂ ਦਾ ਮਾਮਲਾ ਸਾਹਮਣੇ ਆਇਆ ਹੈ। ਪਟਿਆਲਾ ਦੇ ਗੌਰਮਿੰਟ ਕਾਲਜ ਆਫ ਐਜੂਕੇਸ਼ਨ ਵਿੱਚ ਪੀ ਟੀ ਏ ਫੰਡਾਂ ਵਿੱਚੋਂ 26,250 ਰੁਪਏ ਦਾ ਏ ਸੀ, 2.24 ਲੱਖ ਦਾ ਜਨਰੇਟਰ, 14318 ਰੁਪਏ

ਦੀ ਫੈਕਸ ਮਸ਼ੀਨ ਖਰੀਦ ਕੀਤੀ ਗਈ ਹੈ। ਬਿਜਲੀ ਦੀ ਮੁਰੰਮਤ ਅਤੇ ਇਲੈਕਟ੍ਰਿਕ ਖਰੀਦ ’ਤੇ 5.77 ਲੱਖ ਰੁਪਏ ਤੋਂ ਇਲਾਵਾ ਕਾਲਜ ਇਮਾਰਤ ਦੀ ਸਫੈਦੀ ’ਤੇ 2.9 ਲੱਖ ਰੁਪਏ ਖਰਚੇ ਗਏ ਹਨ। ਇਵੇਂ ਹੀ ਇਸ ਕਾਲਜ ਵੱਲੋਂ ਇਨ੍ਹਾਂ ਫੰਡਾਂ ’ਚੋਂ 20,800 ਰੁਪਏ ਦੀ ਘਾਹ ਕੱਟਣ ਵਾਲੀ ਮਸ਼ੀਨ ਦੀ ਖਰੀਦ ਕੀਤੀ ਗਈ ਹੈ। ਸਰਕਾਰੀ ਰਣਬੀਰ ਕਾਲਜ ਸੰਗਰੂਰ ਦੀ ਗੱਲ ਕਰੀਏ ਤਾਂ ਪੀ ਟੀ ਏ ਫੰਡਾਂ ਵਿੱਚੋਂ ਸਾਲ 2007-08 ਵਿੱਚ ਏ ਸੀ ਖਰੀਦੇ ਗਏ ਹਨ। ਇਨ੍ਹਾਂ ਫੰਡਾਂ ਵਿੱਚੋਂ ਗਾਰਡਨ ’ਤੇ 17,352 ਰੁਪਏ ਅਤੇ 74 ਹਜ਼ਾਰ ਰੁਪਏ ਜਨਰੇਟਰ ਦਾ ਕਿਰਾਇਆ ਵੀ ਦਿੱਤਾ ਗਿਆ ਹੈ। ਪੰਜ ਵਰ੍ਹਿਆਂ ’ਚ ਜਨਰੇਟਰ ’ਚ ਡੀਜ਼ਲ ਦਾ ਖਰਚਾ 1.22 ਲੱਖ ਰੁਪਏ ਵੀ ਇਨ੍ਹਾਂ ਫੰਡਾਂ ’ਚੋਂ ਖਰਚ ਕੀਤਾ ਗਿਆ। ਰਿਫਰੈਸ਼ਮੈਂਟ ਅਤੇ ਟੀ ਏ/ ਡੀ ਏ ’ਤੇ 60,364 ਰੁਪਏ ਅਤੇ 17,352 ਰੁਪਏ ਅਦਾਲਤੀ ਖਰਚਾ ਵੀ ਵਿਦਿਆਰਥੀਆਂ ਦੇ ਫੰਡ ’ਚੋਂ ਵਰਤਿਆ ਗਿਆ। ਇਨ੍ਹਾਂ ਫੰਡਾਂ ’ਚੋਂ ਹੀ 41.22 ਲੱਖ ਰੁਪਏ ਤਨਖਾਹਾਂ ਅਤੇ 5.77 ਲੱਖ ਰੁਪਏ ਇਮਾਰਤ ਉਸਾਰੀ ਤੇ ਰੈਨੋਵੇਸ਼ਨ ’ਤੇ ਖਰਚ ਕੀਤੇ ਗਏ ਹਨ। ਇਸ ਕਾਲਜ ’ਚ ਹਰ ਵਰ੍ਹੇ ਕਰੀਬ 20 ਲੱਖ ਰੁਪਏ ਪੀ ਟੀ ਏ ਫੰਡਾਂ ਦੇ ਇਕੱਠੇ ਹੁੰਦੇ ਹਨ। ਕਾਲਜ ਵੱਲੋਂ ਤਾਂ ਮਜ਼ਦੂਰਾਂ ਤੋਂ ਇਲਾਵਾ ਤਬਲਾ ਵਾਦਕ ਨੂੰ ਵੀ ਤਨਖਾਹ ਪੀ ਟੀ ਏ ਫੰਡ ’ਚੋਂ ਕੀਤੀ ਗਈ ਹੈ। ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ ਵਿੱਚ ਪੀ ਟੀ ਏ ਫੰਡਾਂ ’ਚੋਂ 4.23 ਲੱਖ ਰੁਪਏ ਬਿਜਲੀ ਬਿੱਲਾਂ, 77303 ਰੁਪਏ ਟੈਲੀਫੋਨ ਬਿੱਲਾਂ ਅਤੇ 9.35 ਲੱਖ ਰੁਪਏ ਫੁਟਕਲ ਕੰਮਾਂ ’ਤੇ ਖਰਚ ਕੀਤੇ ਗਏ ਹਨ। ਇਸ ਕਾਲਜ ਵਿੱਚ ਔਸਤਨ ਹਰ ਵਰ੍ਹੇ 10 ਲੱਖ ਰੁਪਏ ਪੀ ਟੀ ਏ ਫੰਡ ਇਕੱਠਾ ਹੁੰਦਾ ਹੈ। ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ ਵੱਲੋਂ ਤਾਂ ਸਾਲ 2009-10 ਵਿੱਚ ਪੀ ਟੀ ਏ ਫੰਡਾਂ ’ਚੋਂ ਇੱਕ ਲੱਖ ਰੁਪਏ ਦਾ ਜਨਰੇਟਰ ਖਰੀਦਿਆ ਗਿਆ। ੌਪੌਦਿਆਂ ਗਮਲਿਆਂ ਦੇ 6993 ਰੁਪਏ ਵੀ ਪੀ ਟੀ ਏ ਫੰਡਾਂ ’ਚੋਂ ਖਰਚੇ ਗਏ ਹਨ। ਕਾਲਜ ਵਿੱਚ ਆਈ ਟੀਮ ’ਤੇ ਵੀ 64.82 ਰੁਪਏ ਦਾ ਖਰਚ ਵਿਦਿਆਰਥੀ ਫੰਡਾਂ ’ਚੋਂ ਕੀਤਾ ਗਿਆ। ਇਸੇ ਤਰ੍ਹਾਂ 85 ਹਜ਼ਾਰ ਰੁਪਏ ਦੇ ਕੰਪਿਊਟਰ ਅਤੇ 12,934 ਰੁਪਏ ਅਲਮਾਰੀਆਂ ’ਤੇ ਵੀ ਇਨ੍ਹਾਂ ਫੰਡਾਂ ’ਚੋਂ ਖਰਚ ਕੀਤੇ ਗਏ ਹਨ। ਪਟਿਆਲਾ ਦੇ ਸਰਕਾਰੀ ਬਿਕਰਮ ਕਾਲਜ ਆਫ ਕਾਮਰਸ ਵੱਲੋਂ ਤਾਂ ਨੋਕ ਟੀਮ ’ਤੇ 33013 ਰੁਪਏ ਦਾ ਖਰਚ ਇਨ੍ਹਾਂ ਫੰਡਾਂ ’ਚੋਂ ਕੀਤਾ ਗਿਆ ਤੇ 2.56 ਲੱਖ ਰੁਪਏ ਸਮਾਗਮਾਂ ’ਤੇ ਇਨ੍ਹਾਂ ਫੰਡਾਂ ’ਚੋਂ ਖਰਚੇ ਹਨ। ਬਠਿੰਡਾ ਦੇ ਸਰਕਾਰੀ ਰਜਿੰਦਰਾ ਕਾਲਜ ਵੱਲੋਂ ਕਰੀਬ 25 ਤੋਂ 28 ਲੱਖ ਰੁਪਏ ਹਰ ਵਰ੍ਹੇ ਪੀ ਟੀ ਏ ਫੰਡ ਵਿਦਿਆਰਥੀਆਂ ਤੋਂ ਇਕੱਠਾ ਕੀਤਾ ਜਾਂਦਾ ਹੈ। ਲੰਘੇ ਸੱਤ ਵਰ੍ਹਿਆਂ ’ਚ ਇਸ ਕਾਲਜ ਤਰਫੋਂ ਪੀ ਟੀ ਏ ਫੰਡ ’ਚੋਂ 5.21 ਲੱਖ ਰੁਪਏ ਤਾਂ ਮਨੋਰੰਜਨ, ਫੈਸਟੀਵਲਾਂ ਅਤੇ ਕਲਚਰ ਪ੍ਰੋਗਰਾਮਾਂ ’ਤੇ ਖਰਚ ਕੀਤੇ ਹਨ, ਜਦੋਂ ਕਿ 59.43 ਲੱਖ ਰੁਪਏ ਬਿਲਡਿੰਗ ਉਸਾਰੀ ਤੇ ਰੈਨੋਵੇਸ਼ਨ ’ਤੇ ਖਰਚੇ ਗਏ ਹਨ। ਸਾਲ 2008-9 ਵਿੱਚ ਕਾਲਜ ਕੈਂਪਸ ਵਿੱਚ ਹੋਈ ਸੀ ਏ ਦੀ ਪ੍ਰੀਖਿਆ ਦਾ ਖਰਚਾ 62,532 ਰੁਪਏ ਵੀ ਪੀ ਟੀ ਏ ਫੰਡਾਂ ’ਚੋਂ ਪਾਇਆ ਗਿਆ ਹੈ। ਕਾਲਜਾਂ ਦੀ ਸੁਰੱਖਿਆ ਦਾ ਖਰਚਾ 1.51 ਲੱਖ ਰੁਪਏ ਵੀ ਇਹਨਾਂ ਫੰਡਾਂ ’ਚੋਂ ਕੀਤਾ ਗਿਆ। ਪੀ ਟੀ ਏ ਫੰਡਾਂ ’ਚੋਂ ਹੀ 14,500 ਰੁਪਏ ਦੇ ਫਰਿੱਜ ਦੀ ਖਰੀਦ ਕੀਤੀ ਗਈ ਹੈ। ਸਰਕਾਰੀ ਕਾਲਜ ਹੁਸ਼ਿਆਰਪੁਰ ਵੱਲੋਂ ਤਾਂ ਵਿਦਿਆਰਥੀ ਫੰਡਾਂ ’ਚੋਂ 45.3 ਲੱਖ ਰੁਪਏ ਕਾਲਜ ਦੀ ਇਮਾਰਤ ਉਸਾਰੀ ਤੇ ਰੈਨੋਵੇਸ਼ਨ ’ਤੇ ਖਰਚ ਕੀਤੇ ਗਏ। ਇਸ ਕਾਲਜ ’ਚ 18 ਲੱਖ ਰੁਪਏ ਸਾਲਾਨਾ ਵਿਦਿਆਰਥੀਆਂ ਦੀਆਂ ਜੇਬ੍ਹਾਂ ’ਚੋਂ ਇਕੱਠਾ ਹੁੰਦਾ ਹੈ। ਸਰਕਾਰੀ ਕਾਲਜ ਭੁਲੱਥ ਵੱਲੋਂ ਪੀ ਟੀ ਏ ਫੰਡਾਂ ’ਚੋਂ 21378 ਰੁਪਏ ਪ੍ਰਾਹੁਣਚਾਰੀ ਅਤੇ 46007 ਰੁਪਏ ਟੀ ਏ/ਡੀ ਏ ’ਤੇ ਖਰਚਣ ਤੋਂ ਇਲਾਵਾ 67214 ਰੁਪਏ ਸਮਾਗਮਾਂ ’ਤੇ ਖਰਚੇ ਗਏ ਹਨ। ਸਰਕਾਰੀ ਸ਼ਿਵਾਲਿਕ ਕਾਲਜ ਨਯਾ ਨੰਗਲ ਵੱਲੋਂ 1.44 ਲੱਖ ਰੁਪਏ ਸਮਾਗਮਾਂ 89314 ਰੁਪਏ ਟੀ ਏ/ਡੀ ਏ ’ਤੇ 37665 ਰੁਪਏ ਰਿਫਰੈਸ਼ਮੈਂਟ ’ਤੇ ਖਰਚੇ ਗਏ ਹਨ। ਏਦਾਂ ਦਾ ਹਾਲ ਬਾਕੀ ਕਾਲਜਾਂ ਵਿੱਚ ਹੈ। ਸਰਕਾਰੀ ਕਾਲਜ ਇੱਕ ਤਰ੍ਹਾਂ ਨਾਲ ਪੀ ਟੀ ਏ ਫੰਡਾਂ ਸਹਾਰੇ ਹੀ ਚੱਲ ਰਹੇ ਹਨ। ਦੂਸਰੇ ਕਾਲਜ ਪ੍ਰਬੰਧਕ ਇਸ ਨੂੰ ਮਜਬੂਰੀ ਦੱਸ ਰਹੇ ਹਨ ਕਿ ਸਰਕਾਰ ਵੱਲੋਂ ਤਾਂ ਹੁਣ ਕਾਲਜਾਂ ਨੂੰ ਢੁਕਵਾਂ ਬਜਟ ਭੇਜਿਆ ਹੀ ਨਹੀਂ ਜਾਂਦਾ ਜਿਸ ਕਰਕੇ ਉਹ ਪੀ ਟੀ ਏ ਫੰਡ ਵਰਤਦੇ ਹਨ, ਜਿਨ੍ਹਾਂ ਨੂੰ ਵਿਦਿਆਰਥੀ ਭਲਾਈ ’ਤੇ ਖਰਚ ਕੀਤਾ ਜਾਂਦਾ ਹੈ।
ਅਧਿਆਪਕ ਨਹੀਂ ਕਰਦੇ ਜੇਬ੍ਹ ਢਿੱਲੀ
ਪੀ ਟੀ ਏ ਫੰਡ ਦੀ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਬਰਾਬਰ ਦੀ ਹਿੱਸੇਦਾਰੀ ਹੁੰਦੀ ਹੈ, ਪ੍ਰੰਤੂ ਅਧਿਆਪਕ ਆਪਣਾ ਹਿੱਸਾ ਪਾਉਂਦੇ ਹੀ ਨਹੀਂ ਹਨ। ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ਕੋਟਕਪੂਰਾ ਵੱਲੋਂ ਹਰ ਵਰ੍ਹੇ ਔਸਤਨ 6 ਲੱਖ ਰੁਪਏ ਪੀ ਟੀ ਏ ਫੰਡ ਵਿਦਿਆਰਥੀਆਂ ਤੋਂ ਵਸੂਲ ਕੀਤਾ ਜਾਂਦਾ ਹੈ, ਜਦੋਂ ਕਿ ਅਧਿਆਪਕਾਂ ਵੱਲੋਂ ਸਾਲਾਨਾ ਸਿਰਫ 70 ਰੁਪਏ ਦਾ ਹੀ ਯੋਗਦਾਨ ਪਾਇਆ ਜਾਂਦਾ ਹੈ। ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ ਵੱਲੋਂ ਹਰ ਵਰ੍ਹੇ ਵਿਦਿਆਰਥੀਆਂ ਤੋਂ ਔਸਤਨ 1 ਲੱਖ ਰੁਪਏ ਪੀ ਟੀ ਏ ਵਜੋਂ ਇਕੱਠਆ ਕਰ ਲਿਆ ਜਾਂਦਾ ਹੈ, ਪ੍ਰੰਤੂ ਕਾਲਜ ਦੇ ਅਧਿਆਪਕਾਂ ਵੱਲੋਂ ਕਦੇ ਪੀ ਟੀ ਏ ਫੰਡ ਵਿੱਚ ਕੋਈ ਯੋਗਦਾਨ ਨਹੀਂ ਪਾਇਆ ਗਿਆ। ਨਹਿਰੂ ਕਾਲਜ ਮਾਨਸਾ ਦੇ ਅਧਿਆਪਕਾਂ ਵੱਲੋਂ ਸਾਲ 2009-10 ਅਤੇ ਸਾਲ 2010-11 ਦੌਰਾਨ ਪੀ ਟੀ ਏ ਫੰਡਾਂ ’ਚ ਬਣਦਾ ਹਿੱਸਾ ਨਹੀਂ ਪਾਇਆ ਗਿਆ। ਸਰਕਾਰੀ ਕਾਲਜ ਮੂਨਕ ਦੇ ਕਿਸੇ ਵੀ ਅਧਿਆਪਕ ਵੱਲੋਂ ਪੀ ਟੀ ਏ ਫੰਡ ’ਚ ਕੋਈ ਯੋਗਦਾਨ ਨਹੀਂ ਪਾਇਆ ਗਿਆ ਹੈ। ਸਰਕਾਰੀ ਸ਼ਿਵਾਲਿਕ ਕਾਲਜ ਨਯਾ ਨੰਗਲ ਵੱਲੋਂ ਹਰ ਸਾਲ ਕਰੀਬ 7 ਲੱਖ ਰੁਪਏ ਵਿਦਿਆਰਥੀਆਂ ਤੋਂ ਪੀ ਟੀ ਏ ਫੰਡਾਂ ਵਜੋਂ ਵਸੂਲ ਲਏ ਜਾਂਦੇ ਹਨ, ਪ੍ਰੰਤੂ ਅਧਿਆਪਕਾਂ ਵੱਲੋਂ 3 ਵਰ੍ਹਿਆਂ ਤੋਂ ਪੀ ਟੀ ਏ ਫੰਡ ਵਿੱਚ ਕੋਈ ਹਿੱਸੇਦਾਰੀ ਨਹੀਂ ਪਾਈ ਗਈ। ਸਰਕਾਰੀ ਕਾਲਜ ਹੁਸ਼ਿਆਰਪੁਰ ਦੇ ਅਧਿਆਪਕਾਂ ਨੇ ਲੰਘੇ 7 ਵਰ੍ਹਿਆਂ ਤੋਂ ਸਿਰਫ ਇੱਕ ਸਾਲ ਦੌਰਾਨ ਹੀ ਆਪਣਾ ਬਣਦਾ ਮਾਲੀ ਯੋਗਦਾਨ ਪਾਇਆ। ਸਰਕਾਰੀ ਗੁਰੂ ਨਾਨਕ ਕਾਲਜ ਕਾਲਾ ਅਫਗਾਨਾ (ਗੁਰਦਾਸਪੁਰ) ਦੇ ਅਧਿਆਪਕਾਂ ਵੱਲੋਂ ਸਾਲ 2006 ਤੋਂ ਮਗਰੋਂ ਕੋਈ ਪੀ ਟੀ ਏ ਫੰਡ ਵਿੱਚ ਹਿੱਸਾ ਨਹੀਂ ਪਾਇਆ ਗਿਆ। ਸਰਕਾਰੀ ਰਣਬੀਰ ਕਾਲਜ ਸੰਗਰੂਰ ਦੇ ਅਧਿਆਪਕਾਂ ਵੱਲੋਂ ਪ੍ਰਤੀ ਅਧਿਆਪਕ 100 ਰੁਪਏ ਪੀ ਟੀ ਏ ਫੰਡ ’ਚ ਮਾਲੀ ਯੋਗਦਾਨ ਦਿੱਤਾ ਜਾਂਦਾ ਹੈ, ਜਦੋਂ ਕਿ ਵਿਦਿਆਰਥੀ ਔਸਤਨ ਸਾਲਾਨਾ 20 ਲੱਖ ਰੁਪਏ ਦੇ ਪੀ ਟੀ ਏ ਫੰਡ ਦਿੰਦੇ ਹਨ।

Send this to a friend