ਮਹਾਰਾਸ਼ਟਰ ’ਚ ਪੋਲਿੰਗ ਪਾਰਟੀ ’ਤੇ ਨਕਸਲੀ ਹਮਲਾ
ਚੰਡੀਗੜ੍ਹ/ਮੁੰਬਈ, 15 ਅਕਤੂਬਰ (ਪੀ. ਟੀ. ਲਾਇਵ, ਨਾਗਪਾਲ)- ਹਰਿਆਣਾ ਵਿੱਚ ਨਵੀਂ ਵਿਧਾਨਸਭਾ ਦੇ ਗਠਨ ਲਈ ਅੱਜ ਵੋਟਰਾਂ ਨੇ ਭਾਰੀ ਮਾਤਰਾ ’ਚ ਵੋਟਾਂ ਪਾਈਆਂ। ਮਤਦਾਨ ਸਮਾਪਤ ਹੋਣ ਤੱਕ ਹਰਿਆਣਾ ’ਚ 73 ਫੀਸਦੀ ਜਦਕਿ ਮਹਾਰਾਸ਼ਟਰ ਵਿੱਚ 55 ਫੀਸਦੀ ਵੋਟਾਂ ਪੈਣ ਦੀ ਸੂਚਨਾ ਹੈ। ਮਤਦਾਨ ਦੇ ਬਾਅਦ ਨਕਸਲ ਪ੍ਰਭਾਵਿਤ ਮਹਾਰਾਸ਼ਟਰ ਦੇ ਗੜ੍ਹਚਿਰੋਲੀ ਵਿੱਚ ਪੋਲਿੰਗ ਪਾਰਟੀ ਉਤੇ ਨਕਸਲੀ ਹਮਲਾ ਹੋਇਆ। ਹਰਿਆਣਾ ਵਿੱਚ ਛਿਟਪੁਟ ਘਟਨਾਵਾਂ ਤੋਂ ਇਲਾਵਾ ਵੋਟਾਂ ਪੈਣ ਦਾ ਕੰਮ ਸ਼ਾਂਤੀਪੂਰਨ ਮੁਕੰਮਲ ਹੋਇਆ। ਇਸ ਦੇ ਨਾਲ ਹੀ ਮਹਾਰਾਸ਼ਟਰ ਦੀਆਂ 288 ਅਤੇ ਹਰਿਆਣਾ ਦੀਆਂ 90 ਸੀਟਾਂ ਲਈ ਉਮੀਦਵਾਰਾਂ ਦੀ ਕਿਸਮਤ ਈ ਵੀ ਐੱਮਜ਼ ’ਚ ਬੰਦ ਹੋ ਗਈ ਹੈ। ਹਰਿਆਣਾ ਅਤੇ ਮਹਾਰਾਸ਼ਟਰ ਵਿੱਚ ਲੋਕ ਸਵੇਰ ਤੋਂ ਹੀ
ਵੋਟ ਪਾਉਣ ਲਈ ਕਤਾਰਾਂ ’ਚ ਖੜੇ ਦਿਖਾਈ ਦਿੱਤੇ। ਹਰਿਆਣਾ ਦੇ ਵੋਟਰਾਂ ’ਚ ਵੋਟਾਂ ਪਾਉਣ ਲਈ ਖਾਸ ਉਤਸ਼ਾਹ ਦੇਖਿਆ ਗਿਆ। ਵੋਟਾਂ ਪਾਉਣ ਵਿੱਚ ਔਰਤਾਂ ਨੇ ਵਿਸ਼ੇਸ਼ ਰੁਚੀ ਦਿਖਾਈ। ਇਸ ਮੌਕੇ ਕਈ ਵਧੇਰੇ ਉਮਰ ਦੇ ਬਜ਼ੁਰਗ ਵੀ ਹੋਰਨਾਂ ਦੇ ਆਸਰੇ ਵੋਟ ਪਾਉਣ ਲਈ ਆਉਂਦੇ ਦਿਖਾਈ ਦਿੱਤੇ।
ਮੁੰਬਈ ਵਿਖੇ ਫਿਲਮ ਜਗਤ ਦੀਆਂ ਅਹਿਮ ਹਸਤੀਆਂ ਨੇ ਵੀ ਮਤਦਾਨ ਵਿੱਚ ਹਿੱਸਾ ਲਿਆ। ਇਨ੍ਹਾਂ ਵਿੱਚ ਸਲਮਾਨ ਖਾਨ, ਸ਼ਾਹਰੁਖ ਖਾਨ, ਰਣਬੀਰ ਕਪੂਰ, ਰੇਖਾ ਆਦਿ ਵੀ ਸ਼ਾਮਿਲ ਸਨ। ਸਾਬਕਾ ਕ੍ਰਿਕਟਰ ਅਤੇ ਭਾਰਤ ਰਤਨ ਸਚਿਨ ਤੇਂਦੂਲਕਰ ਨੇ ਵੀ ਮਤਦਾਨ ਕੀਤਾ ਅਤੇ ਲੋਕਾਂ ਨੂੰ ਵੀ ਮਤਦਾਨ ਕਰਨ ਦੀ ਅਪੀਲ ਕੀਤੀ।
ਮਤਦਾਨ ਕਰਨ ਦੇ ਬਾਅਦ ਕੇਂਦਰੀ ਮੰਤਰੀ ਜਾਵੇਡਕਰ ਆਪਣੀ ਪਾਰਟੀ ਦੀ ਜਿੱਤ ਨੂੰ ਲੈ ਕੇ ਕਾਫੀ ਉਤਸ਼ਾਹਿਤ ਦਿੱਖਾਈ ਦਿੱਤੇ। ਉਨ੍ਹਾਂ ਦਾਅਵਾ ਕਰਦਿਆਂ ਕਿਹਾ ਕਿ ਇਸ ਵਾਰ ਮਹਾਰਾਸ਼ਟਰ ਵਿੱਚ ਭਾਜਪਾ ਦੀ ਹੀ ਸਰਕਾਰ ਬਣੇਗੀ। ਦੂਜੇ ਪਾਸੇ ਹਰਿਆਣਾ ਵਿਧਾਨਸਭਾ ਦੇ ਲਈ ਵੀ ਮੁਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਆਪਣੇ ਮਤ ਅਧਿਕਾਰ ਦਾ ਇਸਤੇਮਾਲ ਕੀਤਾ ਅਤੇ ਚਾਹ ਦੀਆਂ ਚੁਸਕੀਆਂ ਦਰਮਿਆਨ ਆਮ ਲੋਕਾਂ ਨਾਲ ਗੱਲਬਾਤ ਵੀ ਕੀਤੀ। ਸਿਰਸਾ ਵਿੱਚ ਮਤਦਾਨ ਦੇ ਦੌਰਾਨ ਭਾਜਪਾ ਤੇ ਭਾਰਤੀ ਰਾਸ਼ਟਰੀ ਲੋਕਦਲ ਸਮਰਥਕਾਂ ਵਿਚਾਲੇ ਝੜਪ ਦੌਰਾਨ ਗੋਲੀ ਚੱਲੀ ਜਿਸ ਵਿੱਚ ਭਾਰਤੀ ਰਾਸ਼ਟਰੀ ਲੋਕ ਦਲ ਇੱਕ ਦਾ ਇੱਕ ਹਿਮਾਇਤੀ ਜ਼ਖਮੀ ਹੋ ਗਿਆ। ਦੋਨਾਂ ਰਾਜਾਂ ਦੀਆਂ ਵਿਧਾਨ ਸਭਾ ਲਈ ਪਈਆਂ ਵੋਟਾਂ ਦੀ ਗਿਣਤੀ 19 ਅਕਤੂਬਰ ਐਤਵਾਰ ਨੂੰ ਹੋਵੇਗੀ।