ਚੰਡੀਗੜ੍ਹ, 15 ਅਕਤੂਬਰ (ਪੀ. ਟੀ.)- ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਪੰਜਾਬ ਰਾਈਸ ਐਕਸਪੋਰਟਰਜ਼ ਐਸੋਸੀਏਸ਼ਨ (ਪੀ.ਆਰ.ਈ.ਏ) ਨੂੰ 1501 ਤੇ 421 ਵਰਗੀਆਂ ਕਿਸਮਾਂ ਵਾਲੀ ਬਾਸਮਤੀ ਦੇ ਮਿਆਰੀ ਬੀਜ ਉਤਪਾਦਨ ਲਈ ਨੇੜਲੇ 8 ਤੋਂ 10 ਪਿੰਡਾਂ ਦਾ ਕਲੱਸਟਰ ਅਪਣਾਇਆ ਲਈ ਆਖਿਆ। ਇਸੇ ਤਰ੍ਹਾਂ ਸ. ਬਾਦਲ ਨੇ ਐਸੋਸੀਏਸ਼ਨ ਨੂੰ ਬਾਸਮਤੀ-386 ਦੀ ਰਵਾਇਤੀ ਕਿਸਮ ਮੁੜ ਸੁਰਜੀਤ ਕਰਨ ਲਈ ਵਿਆਪਕ ਯਤਨ ਕਰਨ ਲਈ ਆਖਿਆ ਕਿਉਂ ਜੋ ਇਸ ਕਿਸਮ ਨੂੰ ਦੁਨੀਆ ਭਰ ਵਿੱਚ ਵਿਲੱਖਣ ਮਹਿਕ ਅਤੇ ਸਵਾਦ ਕਰਕੇ ਜਾਣਿਆ ਜਾਂਦਾ ਹੈ। ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਅੱਜ ਸਵੇਰੇ ਇੱਥੇ ਮੁੱਖ ਮੰਤਰੀ ਨਾਲ ਉਨ੍ਹਾਂ ਦੇ ਦਫ਼ਤਰ ਵਿਖੇ ਮੀਟਿੰਗ ਕੀਤੀ ਜਿਸ ਦੌਰਾਨ ਸ. ਬਾਦਲ ਨੇ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਜ਼ੋਰ ਦੇ ਕੇ ਆਖਿਆ ਕਿ ਇਸ ਕਿਸਾਨ ਪੱਖੀ ਮਸਲੇ ਲਈ ਹਰ ਸੰਭਵ ਸਹਿਯੋਗ ਤੇ ਮਦਦ ਦਾ ਭਰੋਸਾ ਦਿੱਤਾ ਜੋ ਨਾ ਸਿਰਫ਼ ਖੇਤੀ ਵੰਨ-ਸੁਵੰਨਤਾ ਨੂੰ
ਹੁਲਾਰਾ ਦੇਣ ਲਈ ਸੂਬਾ ਸਰਕਾਰ ਲਈ ਸਹਾਈ ਹੋਵੇਗਾ ਸਗੋਂ ਉਨ੍ਹਾਂ ਦੀ ਪੈਦਾਵਾਰ ਦੇ ਲਾਹੇਵੰਦ ਭਾਅ ਨੂੰ ਮਿਲਣਾ ਵੀ ਯਕੀਨੀ ਬਣਾਏਗਾ। ਸ. ਬਾਦਲ ਨੇ ਐਸੋਸੀਏਸ਼ਨ ਦੇ ਨਾਲ ਖੇਤੀਬਾੜੀ ਵਿਭਾਗ ਨੂੰ ਵੀ ਆਖਿਆ ਕਿ ਬਾਸਮਤੀ ਦੇ ਮਿਆਰੀ ਬੀਜ ਦੇ ਉਤਪਾਦਨ ਲਈ ਸਾਂਝੇ ਤੌਰ ’ਤੇ ਯਤਨ ਕੀਤੇ ਜਾਣ ਕਿਉਂ ਜੋ ਇਹ ਕਦਮ ਬਾਸਮਤੀ ਦੀ ਬਰਾਮਦ ਨੂੰ ਹੋਰ ਹੁਲਾਰਾ ਦੇਵੇਗਾ। ਚਾਵਲ ਮਿੱਲ ਮਾਲਕਾਂ ਅਤੇ ਬਰਾਮਦਕਾਰਾਂ ਨੂੰ ਰਿਆਇਤਾਂ ਦੇਣ ਲਈ ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਸ. ਬਾਦਲ ਨੂੰ ਭਰੋਸਾ ਦਿੱਤਾ ਕਿ ਉਹ ਆਉਂਦੇ ਦਿਨਾਂ ਵਿੱਚ ਬਾਸਮਤੀ ਦੀ ਫ਼ਸਲ ਮੰਡੀਆਂ ਵਿੱਚ ਆਉਣ ‘ਤੇ ਪ੍ਰਤੀ ਕੁਇੰਟਲ 3000 ਰੁਪਏ ਤੋਂ ਵੱਧ ਭਾਅ ਮਿਲਣ ’ਤੇ ਕਿਸਾਨਾਂ ਨੂੰ ਵੱਡਾ ਫਾਇਦਾ ਹੋਵੇਗਾ।